ਮਾਨਸਾ, 10 ਨਵੰਬਰ (ਭੁਪਿੰਦਰ ਸਿੰਘ)- ਅਧਿਕਾਰੀਆਂ ਦੀ ਮਿਲੀਭੁਗਤ ਨਾਲ ਸਟੈਨੋ ਤੋਂ ਸੁਪਰਡੈਂਟ ਬਣੇ ਇੱਕ ਕਰਮਚਾਰੀ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਵਿੱਚ ਅਧਿਕਾਰੀ ਨੇ ਕਬੂਤਰ ਨੀਤੀ ਅਪਣਾਈ। ਇਸ ਮਾਮਲੇ ਸਬੰਧੀ ਮੇਜਰ ਸਿੰਘ ਸੀਨੀਅਰ ਸਹਾਇਕ (ਲੇਖਾ) ਜ਼ਿਲ੍ਹਾ ਦਿਹਾਤੀ ਵਿਕਾਸ ਏਜੰਸੀ ਮਾਨਸਾ ਨੇ ਚੇਅਰਮੈਨ ਐਸ ਸੀ ਐਸ ਟੀ ਪੰਜਾਬ ਅਤੇ ਚੇਅਰਮੈਨ ਮਨੁੱਖੀ ਅਧਿਕਾਰ ਕਮਿਸ਼ਨ ਪੰਜਾਬ ਨੂੰ ਲਿਖੇ ਪੱਤਰਾਂ ਵਿੱਚ ਦੱਸਿਆ ਕਿ ਇਸ ਦਫਤਰ ਵਿਖੇ ਬਤੌਰ ਸਟੈਨੋ ਟਾਈਪਿਸਟ ਦੀ ਅਸਾਮੀ ’ਤੇ ਕੰਮ ਕਰਦੇ ਵਿਅਕਤੀ ਨੂੰ ਅਗਸਤ 2004 ਵਿੱਚ ਬਤੌਰ ਸਟੈਨੋਗ੍ਰਾਫਰ ਇਹ ਸ਼ਰਤ ਲਗਾ ਕੇ ਪਦਉਨਤ ਕੀਤਾ ਗਿਆ ਸੀ ਕਿ ਕਰਮਚਾਰੀ ਇੱਕ ਸਾਲ ਦੇ ਅੰਦਰ-ਅੰਦਰ ੰਪੰਜਾਬੀ, ਅੰਗਰੇਜ਼ੀ ਅਤੇ ਸ਼ਾਰਟਹੈਂਡ ਟਾਇਪ ਦਾ ਟੈਸਟ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਪਾਸ ਕਰੇਗਾ, ਪ੍ਰੰਤੂ ਉਕਤ ਕਰਮਚਾਰੀ ਵੱਲੋਂ ਇਸ ਸਮੇਂ ਦੌਰਾਨ ਟੈਸਟ ਪਾਸ ਨਹੀਂ ਕੀਤਾ ਗਿਆ। ਇੱਥੇ ਜ਼ਿਕਰਯੋਗ ਹੈ ਕਿ ਟੈਸਟ ਪਾਸ ਨਾ ਕਰਨ ਦੀ ਸੂਰਤ ਵਿੱਚ ਕਰਮਚਾਰੀ ਨੂੰ ਰਿਵਰਟ ਨਹੀਂ ਕੀਤਾ ਗਿਆ ਤੇ ਨਾ ਹੀ ਕਰਮਚਾਰੀ ਨੂੰ ਟੈਸਟ ਪਾਸ ਕਰਨ ਲਈ ਸਮਾਂ ਵਧਾਇਆ ਗਿਆ। ਇਸ ਤੋਂ ਚਾਰ ਸਾਲ ਬਾਅਦ ਜੂਨ 2008 ਵਿੱਚ ਉਕਤ ਕਰਮਚਾਰੀ ਨੂੰ ਟੈਸਟ ਪਾਸ ਦਿਖਾਇਆ ਗਿਆ ਹੈ। ਪਰ ਇਸ ਕਰਮਚਾਰੀ ਵੱਲੋਂ ਪਾਸ
