ਜਿਆਂਗਸੂ ਪੁੱਜਣ ’ਤੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਦਾ ਨਿੱਘਾ ਸਵਾਗਤ
ਜਲੰਧਰ/ਚੰਡੀਗੜ੍ਹ, 10 ਨਵੰਬਰ- ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਦੇ ਨਿੱਜੀ ਉ¤ਦਮਾਂ ਸਦਕਾ ਚੀਨ ਦੇ ਜਿਆਂਗਸੂ ਸੂਬੇ ਨੇ ਪੰਜਾਬ ਵਿੱਚ ਦਰਿਆਈ ਮੱਛੀ ਪਾਲਣ ਨੂੰ ਉਤਸ਼ਾਹਿਤ ਕਰਨ ਲਈ ਸੂਬੇ ਨਾਲ ਸਾਂਝਾ ਸੂਬਾਈ ਪ੍ਰਾਜੈਕਟ’ ਆਰੰਭਣ ਲਈ ਸਿਧਾਂਤਕ ਸਹਿਮਤੀ ਦੇ ਦਿੱਤੀ ਹੈ। ਮੱਛੀ ਪਾਲਣ ਦੇ ਕਿੱਤੇ ਨੂੰ ਹੁਲਾਰਾ ਦੇਣਾ ਸੂਬਾ ਸਰਕਾਰ ਦੇ ਫਸਲੀ ਵਿਭਿੰਨਤਾ ਪ੍ਰੋਗਰਾਮ ਦਾ ਹੀ ਇਕ ਹਿੱਸਾ ਹੈ। ਪੰਜਾਬ ਦੇ ਮੁੱਖ ਮੰਤਰੀ ਨੇ ਜਿਆਂਗਸੂ ਦੇ ਗੌਰਮਿੰਟ ਪ੍ਰੋਵੀਨਸਲ ਹਾਲ ਵਿਖੇ ਜਿਆਂਗਜੂ ਸੂਬੇ ਦੇ ਗਵਰਨਰ ਸ੍ਰੀ ਲੀ. ਯੂਇਯੋਂਗ ਨਾਲ ਮੁਲਾਕਾਤ ਕਰਕੇ ਭਾਰਤ ਤੇ ਚੀਨ ਦਰਮਿਆਨ ਹਰੇਕ ਖੇਤਰ ਵਿੱਚ ਪੁਰਾਣੇ ਰਿਸ਼ਤਿਆਂ ਨੂੰ ਚੇਤੇ ਕੀਤਾ। ਉਨ੍ਹਾਂ ਨੇ ਗਵਰਨਰ ਨੂੰ ਦੱਸਿਆ ਕਿ
ਪੰਜਾਬ ਇਕ ਅਗਾਂਹਵਧੂ ਸੂਬਾ ਹੈ ਜਿੱਥੇ ਦਰਿਆਈ ਮੱਛੀ ਪਾਲਣ ਦੀ ਅਥਾਹ ਸਮਰਥਾ ਹੈ ਕਿਉਂ ਜੋ ਇੱਥੋਂ ਦੀ ਜ਼ਮੀਨ ਵੀ ਜਿਆਂਗਸੂ ਸੂਬੇ ਵਰਗੀ ਹੀ ਹੈ। ਪੰਜਾਬ ਸਰਕਾਰ ਦੇ ਫਸਲੀ ਵੰਨ-ਸੁਵੰਨਤਾ ਪ੍ਰੋਗਰਾਮ ਬਾਰੇ ਚਾਨਣਾ ਪਾਉਂਦਿਆਂ ਸ. ਬਾਦਲ ਨੇ ਦੱਸਿਆ ਕਿ ਸੂਬਾ ਸਰਕਾਰ ਵੱਧ ਤੋਂ ਵੱਧ ਕਿਸਾਨਾਂ ਨੂੰ ਮੱਛੀ ਪਾਲਣ ਦੇ ਕਿੱਤੇ ਨਾਲ ਜੋੜਨਾ ਚਾਹੁੰਦੀ ਹੈ ਤਾਂ ਕਿ ਮੌਜੂਦਾ ਖੇਤੀ ਸੰਕਟ ’ਚੋਂ ਕਿਸਾਨਾਂ ਨੂੰ ਬਾਹਰ ਕੱਢਿਆ ਜਾ ਸਕੇ। ਮੁੱਖ ਮੰਤਰੀ ਨੇ ਸ੍ਰੀ ਯੂਇਯੋਂਗ ਨੂੰ ਦੱਸਿਆ ਕਿ ਮੌਜੂਦਾ ਸਮੇਂ ਪੰਜਾਬ ਵਿੱਚ ਪ੍ਰਤੀ ਹੈਕਟੇਅਰ ਛੇ ਟਨ ਮੱਛੀ ਉਤਪਾਦਨ ਹੁੰਦਾ ਹੈ ਜਦਕਿ ਸੂਬਾ ਸਰਕਾਰ ਅਗਲੇ ਤਿੰਨ ਸਾਲਾਂ ਵਿੱਚ ਇਹ ਉਤਪਾਦਨ ਦੁੱਗਣਾ ਕਰਨ ਦੀ ਚਾਹਵਾਨ ਹੈ। ਇਸ ਦੌਰਾਨ ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਇਸ ਸਮੇਂ ਦੌਰਾਨ ਹੀ ਮੱਛੀ ਪਾਲਣ ਹੇਠ 14400 ਹੈਕਟੇਅਰ ਰਕਬੇ ਨੂੰ ਦੁੱਗਣੀ ਕਰਨਾ ਚਾਹੁੰਦੀ ਹੈ। ਸ. ਬਾਦਲ ਨੇ ਕਿਹਾ ਕਿ ਇਸ ਵੇਲੇ ਸੂਬੇ ਵਿੱਚ 21 ਹੈਚਰੀਆਂ ਹਨ ਜਿੱਥੇ ਮੱਛੀ ਪੂੰਗ ਦਾ 222 ਮਿਲੀਅਨ ਉਤਪਾਦਨ ਹੁੰਦਾ ਹੈ ਜਿਸ ਨੂੰ ਅਗਲੇ ਤਿੰਨ ਸਾਲਾਂ ਵਿੱਚ 900 ਮਿਲੀਅਨ ਤੱਕ ਵਧਾਇਆ ਜਾ ਸਕਦਾ ਹੈ। ਮੱਛੀ ਪਾਲਣ ਨੂੰ ਉਤਸ਼ਾਹਤ ਕਰਨ ਲਈ ਜਿਆਂਗਸੂ ਸਰਕਾਰ ਦੇ ਸਹਿਯੋਗ ਦੀ ਮੰਗ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਸ ਵੇਲੇ ਮੱਛੀ ਫਾਰਮ ਤੋਂ ਪ੍ਰਤੀ ਹੈਕਟੇਅਰ 100-150 ਕਿਲੋਗ੍ਰਾਮ ਦਾ ਉਤਪਾਦਨ ਹੁੰਦਾ ਹੈ ਜੋ ਕਿ ਬਹੁਤ ਘੱਟ ਹੈ ਪਰ ਜਿਆਂਗਸੂ ਪ੍ਰਾਂਤ ਦੀ ਮੁਹਾਰਤ ਤੇ ਸਹਿਯੋਗ ਸਦਕਾ ਇਸ ਨੂੰ ਚਾਰ ਗੁਣਾ ਤੱਕ ਵਧਾਇਆ ਜਾ ਸਕਦਾ ਹੈ। ਉਨ੍ਹਾਂ ਨੇ ਸ੍ਰੀ ਯੂਇਯੋਂਗ ਨੂੰ ਪੰਜਾਬ ਵਿੱਚ ਆਪਣੇ ਮਾਹਿਰ ਭੇਜਣ ਲਈ ਆਖਿਆ ਤਾਂ ਕਿ ਪੰਜਾਬੀ ਮੱਛੀ ਪਾਲਕਾਂ ਨੂੰ ਆਧੁਨਿਕ ਤਕਨੀਕਾਂ ਬਾਰੇ ਜਾਣੂੰ ਕਰਵਾਇਆ ਜਾ ਸਕੇ। ਮੁੱਖ ਮੰਤਰੀ ਵੱਲੋਂ ਉਠਾਏ ਮਾਮਲਿਆਂ ਪ੍ਰਤੀ ਹੁੰਗਾਰਾ ਭਰਦਿਆਂ ਸ੍ਰੀ ਯੂਇਯੋਂਗ ਨੇ ਪੰਜਾਬ ਨੂੰ ਹਰ ਪੱਧਰ ਦੀ ਸਹਾਇਤਾ ਤੇ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਜਿਆਂਗਸੂ ਦੇ ਗਵਰਨਰ ਨੇ ਆਖਿਆ ਕਿ ਉਨ੍ਹਾਂ ਨੂੰ ਪੂਰਾ ਭਰੋਸਾ ਹੈ ਕਿ ਸ. ਬਾਦਲ ਦੀ ਯੋਗ ਅਗਵਾਈ ਵਿੱਚ ਦੋਵੇਂ ਸੂਬੇ ਵੱਡੀਆਂ ਸੰਭਾਵਨਾਵਾਂ ਨਾਲ ਅੱਗੇ ਵਧ ਸਕਦੇ ਹਨ। ਉਨ੍ਹਾਂ ਨੇ ਜਿਆਂਗਸੂ ਓਸੀਅਨਿਕ ਐਂਡ ਫਿਸ਼ਰੀ ਬਿਊਰੋ ਦੇ ਡਾਇਰੈਕਟਰ ਜਨਰਲ ਸ੍ਰੀ ਤਾਂਗ ਜਿਆਨਮਿੰਗ ਅਤੇ ਜਿਆਂਗਸੂ ਅਕੈਡਮੀ ਆਫ ਐਗਰੀ ਸਾਇੰਸ ਦੇ ਮੁਖੀ ਸ੍ਰੀ ਜ਼ੀ. ਜ਼ਹੋਨਗਈ ਨੂੰ ਆਖਿਆ ਕਿ ਇਸ ਸਬੰਧ ਵਿੱਚ ਦੋਵਾਂ ਸੂਬਿਆਂ ਦੀ ਭਾਈਵਾਲੀ ਨੂੰ ਯਕੀਨੀ ਬਣਾਉਣ। ਉਨ੍ਹਾਂ ਨੇ ਸ. ਬਾਦਲ ਨੂੰ ਭਰੋਸਾ ਦਿੱਤਾ ਕਿ ਇਸ ਪ੍ਰਾਜੈਕਟਾਂ ਲਈ ਅੰਤਰ-ਵਿਭਾਗੀ ਵਿਸ਼ਵਾਸ ਦੀ ਕਾਇਮੀ ਉਪਰੰਤ ਉਹ ਖੁਦ ਪੰਜਾਬ ਦਾ ਦੌਰਾ ਕਰਨਗੇ। ਇਸ ਤੋਂ ਪਹਿਲਾਂ ਜਿਆਂਗਸੂ ਸੂਬੇ ਵਿੱਚ ਪਹੁੰਚਣ ’ਤੇ ਮੁੱਖ ਮੰਤਰੀ ਦਾ ਨਿੱਘਾ ਸਵਾਗਤ ਕੀਤਾ ਗਿਆ। ਮੁੱਖ ਮੰਤਰੀ ਦੀ ਅਗਵਾਈ ਵਿੱਚ ਗਏ ਵਫ਼ਦ ’ਚ ਅਗਾਂਹਵਧੂ ਮੱਛੀ ਪਾਲਕਾਂ ਵਿੱਚ ਪਿੰਡ ਸ੍ਰੀ ਗੁਰਜਤਿੰਦਰ ਸਿੰਘ ਵਿਰਕ ਪਿੰਡ ਕੰਧੋਲਾ (ਰੂਪਨਗਰ), ਸ੍ਰੀ ਮਨਵਿੰਦਰ ਸਿੰਘ ਪਿੰਡ ਝੁਰੜ (ਸ੍ਰੀ ਮੁਕਤਸਰ ਸਾਹਿਬ), ਸ੍ਰੀ ਹਰਿੰਦਰਪਾਲ ਸਿੰਘ ਬਾਜਵਾ ਪਿੰਡ ਵੜਿੰਗ (ਤਰਨ ਤਾਰਨ), ਸ੍ਰੀ ਬੀਰਇੰਦਰ ਸਿੰਘ ਗੁਰੋਂ (ਮੱਛੀ ਫਾਰਮ ਝਕਰੌਦੀ, ਸਮਰਾਲਾ), ਸ੍ਰੀ ਖੁਸ਼ਵੰਤ ਸਿੰਘ ਪਿੰਡ ਚੰਗਾਲ (ਹੁਸ਼ਿਆਰਪੁਰ), ਸ੍ਰੀ ਅਭੀਜਿੰਦਰ ਸਿੰਘ ਪਿੰਡ ਨਾਨੋਕੀ (ਪਟਿਆਲਾ), ਸ੍ਰੀ ਅਜ਼ਾਦਵਿੰਦਰ ਸਿੰਘ ਪਿੰਡ ਕੰਧੋਲਾ (ਰੂਪਨਗਰ) ਅਤੇ ਸ੍ਰੀ ਪਰਮਜੀਤ ਸਿੰਘ ਭੁੱਲਰ ਪਿੰਡ ਨਾਗਰਾ (ਸੰਗਰੂਰ) ਸ਼ਾਮਲ ਹਨ।ਇਨ੍ਹਾਂ ਤੋਂ ਇਲਾਵਾ ਮੁੱਖ ਮੰਤਰੀ ਦੇ ਵਿਸ਼ੇਸ਼ ਪ੍ਰਮੁੱਖ ਸਕੱਤਰ ਸ੍ਰੀ ਕੇ.ਜੇ.ਐਸ. ਚੀਮਾ, ਸਹਾਇਕ ਨਿਰਦੇਸ਼ਕ ਮੱਛੀ ਪਾਲਣ ਕਪੂਰਥਲਾ ਸ੍ਰੀ ਰਾਜ ਕੁਮਾਰ, ਮੱਛੀ ਪਾਲਣ ਮਾਹਿਰ ਸ੍ਰੀ ਕਾਲੇਕੱਟੂ ਗੋਪਾਲਾਪਿਲੱਈ ਪਦਮਾ ਕੁਮਾਰ, ਗੁਰੂ ਅੰਗਦ ਦੇਵ ਵੈਟਰਨਰੀ ਯੂਨੀਵਰਸਿਟੀ ਐਂਡ ਐਨੀਮਲ ਸਾਇਸੰਜ਼ ਲੁਧਿਆਣਾ ਦੇ ਡੀਨ ਕਾਲਜ ਆਫ ਫਿਸ਼ਰੀਜ਼ ਡਾ. ਆਸ਼ਾ ਧਵਨ ਵੀ ਸ਼ਾਮਲ ਹਨ। ਇਸ ਮੌਕੇ ਜ਼ਿਆਂਗਜੂ ਸੂਬਾ ਸਰਕਾਰ ਦੇ ਸਕੱਤਰ ਜਨਰਲ ਸ੍ਰੀ ਜਿਆਂਗ ਜਿੰਗਜੂ, ਜਿਆਂਗਜੂ ਖੇਤੀ ਕਮੇਟੀ ਦੇ ਡਾਇਰੈਕਟਰ ਜਨਰਲ ਸ੍ਰੀ ਵੂ ਪੇਲਿਆਂਗ, ਜਿਆਂਗਸੂ ਓਸੀਅਨਿਕ ਐਂਡ ਫਿਸ਼ਰੀ ਬਿਊਰੋ ਦੇ ਡਾਇਰੈਕਟਰ ਜਨਰਲ ਸ੍ਰੀ ਤਾਂਗ ਜਿਆਨਮਿੰਗ, ਜਿਆਂਗਸੂ ਅਕੈਡਮੀ ਆਫ ਐਗਰੀ ਸਾਇੰਸ ਦੇ ਮੁਖੀ ਸ੍ਰੀ ਜ਼ੀ. ਜ਼ਹੋਨਗਈ, ਕਾਮਰਸ ਡਿਪਾਰਟਮੈਂਟ ਦੇ ਡਾਇਰੈਕਟਰ ਜਨਰਲ ਸ੍ਰੀ ਮਾ ਮਿੰਗਲੋਂਗ ਹਾਜ਼ਰ ਸਨ।



