ਬਰਨਾਲਾ/ਨਿਹਾਲ ਸਿੰਘ ਵਾਲਾ, 11 ਨਵੰਬਰ (ਕੁਲਦੀਪ ਸੂਦ, ਅਖਿਲੇਸ਼ ਬਾਂਸਲ, ਬਿੰਦਰ ਖੋਟੇ)-ਬਰਨਾਲਾ ਦੇ ਕੋਲ ਟਰੱਕ ਅਤੇ ਕਾਰ ਦੇ ਆਪਸ ਵਿੱਚ ਟਕਰਾਅ ਜਾਣ ਕਾਰਨ ਦੋ ਪਰਿਵਾਰਾਂ ਦੇ ਅੱਠ ਜੀਆਂ ਦੀ ਮੌਤ ਹੋ ਗਈ, ਜਿਨ੍ਹਾਂ ਵਿੱਚ ਤਿੰਨ ਬੱਚੇ, ਦੋ ਔਰਤਾਂ ਸ਼ਾਮਿਲ ਹਨ। ਜਿਕਰਯੋਗ ਹੈ ਕਿ ਦੁਰਘਟਨਾ ਵਿੱਚ ਮਾਰੇ ਗਏ ਸਾਰੇ ਵਿਅਕਤੀ ਇਕ ਕਾਰ ਵਿੱਚ ਸਵਾਰ ਸਨ, ਜੋ ਬਰਨਾਲਾ ਦੇ ਪਿੰਡ ਉਪਲੀ ਵਿਖੇ ਰਹਿਣ ਵਾਲੇ ਆਪਣੇ ਇਕ ਰਿਸ਼ਤੇਦਾਰ ਦੀ ਰਿਟਾਇਰਮੈਂਟ ਪਾਰਟੀ ਤੋਂ ਵਾਪਸ ਜੀਰਾ ਨੇੜੇ ਪੈਂਦੇ ਬਲਟੋਹਾ ਵਿਖੇ ਆਪਣੇ ਘਰ ਜਾ ਰਹੇ ਸਨ। ਟਰੱਕ ਡਰਾਈਵਰ ਘਟਨਾ ਸਥਾਨ ਤੋਂ ਮੌਕੇ ’ਤੇ ਹੀ ਫਰਾਰ ਹੋ ਗਿਆ। ਟਰੱਕ ਡਰਾਇਵਰ ਦੇ ਖਿਲਾਫ਼ ਭਦੌੜ ਪੁਲਿਸ ਵੱਲੋਂ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ।
ਘਟਨਾ ਸਥਾਨ ਤੋਂ ਮਿਲੀ ਜਾਣਕਾਰੀ ਅਨੁਸਾਰ ਜ਼ਿਲ੍ਹਾ ਬਰਨਾਲਾ ਦੇ ਕਸਬਾ ਧਨੌਲਾ ਦੇ ਨੇੜੇ ਪੈਂਦੇ ਪਿੰਡ ਉਪਲੀ ਵਿਖੇ ਬਿਜਲੀ ਵਿਭਾਗ ਤੋਂ ਰਿਟਾਇਰ ਹੋਏ ਧਰਮ ਸਿੰਘ ਦੇ ਘਰ ਉਸ ਦੀ ਰਿਟਾਇਰਮੈਂਟ ਪਾਰਟੀ ਦਾ ਪ੍ਰੋਗਰਾਮ ਰੱਖਿਆ ਗਿਆ ਸੀ, ਇਸ ਪਾਰਟੀ ਵਿੱਚ ਧਰਮ ਸਿੰਘ ਨੇ ਆਪਣੇ ਦੋਸਤਾਂ ਤੇ ਰਿਸ਼ਤੇਦਾਰਾਂ ਨੂੰ ਬੁਲਾਇਆ ਗਿਆ ਸੀ। ਇਸੇ ਪ੍ਰੋਗਰਾਮ ਵਿਚ ਸ਼ਾਮਿਲ ਹੋਣ ਲਈ ਉਸਦੇ ਰਿਸ਼ਤੇਦਾਰ ਹਰਜੀਤ ਸਿੰਘ, ਪਿੰਡ ਬਲਟੋਹਾ ਜ਼ਿਲ•ਾ ਤਰਨਤਾਰਨ ਦੇ ਬੂਟਾ ਸਿੰਘ ਆਪਣੇ ਪਰਿਵਾਰ ਸਮੇਤ ਪਿੰਡ ਉਪਲੀ ਵਿਖੇ ਪ੍ਰੋਗਰਾਮ ਵਿਚ ਸ਼ਾਮਿਲ ਹੋਣ ਲਈ ਪਹੁੰਚੇ ਸਨ। ਸੋਮਵਾਰ ਰਾਤ ਨੂੰ ਪ੍ਰੋਗਰਾਮ ਦਾ ਜਸ਼ਨ ਮਨਾਉਣ ਉਪਰੰਤ ਮੰਗਲਵਾਰ ਸਵੇਰੇ ਕਰੀਬ ਸਵਾ 6 ਵਜੇ ਬੂਟਾ ਸਿੰਘ ਅਤੇ ਹਰਜੀਤ ਸਿੰਘ ਆਪਣੇ ਪਰਿਵਾਰ ਨੂੰ ਲੈ ਕੇ ਇੰਡੀਕਾ ਕਾਰ ਨੰਬਰ ਪੀਬੀ 29 ਈ 1334 ਵਿਚ ਸਵਾਰ ਹੋ ਕੇ ਵਾਪਿਸ ਜਾ ਰਹੇ ਸਨ। ਕਾਰ ਨੂੰ ਬੂਟਾ ਸਿੰਘ ਚਲਾ ਰਿਹਾ ਸੀ। ਜਿਸ ਦੀ ਕਾਰ ਜ਼ਿਲ•ਾ ਬਰਨਾਲਾ ਦੇ ਪਿੰਡ ਰਾਮਗੜ• ਦੇ ਕੋਲ ਪਹੁੰਚੀ ਸੀ ਕਿ ਸਾਹਮਣੇ ਤੋਂ ਆ ਰਹੇ ਤੇਜ਼ ਰਫ਼ਤਾਰ ਜੀਰੀ ਨਾਲ ਭਰੇ ਟਰੱਕ ਨੰਬਰ ਆਰਜੇਜੀਈ 4900 ਨਾਲ ਸਿੱਧੀ ਟੱਕਰ ਹੋ ਗਈ। ਜਿਸ ਵਿੱਚ ਕਾਰ ਸਵਾਰ ਦੋਵਾਂ ਪਰਿਵਾਰਾਂ ਦੇ ਅੱਠਾਂ ਵਿਅਕਤੀਆਂ ਦੀ ਮੌਤ ਹੋ ਗਈ। ਮਰਨ ਵਾਲਿਆਂ ਦੀ ਪਹਿਚਾਣ ਜੀਰਾ ਨਿਵਾਸੀ ਹਰਜੀਤ ਸਿੰਘ (22), ਉਨ•ਾਂ ਦੇ ਪਿਤਾ ਰੂਪ ਸਿੰਘ (50), ਮਾਤਾ ਪਰਮਜੀਤ ਕੌਰ (45) ਅਤੇ ਪਿੰਡ ਬਲਟੋਹਾ ਨਿਵਾਸੀ ਬੂਟਾ ਸਿੰਘ (35), ਪਤਨੀ ਬੇਨਤੀ ਕੌਰ (32), ਤਿੰਨ ਬੱਚੇ ਗੁਰਪ੍ਰੀਤ ਸਿੰਘ (9), ਲਵਪ੍ਰੀਤ ਕੌਰ (11) ਅਤੇ ਜਸ਼ਨਦੀਪ ਸਿੰਘ (6) ਦੇ ਤੌਰ ’ਤੇ ਹੋਈ ਹੈ। ਘਟਨਾ ਦੀ ਖ਼ਬਰ ਮਿਲਦੇ ਹੀ ਘਟਨਾ ਸਥਾਨ ’ਤੇ ਭਦੌੜ, ਟੱਲੇਵਾਲ ਅਤੇ ਸ਼ਹਿਣਾ ਦੇ ਪੁਲਿਸ ਅਧਿਕਾਰੀ ਮੌਕੇ ’ਤੇ ਪਹੁੰਚ ਗਏ। ਮਾਮਲੇ ਦੀ ਜਾਂਚ ਕਰ ਰਹੇ ਏ.ਐਸ.ਆਈ. ਰਣਜੀਤ ਸਿੰਘ ਨੇ ਦੱਸਿਆ ਕਿ ਦੋਸ਼ੀ ਟਰੱਕ ਚਾਲਕ ਘਟਨਾ ਸਥਾਨ ਤੋਂ ਫਰਾਰ ਹੋ ਗਿਆ ਜਿਸ ਦੇ ਖਿਲਾਫ਼ ਮਾਮਲਾ ਦਰਜ ਕਰਦੇ ਹੋਇਆਂ ਇਸ ਹਾਦਸੇ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ।