ਕੀਤਾ ਗਿਆ ਟੈਸਟ ਵੀ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਪਾਸ ਨਹੀਂ ਕੀਤਾ ਗਿਆ। ਬਲਕਿ ਸਰਕਾਰੀ ਹੁਕਮਾਂ ਦੀਆਂ ਧੱਜੀਆਂ ਉਡਾਉਂਦੇ ਹੋਏ ਕੰਪਿਊਟਰ ਰਾਹੀਂ ਪਾਸ ਕੀਤਾ ਗਿਆ। ਇਥੇ ਹੀ ਬੱਸ ਨਹੀਂ ਉਕਤ ਕਰਮਚਾਰੀ ਅਗਸਤ 2004 ਤੋਂ ਨਿਰਧਾਰਤ ਟੈਸਟ ਪਾਸ ਕੀਤੇ ਬਿਨਾਂ ਹੀ ਸਾਲ 2008 ਤੱਕ ਸਟੈਨੋਗ੍ਰਾਫਰ ਦੀ ਤਨਖਾਹ ਵੀ ਲੈਂਦਾ ਰਿਹਾ ਜੋ ਕਿ ਵਿੱਤੀ ਨਿਯਮਾਂ ਦੀ ਉਲੰਘਣਾ ਹੈ। ਮੇਜਰ ਸਿੰਘ ਨੇ ਅੱਗੇ ਦੱਸਿਆ ਕਿ ਇਸ ਅਸਾਮੀ ’ਤੇ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਸੁਪਰਡੈਂਟ ਦੀ ਅਸਾਮੀ ’ਤੇ ਪਦਉਨਤੀ ਲਈ ਸੀਨੀਅਰ ਸਹਾਇਕ (ਲੇਖਾ) ਜਾਂ ਸਟੈਨੋਗ੍ਰਾਫਰ ਦੀ ਅਸਾਮੀ ’ਤੇ ਕੰਮ ਕਰਨ ਲਈ ਘੱਟੋ-ਘੱਟ ਪੰਜ ਸਾਲ ਦਾ ਤਜ਼ੁਰਬਾ ਹੋਣਾ ਚਾਹੀਦਾ ਹੈ, ਪ੍ਰੰਤੂ ਇਹ ਕਰਮਚਾਰੀ ਤਜ਼ੁਰਬਾ ਪੂਰਾ ਨਹੀਂ ਕਰਦਾ ਸਗੋਂ ਸਰਕਾਰ ਦੀਆਂ ਹਦਾਇਤਾਂ ਨੂੰ ਛਿੱਕੇ ਟੰਗ ਕੇ ਸੁਪਰਡੈਂਟ ਦੀ ਅਸਾਮੀ ’ਤੇ ਪਦਉਨਤ ਕਰਨ ਲਈ ਮਿਤੀ 17-10-2011 ਨੂੰ ਹੈ¤ਡਕੁਆਰਟਰ ’ਤੇ ਕੇਸ ਭੇਜ ਦਿੱਤਾ ਗਿਆ ਜੋ ਕਿ ਗਲਤ ਹੈ ਤੇ ਕਰਮਚਾਰੀ ਨੂੰ ਦਸੰਬਰ 2013 ਵਿੱਚ ਸੁਪਰਡੈਂਟ ਦੀ ਅਸਾਮੀ ’ਤੇ ਪਦਉਨਤ ਕਰ ਦਿੱਤਾ ਗਿਆ। ਮੇਜਰ ਸਿੰਘ ਨੇ ਇਹ ਦਸਦਿਆਂ ਸਰਕਾਰ ਤੋਂ ਮੰਗ ਕੀਤੀ ਹੈ ਕਿ ਜਦੋਂ ਮੈਂ ਇਸ ਅਸਾਮੀ ਲਈ ਸਾਰੀਆਂ ਸ਼ਰਤਾਂ ਪੂਰੀਆਂ ਕਰਦਾ ਹਾਂ ਪਰ ਅਧਿਕਾਰੀਆਂ ਨੇ ਉਕਤ ਕਰਮਚਾਰੀ ਨੂੰ ਇਸ ਅਸਾਮੀ ’ਤੇ ਨਿਯੁਕਤ ਕਰ ਦਿੱਤਾ ਹੈ। ਉਨ੍ਹਾਂ ਮੰਗ ਕੀਤੀ ਹੈ ਕਿ ਕਿਸੇ ਨਿਰਪੱਖ ਏਜੰਸੀ ਤੋਂ ਇਸ ਮਸਲੇ ਦੀ ਪੜਤਾਲ ਕਰਵਾ ਕੇ ਮੈਨੂੰ ਇਨਸਾਫ ਦੁਆਇਆ ਜਾਵੇ।



