Skip to content
Independent perspectives. Global stories.
BREAKING

ਸੁਖਬੀਰ ਬਾਦਲ ਵੱਲੋਂ ਟਰਾਂਸਪੋਰਟ ਵਿਭਾਗ ਵਿੱਚ ਈ-ਗਵਰਨੈਂਸ ਸੁਧਾਰਾਂ ਨੂੰ ਪ੍ਰਵਾਨਗੀ

Share this story

ਅਰਜ਼ੀ ਦੇਣ ਦੇ 30 ਮਿੰਟ ਦੌਰਾਨ ਹੀ ਮਿਲੇਗਾ ਲਾਇਸੈਂਸ

Page-1_06 ਜਲੰਧਰ/ਚੰਡੀਗੜ੍ਹ, 4 ਨਵੰਬਰ- ਪੰਜਾਬ ਦੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਵਲੋ ਟਰਾਂਸਪੋਰਟ ਵਿਭਾਗ ਲਈ ਅਨੇਕਾਂ ਆਨਲਾਇਨ ਸੇਵਾਵਾਂ ਦੇਣ ਵਾਲੇ ਈ-ਗਵਰਨੈਂਸ ਸੁਧਾਰਾਂ ਨੂੰ ਪ੍ਰਵਾਨਗੀ ਦੇ ਦਿੱਤੀ ਗਈ ਹੈ, ਜਿਸ ਤਹਿਤ ਪੰਜਾਬ ਦੇਸ਼ ਦਾ ਪਹਿਲਾ ਸੂਬਾ ਹੋਵੇਗਾ ਜਿੱਥੇ ਅਰਜ਼ੀ ਦੇਣ ਦੇ 30 ਮਿੰਟ ਦੌਰਾਨ ਹੀ ਅਰਜ਼ੀਕਰਤਾ ਨੂੰ ਡਰਾਈਵਿੰਗ ਲਾਇਸੈਂਸ ਜਾਰੀ ਕਰ ਦਿੱਤਾ ਜਾਵੇਗਾ। ਅੱਜ ਇਥੇ ਪੰਜਾਬ ਦੇ ਟਰਾਂਸਪੋਰਟ ਮੰਤਰੀ ਸ. ਅਜੀਤ ਸਿੰਘ ਕੋਹਾੜ ਤੇ ਮੁੱਖ ਸਕੱਤਰ ਸ਼੍ਰੀ ਸਰਵੇਸ਼ ਕੌਂਸਲ ਤੋਂ ਇਲਾਵਾ ਹੋਰਨਾਂ ਉੱਚ ਅਧਿਕਾਰੀਆਂ ਨਾਲ ਮੀਟਿੰਗ ਦੌਰਾਨ ਸ. ਬਾਦਲ ਨੇ ਮੁੱਖ ਸਕੱਤਰ ਨੂੰ ਨਿਰਦੇਸ਼ ਦਿੱਤਾ ਕਿ ਸਾਰੇ ਸੁਧਾਰਾਂ ਨੂੰ ਅਗਲੇ ਸਾਲ ਅਪ੍ਰੈਲ ਤੋਂ ਪਹਿਲਾਂ-ਪਹਿਲਾਂ ਲਾਗੂ ਕੀਤਾ ਜਾਵੇ। ਸ. ਬਾਦਲ ਨੇ

