ਕੇਂਦਰ ਸਰਕਾਰ ਨੂੰ ਦਿੱਤਾ ਸਮਰਥਨ ਵੀ ਵਾਪਿਸ ਲੈਣ ਦਾ ਅਨੁਮਾਨ
ਮੁੰਬਈ, 10 ਨਵੰਬਰ (ਪੀ. ਟੀ. ਲਾਇਵ)- ਕੇਂਦਰ ਵਿੱਚ ਸਾਬਕਾ ਸ਼ਿਵਸੈਨਾ ਆਗੂ ਸੁਰੇਸ਼ ਪ੍ਰਭੂ ਨੂੰ ਕੇਂਦਰੀ ਮੰਤਰੀ ਬਣਾਏ ਜਾਣ ਕਾਰਨ ਨਾਰਾਜ਼ ਸ਼ਿਵਸੈਨਾ ਦੀ ਭਾਜਪਾ ਨਾਲੋਂ ਦੂਰੀ ਹੋਰ ਵਧ ਗਈ ਹੈ। ਸ਼ਿਵਸੈਨਾ ਨੇ ਮਹਾਰਾਸ਼ਟਰ ਵਿਧਾਨਸਭਾ ਅੰਦਰ ਵਿਰੋਧੀ ਧਿਰ ਦੀ ਭੂਮਿਕਾ ਨਿਭਾਉਣ ਦਾ ਐਲਾਨ ਕੀਤਾ ਹੈ। ਸ਼ਿਵਸੈਨਾ ਦੇ ਇਸ ਐਲਾਨ ਨਾਲ ਭਾਜਪਾ ਦੀ ਮਹਾਰਾਸ਼ਟਰ ਵਿੱਚ ਘੱਟ ਗਿਣਤੀ ਸਰਕਾਰ ਖਤਰੇ ਵਿੱਚ ਪੈ ਗਈ ਹੈ ਕਿਉਂਕਿ ਉਸ ਨੇ ਵਿਧਾਨਸਭਾ ਅੰਦਰ ਆਪਣਾ ਬਹੁਮਤ ਹਾਲੇ ਸਿੱਧ ਕਰਨਾ ਹੈ। ਪਾਰਟੀ ਮੁਖੀ ਉਧਵ ਠਾਕਰੇ ਨੇ ਵਿਧਾਨਸਭਾ ਸਕੱਤਰ ਨੂੰ ਲਿਖੇ ਪੱਤਰ ਵਿੱਚ ਆਪੋਜੀਸ਼ਨ ਆਗੂ ਦੇ ਅਹੁਦੇ ਦੀ ਮੰਗ ਕਰਦੇ ਹੋਏ ਕਿਹਾ ਹੈ ਕਿ ਹੁਣ ਉਹ ਵਿਰੋਧੀ ਧਿਰ ਵਿੱਚ ਬੈਠਣਗੇ। ਅੱਜ ਤੇਜੀ ਨਾਲ ਬਦਲਦੇ
ਸਿਆਸੀ ਸਮੀਕਰਨਾਂ ਦੇ ਵਿਚਾਲੇ ਸ਼ਿਵਸੈਨਾ ਲਗਾਤਾਰ ਭਾਜਪਾ ਨੂੰ ਝਟਕਾ ਦੇਣ ਦੀ ਤਿਆਰੀ ਕਰ ਰਹੀ ਹੈ। ਜ਼ਿਕਰਯੋਗ ਹੈ ਕਿ ਕਲ੍ਹ ਹੀ ਸ਼ਿਵਸੈਨਾ ਪ੍ਰਮੁੱਖ ਨੇ ਇੱਕ ਪ੍ਰੈ¤ਸ ਕਾਨਫਰੰਸ ਵਿੱਚ ਕਿਹਾ ਸੀ ਕਿ ਜੇਕਰ ਭਾਜਪਾ ਐਨਸੀਪੀ ਦਾ ਸਾਥ ਲੈਂਦੀ ਹੈ ਤਾਂ ਉਹ ਵਿਰੋਧੀ ਧਿਰ ਵਿੱਚ ਬੈਠਣ ਲਈ ਤਿਆਰ ਹਨ। ਉਨ੍ਹਾਂ ਨੇ ਕਿਹਾ ਕਿ ਭਾਜਪਾ ਨੂੰ ਇਸ ਸਬੰਧੀ ਵਿਚਾਰ ਕਰਨ ਦੇ ਲਈ ਦੋ ਦਿਨ ਦਾ ਸਮਾਂ ਵੀ ਦਿੱਤਾ ਗਿਆ, ਪਰ ਪਾਰਟੀ ਨੇ ਅੱਜ ਹੀ ਆਪਣੇ ਪੱਤੇ ਖੋਲ੍ਹ ਕੇ ਇਹ ਤੈਅ ਕਰ ਦਿੱਤਾ ਹੈ ਕਿ ਉਹ ਭਾਜਪਾ ਨੂੰ ਸਮਰਥਨ ਨਹੀਂ ਦੇ ਰਹੀ ਹੈ। ਸ਼ਿਵਸੈਨਾ ਦੀ ਜਿਸ ਤਰ੍ਹਾਂ ਭਾਜਪਾ ਤੋਂ ਦੂਰੀ ਵਧ ਰਹੀ ਹੈ ਇਸ ਤੋਂ ਇਹ ਅਨੁਮਾਨ ਲਗਾਇਆ ਜਾ ਰਿਹਾ ਹੈ ਕਿ ਸ਼ਿਵਸੈਨਾ ਕੇਂਦਰ ਵਿੱਚ ਆਪਣੇ ਮੰਤਰੀਆਂ ਤੋਂ ਅਸਤੀਫਾ ਲੈ ਸਕਦੀ ਹੈ ਅਤੇ ਮੋਦੀ ਸਰਕਾਰ ਨੂੰ ਦਿੱਤਾ ਗਿਆ ਸਮਰਥਨ ਵਾਪਿਸ ਲੈ ਸਕਦੀ ਹੈ।
ਇਸ ਤੋਂ ਪਹਿਲਾਂ ਕੇਂਦਰੀ ਮੰਤਰੀ ਮੰਡਲ ਦੇ ਵਿਸਥਾਰ ਸਮੇਂ ਸ਼ਿਵਸੈਨਾ ਨੇ ਆਪਣੇ ਇੱਕ ਸੰਸਦ ਮੈਂਬਰ ਨੂੰ ਮੰਤਰੀ ਵਜੋਂ ਸਹੁੰ ਚੁੱਕਣ ਤੋਂ ਐਨ ਆਖਰੀ ਮੌਕੇ ਰੋਕ ਦਿੱਤਾ ਸੀ।



