Skip to content
Independent perspectives. Global stories.
BREAKING

ਸਪੇਨ ਦੇ ਸਫ਼ੀਰ ਵੱਲੋਂ ਮੁੱਖ ਮੰਤਰੀ ਨਾਲ ਮੁਲਾਕਾਤ

Share this story

ਬਾਦਲ ਨੇ ਜਲ ਸੋਧ ਤਕਨਾਲੋਜੀ, ਖੇਤੀ ਤੇ ਖੁਰਾਕ ਪ੍ਰੋਸੈਸਿੰਗ, ਰਹਿੰਦ-ਖੂੰਹਦ ਪ੍ਰਬੰਧਨ ਦੇ ਖੇਤਰਾਂ ਵਿੱਚ ਸਾਂਝ ਲਈ ਆਖਿਆ

Page-1_19 ਚੰਡੀਗੜ੍ਹ, 4 ਨਵੰਬਰ (ਪੀ. ਟੀ.)- ਭਾਰਤ ਵਿੱਚ ਸਪੇਨ ਦੇ ਰਾਜਦੂਤ       ਸ੍ਰੀ ਗੁਸਟਾਵੋ ਡੀ.ਅਰਿਸਟੇਗੁਈ ਨੇ ਜਲ ਸੋਧ ਤਕਨਾਲੋਜੀ, ਖੇਤੀ ਤੇ ਖੁਰਾਕ ਅਧਾਰਿਤ ਪ੍ਰੋਸੈਸਿੰਗ, ਰਹਿੰਦ-ਖੂੰਹਦ ਪ੍ਰਬੰਧਨ ਅਤੇ ਨਵਿਆਉਣਯੋਗ ਊਰਜਾ ਦੇ ਖੇਤਰਾਂ ਵਿੱਚ ਪੰਜਾਬ ਸਰਕਾਰ ਨਾਲ ਸਾਂਝ ਪਾਉਣ ਦੀ ਪੇਸ਼ਕਸ਼ ਕੀਤੀ ਹੈ। ਸਪੇਨ ਦੇ ਰਾਜੂਦਤ ਨੇ ਅੱਜ ਸਵੇਰੇ ਇੱਥੇ ਮੁੱਖ ਮੰਤਰੀ ਦਫ਼ਤਰ ਵਿਖੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨਾਲ ਮੁਲਾਕਾਤ ਕੀਤੀ। ਉਨ੍ਹਾਂ ਨੇ ਮੁੱਖ ਮੰਤਰੀ ਨਾਲ ਮੁਲਾਕਾਤ ਦੌਰਾਨ ਵਿਸ਼ੇਸ਼ ਕਰਕੇ ਜਲ ਸੋਧ ਅਤੇ ਨਵਿਆਉਣਯੋਗ ਊਰਜਾ ਦੇ ਖੇਤਰਾਂ ਵਿੱਚ ਆਧੁਨਿਕ ਤਕਨਾਲੋਜੀ ਅਤੇ ਮੁਹਾਰਤ ਦੀ ਸਾਂਝ ਰਾਹੀਂ ਨੀਤੀਗਤ ਵਿਕਾਸ ਪ੍ਰਤੀ ਡੂੰਘੀ ਇੱਛਾ ਜ਼ਾਹਰ ਕੀਤੀ ਕਿਉਂ ਜੋ ਸਪੇਨ ਦੀ ਇਨ੍ਹਾਂ ਖੇਤਰਾਂ ਵਿੱਚ ਦੁਨੀਆ

