ਹਿਸਾਰ, 10 ਨਵੰਬਰ (ਨਾਗਪਾਲ)- ਸਤਲੋਕ ਆਸ਼ਰਮ ਦੇ ਬਾਬਾ ਰਾਮਪਾਲ ਦੀ ਅੱਜ ਪੇਸ਼ੀ ਸੀ ਪਰ ਬਾਬਾ ਰਾਮਪਾਲ ਨੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਹੁਕਮਾਂ ਨੂੰ ਵੀ ਟਿੱਚ ਜਾਣਦੇ ਹੋਏ ਕੋਰਟ ਨਾ ਪਹੁੰਚਣ ’ਤੇ ਹਾਈਕੋਰਟ ਦੇ ਜੱਜ ਸਾਹਿਬਾਨ ਨੇ ਸਖਤ ਗੁੱਸੇ ਦਾ ਇਜ਼ਹਾਰ ਕੀਤਾ। ਉਨ੍ਹਾਂ ਨੇ ਏਜੀ ਹਰਿਆਣਾ ਬੀ ਆਰ ਮਹਾਜਨ ਅਤੇ ਡੀਜੀਪੀ ਹਰਿਆਣਾ ਐਸ ਐਨ ਵਸ਼ਿਸ਼ਟ ਨੂੰ ਸਖਤੀ ਨਾਲ ਝਾੜਦਿਆਂ ਕਿਹਾ ਕਿ ਬਾਬੇ ਦੀ ਡਾਕਟਰੀ ਕਰਾਉਣ ਦਾ ਕਿਸ ਨੇ ਹੁਕਮ ਦਿੱਤਾ ਸੀ। ਜੱਜ ਸਾਹਿਬਾਨ ਨੇ ਮੈਡੀਕਲ ਰਿਪੋਰਟ ਨੂੰ ਤੁਰੰਤ ਰੱਦ ਕਰਦਿਆਂ ਬਾਬੇ ਦੇ ਨਵੇਂ ਵਰੰਟ ਕੱਢ ਦਿੱਤੇ ਕਿ ਬਾਬੇ ਨੂੰ ਗ੍ਰਿਫਤਾਰ ਕਰਕੇ 17 ਨਵੰਬਰ ਨੂੰ ਹਾਈਕੋਰਟ ਵਿੱਚ ਪੇਸ਼ ਕੀਤਾ ਜਾਵੇ। ਬਾਬੇ ਦੇ ਚੇਲੇ ਰਾਮ ਕੰਵਰ ਢਾਕਾ ਨੂੰ ਤੁਰੰਤ ਆਦੇਸ਼ ਦਿੱਤੇ ਕਿ ਚੀਫ
ਜੁਡੀਸ਼ੀਅਲ ਮੈਜਿਸਟ੍ਰੇਟ ਚੰਡੀਗੜ੍ਹ ਕੋਲ ਜਾ ਕੇ ਤੁਰੰਤ ਜ਼ਮਾਨਤ ਕਰਾਈ ਜਾਵੇ ਅਤੇ ਹਾਈਕੋਰਟ ਵਿੱਚ ਚੱਲ ਰਹੇ ‘ਕੋਰਟ ਆਫ ਕੰਟੈਪਟ’ ਦੀ ਹਰ ਪੇਸ਼ੀ ਉ¤ਤੇ ਪੇਸ਼ ਹੋਣ ਦੇ ਹੁਕਮ ਕੀਤੇ। ਯਾਦ ਰਹੇ ਕਿ 2008 ਵਿੱਚ ਕਤਲ ਦੇ ਕੇਸ ਵਿੱਚ ਬਾਬਾ ਰਾਮਪਾਲ ਦੀ ਜੋ ਜ਼ਮਾਨਤ ਹਾਈਕੋਰਟ ਵੱਲੋਂ ਕੀਤੀ ਗਈ ਸੀ, ਜੇਕਰ ਬਾਬਾ ਰਾਮਪਾਲ 17 ਨਵੰਬਰ ਨੂੰ ਅਦਾਲਤ ਵਿੱਚ ਪੇਸ਼ ਨਾ ਹੋਇਆ ਤਾਂ ਜ਼ਮਾਨਤ ਰੱਦ ਹੋ ਜਾਵੇਗੀ। ਹਿਸਾਰ ਦੇ ਬਰਵਾਲਾ ਵਿੱਚ ਬਾਬਾ ਰਾਮਪਾਲ ਦੇ ਆਸ਼ਰਮ ਵਿੱਚ ਪੁਲਿਸ ਕਾਰਵਾਈ ਦੇ ਵਿਰੋਧ ਵਿੱਚ ਬਾਬੇ ਦੇ ਕਰੀਬ ਇੱਕ ਲੱਖ ਸ਼ਰਧਾਲੂ ਪਹੁੰਚੇ ਸਨ। ਹਰਿਆਣਾ ਪੁਲਿਸ ਨੇ ਬਾਬੇ ਦੇ ਖਾਸਮਖਾਸ ਮੰਨੇ ਜਾਣ ਵਾਲੇ ਰਾਮਕੰਵਰ ਢਾਕਾ ਨੂੰ ਗ੍ਰਿਫਤਾਰ ਕਰਕੇ ਹਾਈਕੋਰਟ ਵਿੱਚ ਪੇਸ਼ ਕੀਤਾ ਹੈ। ਇਸ ਨੂੰ ਦੇਖਦੇ ਹੋਏ ਇੱਥੇ ਸੁਰੱਖਿਆ ਵਿੱਚ ਵਾਧਾ ਕੀਤਾ ਗਿਆ।
ਦੂਜੇ ਪਾਸੇ ਚੰਡੀਗੜ੍ਹ, ਪੰਚਕੂਲਾ ਅਤੇ ਮੋਹਾਲੀ ਦੀ ਸਰਹੱਦ ਨੂੰ ਸੀਲ ਕਰ ਦਿੱਤਾ ਗਿਆ। ਇੱਥੇ ਅਰਧ ਫੌਜੀ ਬਲਾਂ ਦੇ ਜਵਾਨ ਤਾਇਨਾਤ ਕੀਤੇ ਗਏ ਹਨ ਤਾਂ ਕਿ ਕਿਸੇ ਵੀ ਪ੍ਰਕਾਰ ਦੀ ਸੰਭਾਵੀ ਹਿੰਸਾ ਨੂੰ ਰੋਕਿਆ ਜਾ ਸਕੇ। ਕੁਲ ਮਿਲਾ ਕੇ ਸਥਿਤੀ ਤਣਾਅਪੂਰਨ ਬਣੀ ਹੋਈ ਹੈ। ਜ਼ਿਲ੍ਹਾ ਹਿਸਾਰ ਪੂਰੀ ਤਰ੍ਹਾਂ ਬੰਦ ਹੈ। ਬਾਬਾ ਰਾਮਪਾਲ ਗ੍ਰਿਫਤਾਰ ਹੋਣ ਲਈ ਤਿਆਰ ਨਹੀਂ ਹੈ। ਜ਼ਿਕਰਯੋਗ ਹੈ ਕਿ ਹਾਈਕੋਰਟ ਨੇ ਅਦਾਲਤ ਦੀ ਹੱਤਕ ਦੇ ਮਾਮਲੇ ਵਿੱਚ ਪਿਛਲੇ ਹਫਤੇ ਬਾਬਾ ਰਾਮਪਾਲ ਵਿਰੁੱਧ ਗੈਰ ਜ਼ਮਾਨਤੀ ਵਾਰੰਟ ਜਾਰੀ ਕੀਤੇ ਸਨ। ਜੁਲਾਈ 2006 ਵਿੱਚ ਪਿੰਡ ਦੇ ਵਸਨੀਕਾਂ ਨਾਲ ਹੋਈ ਝੜਪ ਦੌਰਾਨ ਬਾਬੇ ਦੇ ਹਜ਼ਾਰਾਂ ਸਮਰਥਕ ਆਸ਼ਰਮ ਵਿੱਚ ਜਮ੍ਹਾਂ ਹੋ ਗਏ ਸਨ ਅਤੇ ਬਾਬਾ ਰਾਮਪਾਲ ਤੱਕ ਪੁਲਿਸ ਦਾ ਪਹੁੰਚਣਾ ਮੁਸ਼ਕਿਲ ਕਰ ਦਿੱਤਾ ਸੀ। ਪੁਲਿਸ ਕਤਲ ਦੇ ਇੱਕ ਮਾਮਲੇ ਵਿੱਚ ਬਾਬੇ ਨੂੰ ਹਿਰਾਸਤ ਵਿੱਚ ਲੈਣਾ ਚਾਹੁੰਦੀ ਸੀ। ਇਸ ਦੇ ਬਾਅਦ 2013 ਵਿੱਚ ਵੀ ਕਰੋਨਥਾ ਪਿੰਡ ਵਿੱਚ ਉਸ ਦੇ ਆਸ਼ਰਮ ’ਤੇ ਕਬਜ਼ਾ ਕਰਨਾ ਚਾਹਿਆ ਤਾਂ ਭਾਰੀ ਸੰਖਿਆ ਵਿੱਚ ਉਸ ਦੇ ਸਮਰਥਕ ਆਸ਼ਰਮ ਦੇ ਅੰਦਰ ਦਾਖਲ ਹੋ ਗਏ, ਜਿਸ ਦੇ ਚਲਦਿਆਂ ਹੋਈ ਝੜਪ ਵਿੱਚ 2 ਵਿਅਕਤੀ ਮਾਰੇ ਗਏ ਸਨ ਅਤੇ ਕਈ ਹੋਰ ਜ਼ਖਮੀ ਹੋ ਗਏ ਸਨ। ਰੋਹਤਕ ਦੇ ਜ਼ਿਲ੍ਹਾ ਮੈਜਿਸਟ੍ਰੇਟ ਡਾ. ਅਮਿਤ ਕੁਮਾਰ ਗਰੇਵਾਲ ਨੇ ਜ਼ਿਲ੍ਹੇ ਦੇ ਕਰੋਨਥਾ ਪਿੰਡ ਵਿੱਚ ਸਤਲੋਕ ਆਸ਼ਰਮ ਦੇ 200 ਮੀਟਰ ਦੇ ਘੇਰੇ ਅੰਦਰ ਸੀਆਰਟੀਸੀ ਦੀ ਧਾਰਾ 144 ਦੇ ਤਹਿਤ ਮਨਾਹੀ ਦੇ ਹੁਕਮ ਲਾਗੂ ਕੀਤੇ ਹਨ।