ਭਰ ਵਿੱਚ ਸਰਦਾਰੀ ਹੈ। ਵਿਚਾਰ-ਚਰਚਾ ਵਿੱਚ ਹਿੱਸਾ ਲੈਂਦਿਆਂ ਸ੍ਰੀ ਅਰਿਸਟੇਗੁਈ ਨੇ ਮੁੱਖ ਮੰਤਰੀ ਨੂੰ ਦੱਸਿਆ ਕਿ ਸੂਬਾ ਸਰਕਾਰ ਦੇ ਉਚ ਅਧਿਕਾਰੀਆਂ ਨਾਲ ਵਿਸਥਾਰਤ ਵਿਚਾਰ-ਵਟਾਂਦਰੇ ਲਈ ਉਹ ਇਨ੍ਹਾਂ ਖੇਤਰਾਂ ਬਾਰੇ ਮੋਹਰੀ ਲੋਕਾਂ ਦੇ ਉਚ ਪੱਧਰੀ ਵਫ਼ਦ ਦੀ ਅਗਵਾਈ ਕਰਨਗੇ। ਉਨ੍ਹਾਂ ਆਖਿਆ ਕਿ ਸਪੇਨ ਵੱਲੋਂ ਪੰਜਾਬ ਸਰਕਾਰ ਨੂੰ ਰਹਿੰਦ-ਖੂੰਹਦ ਦੀ ਸਮੱਸਿਆ ਨਾਲ ਨਿਪਟਣ ਲਈ ਵੀ ਅਤਿ-ਆਧੁਨਿਕ ਤਕਨਾਲੋਜੀ ਮੁਹੱਈਆ ਕਰਵਾਉਣ ਵਿੱਚ ਸਹਾਇਤਾ ਕੀਤੀ ਜਾ ਸਕਦੀ ਹੈ। ਨਾਲ ਹੀ ਉਨ੍ਹਾਂ ਕਿਹਾ ਕਿ ਸਪੇਨ ਦੇ ਦੋ ਸ਼ਹਿਰਾਂ ਬਾਰਸੀਲੋਨਾ ਤੇ ਮੈਡਰਿਡ ਵਿੱਚ ਰਹਿੰਦ-ਖੂੰਹਦ ਪ੍ਰਬੰਧਨ ਉਚ ਦਰਜੇ ਦੀ ਵਿਧੀ ਅਪਣਾਈ ਜਾ ਰਹੀ ਹੈ ਜਿਸ ਨੂੰ ਸੂਬੇ ਦੇ ਵੱਡੇ ਸ਼ਹਿਰਾਂ ਵਿੱਚ ਵੀ ਲਾਗੂ ਕੀਤਾ ਜਾ ਸਕਦਾ ਹੈ। ਇਸ ਦੌਰਾਨ ਸ੍ਰੀ ਅਰਿਸਟੇਗੁਈ ਨੇ ਮੁੱਖ ਮੰਤਰੀ ਖੁਰਾਕ ਤਕਨਾਲੋਜੀ ਤੇ ਖੇਤੀ ਅਧਾਰਿਤ ਪ੍ਰੋਸੈਸਿੰਗ ਖੇਤਰ ਵਿੱਚ ਮੁਹਾਰਤ ਸੌਂਪਣ ਦੀ ਪੇਸ਼ਕਸ਼ ਕੀਤੀ ਜਿਸ ਨਾਲ ਕਿਸਾਨਾਂ ਦੇ ਉਤਪਾਦਨ ਨੂੰ ਮੁਨਾਫਾਯੋਗ ਬਣਾਇਆ ਜਾ ਸਕੇਗਾ।
ਮੀਟਿੰਗ ਦੌਰਾਨ ਸਪੇਨ ਦੇ ਰਾਜਦੂਤ ਨੂੰ ਦੱਸਿਆ ਕਿ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿੱਚ ਇਕ ਵਫ਼ਦ ਇਸ ਮਹੀਨੇ ਦੇ ਅਖੀਰ ਵਿੱਚ ਸਮਾਰਟ ਸਿਟੀ ਐਕਸਪੋ-2014 ਵਿੱਚ ਸ਼ਾਮਲ ਹੋਣ ਲਈ ਬਾਰਸੀਲੋਨਾ ਵਿਖੇ ਜਾਵੇਗਾ। ਇਸ ਦੌਰਾਨ ਸ੍ਰੀ ਅਰਿਸਟੇਗੁਈ ਨੇ ਦੱਸਿਆ ਕਿ ਉਹ ਵਫ਼ਦ ਦਾ ਜ਼ੋਰਦਾਰ ਸਵਾਗਤ ਕਰਨਗੇ ਅਤੇ ਇਨ੍ਹਾਂ ਖੇਤਰਾਂ ਵਿੱਚ ਉੱਘੇ ਸਨਅਤਕਾਰਾਂ ਤੇ ਉੱਦਮੀਆਂ ਨਾਲ ਮੀਟਿੰਗਾਂ ਦਾ ਵੀ ਪ੍ਰਬੰਧ ਕਰਨਗੇ। ਸ੍ਰੀ ਅਰਿਸਟੇਗੁਈ ਵੱਲੋਂ ਰੱਖੀ ਤਜਵੀਜ਼ ਨੂੰ ਹੁੰਗਾਰਾ ਭਰਦਿਆਂ ਮੁੱਖ ਮੰਤਰੀ ਨੇ ਆਖਿਆ ਕਿ ਸਪੇਨ ਤੇ ਪੰਜਾਬ ਦਰਮਿਆਨ ਵਿਧੀ-ਵਿਧਾਨ ਕਾਇਮ ਕਰਨ ਲਈ ਕੰਮ ਕੀਤਾ ਜਾਵੇ ਤਾਂ ਕਿ ਇਹ ਵਿਚਾਰ-ਵਟਾਂਦਰੇ ਸਿਰਫ ਮੀਟਿੰਗਾਂ ਤੱਕ ਸੀਮਿਤ ਨਾ ਰਹੇ ਸਗੋਂ ਇਸ ਦੇ ਸਾਰਥਕ ਨਤੀਜੇ ਵੀ ਨਿਕਲਣ। ਉਨ੍ਹਾਂ ਨੇ ਆਪਣੇ ਪ੍ਰਮੁੱਖ ਸਕੱਤਰ ਸ੍ਰੀ ਐਸ.ਕੇ. ਸੰਧੂ ਨੂੰ ਸਪੇਨ ਤੋਂ ਅੱਧ ਦਸੰਬਰ ਵਿੱਚ ਸ੍ਰੀ ਅਰਿਸਟੇਗੁਈ ਦੀ ਅਗਵਾਈ ਵਿੱਚ ਪਹੁੰਚ ਰਹੇ ਸਨਅਤਕਾਰਾਂ ਦੇ ਵਫ਼ਦ ਨਾਲ ਮੀਟਿੰਗਾਂ ਲਈ ਪ੍ਰੋਗਰਾਮ ਉਲੀਕਣ ਲਈ ਆਖਿਆ। ਸ. ਬਾਦਲ ਨੇ ਇੰਡਸਟਰੀਅਲ ਪ੍ਰਮੋਸ਼ਨ ਬਿਊਰੋ ਦੇ ਸੀ.ਈ.ਓ. ਨੂੰ ਆਖਿਆ ਕਿ ਤਜਵੀਜ਼ਤ ਮੀਟਿੰਗ ਵਜੋਂ ਸੂਬੇ ਵਿੱਚ ਨਿਵੇਸ਼ ਲਈ ਇੱਛਾਂ ਕੰਪਨੀਆਂ ਨਾਲ ਵੀ ਤਾਲਮੇਲ ਕੀਤਾ ਜਾਵੇ। ਮੁੱਖ ਮੰਤਰੀ ਨੇ ਪਿੰਡਾਂ ਦੇ ਛੱਪੜਾਂ ਦੀ ਸਫਾਈ ਲਈ ਪਰਖੀ ਤੇ ਆਰਥਿਕ ਤੌਰ ’ਤੇ ਸੰਕੋਚਮਈ ਤਕਨਾਲੋਜੀ ਮੁਹੱਈਆ ਕਰਵਾਉਣ ਦੀ ਮੰਗ ਕੀਤੀ ਕਿਉਂ ਜੋ ਇਨ੍ਹਾਂ ਛੱਪੜਾਂ ਦੀ ਸਫਾਈ ਨਾ ਹੋਣ ਕਰਕੇ ਸਿਹਤ ਤੇ ਵਾਤਾਵਰਣ ’ਤੇ ਮਾੜਾ ਪ੍ਰਭਾਵ ਪੈ ਰਿਹਾ ਹੈ। ਮੀਟਿੰਗ ਵਿੱਚ ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਸ੍ਰੀ ਐਸ.ਕੇ. ਸੰਧੂ, ਮਕਾਨ ਤੇ ਸ਼ਹਿਰੀ ਵਿਕਾਸ ਦੇ ਸਕੱਤਰ ਸ੍ਰੀ ਏ. ਵੇਨੂੰਪ੍ਰਸਾਦ ਅਤੇ ਮੁੱਖ ਮੰਤਰੀ ਦੇ ਵਿਸ਼ੇਸ਼ ਪ੍ਰਮੁੱਖ ਸਕੱਤਰ ਸ੍ਰੀ ਅਜੋਏ ਕੁਮਾਰ ਸ਼ਰਮਾ ਹਾਜ਼ਰ ਸਨ।

WRITTEN BY