ਕਿਹਾ ਕਿ ਉਨ੍ਹਾਂ ਦਾ ਇਕਮਾਤਰ ਮਕਸਦ ਵਿਭਾਗੀ ਸੇਵਾਵਾਂ ਵਿਚ ਪਾਰਦਰਸ਼ਤਾ ਤੇ ਤੇਜੀ ਲਿਆਉਣਾ ਹੈ। ਵਿਭਾਗ ਦੇ ਪ੍ਰਮੁੱਖ ਸਕੱਤਰ ਸ੍ਰੀ ਅਨੁਰਾਗ ਅਗਰਵਾਲ ਨੇ ਉਪ ਮੁੱਖ ਮੰਤਰੀ ਨੂੰ ਜਾਣੂੰ ਕਰਵਾਇਆ ਕਿ ਵਿਭਾਗ ਵਲੋਂ ਤਿਆਰ ਕੀਤੀ ਯੋਜਨਾ ਤਹਿਤ ਲਰਨਰ ਤੇ ਦੂਜੇ ਲਾਇਸੈਂਸ ਮੌਕੇ ’ਤੇ ਦੇਣਾ, ਈ-ਚਾਲਾਨ, ਐਸ.ਐਮ.ਐਸ. ਅਲਰਟ, ਫਾਇਲ ਟਰੈਕਿੰਗ ਸਿਸਟਮ (ਫਾਇਲ ਬਾਰੇ ਜਾਣਕਾਰੀ ) ਰਜਿਸਟ੍ਰੇਸ਼ਨ ਸਰਟੀਫੀਕੇਟ, ਉੰਚ ਸੁਰੱਖਿਆ ਨੰਬਰ ਪਲੇਟਾਂ ਡੀਲਰਾਂ ਵਲੋਂ ਲਾਏ ਜਾਣਾ ਮੁੱਖ ਤੌਰ ’ਤੇ ਸ਼ਾਮਿਲ ਹੈ। ਉੁਨ੍ਹਾਂ ਕਿਹਾ ਕਿ ਵਿਭਾਗ ਵਲੋਂ ਡਰਾਈਵਿੰਗ ਟੈਸਟ ਲੈਣ ਲਈ 32 ਥਾਵਾਂ ਦੀ ਚੋਣ ਕੀਤੀ ਗਈ ਹੈ ਜਿੱਥੇ ਦੋ ਪਹੀਆ ਤੇ ਚਾਰ ਪਹੀਆ ਤੇ 8 ਪਹੀਆ ਵਾਹਨਾਂ ਲਈ ਵੱਖੋ-ਵੱਖਰੇ ਟਰੈਕਾਂ ਦੀ ਵਿਵਸਥਾ ਹੈ। ਇਸ ਤੋਂ ਇਲਾਵਾ ਔਰਤਾਂ ਲਈ ਹੋਰ ਵੱਖਰੇ ਟਰੈਕ ਬਣਾਏ ਗਏ ਹਨ। ਸਾਰੀ ਟੈਸਟ ਪ੍ਰਕ੍ਰਿਆ ’ਤੇ ਸੀ.ਸੀ.ਟੀ.ਵੀ. ਕੈਮਰਿਆਂ ਨਾਲ ਨਿਗਰਾਨੀ ਰੱਖੀ ਜਾਵੇਗੀ ਤੇ ਡਰਾਈਵਿੰਗ ਲਾਇਸੈਂਸ ਲਈ ਟੈਸਟ ਦੇਣ ਵਾਲੇ ਵਿਅਕਤੀ ਨਾਲ ਸਬੰਧਿਤ ਜਾਣਕਾਰੀ ਬਾਇਓਮੈਟਿਰਿਕ ਦੇ ਆਧਾਰ ’ਤੇ ਰੱਖੀ ਜਾਵੇਗੀ। ਉਨ੍ਹਾਂ ਕਿਹਾ ਕਿ ਟੈਸਟ ਵਿਚ ਸਫਲ ਉਮੀਦਵਾਰਾਂ ਨੂੰ ਮੌਕੇ ’ਤੇ ਹੀ ਡਰਾਈਵਿੰਗ ਲਾਇਸੈਂਸ ਜਾਰੀ ਕਰ ਦਿੱਤਾ ਜਾਵੇਗਾ। ਸਟੇਟ ਟਰਾਂਸਪੋਰਟ ਕਮਿਸ਼ਨਰ ਸ਼੍ਰੀ ਅਸ਼ਵਨੀ ਕੁਮਾਰ ਨੇ ਕਿਹਾ ਕਿ ਇਨ੍ਹਾਂ ਸਾਰੀਆਂ ਸੇਵਾਵਾਂ ਦੇਣ ਲਈ ਸਾਰੀ ਯੋਜਨਾ ਨੂੰ ਪੀ.ਪੀ.ਪੀ. ਦੇ  ਆਧਾਰ ’ਤੇ ਲਾਗੂ ਕੀਤਾ ਜਾਵੇਗਾ ਤੇ ਲੋਕਾਂ ਨੂੰ ਡੀ.ਟੀ.ਓ. ਦਫਤਰਾਂ ਵਿਚ ਵੀ ਜਾਣ ਦੀ ਲੋੜ ਨਹੀਂ ਪਵੇਗੀ। ਇਸ ਤੋਂ ਇਲਾਵਾ ਫਾਇਲ ਟਰੈਕਿੰਗ ਸਿਸਟਮ ਤਹਿਤ ਲੋਕਾਂ ਨੂੰ ਆਪਣੀ ਫਾਇਲ ਦੀ ਸਥਿਤੀ ਬਾਰੇ ਜਾਣਕਾਰੀ ਪ੍ਰਾਪਤ ਹੋਇਆ ਕਰੇਗੀ। ਸ੍ਰੀ ਅਗਰਵਾਲ ਨੇ ਦੱਸਿਆ ਕਿ ਈ-ਚਾਲਾਨਾਂ ਲਈ ਵੀ ਵਿਵਸਥਾ ਕੀਤੀ ਗਈ ਹੈ, ਜਿਸ ਤਹਿਤ ਆਵਜਾਈ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਦੇ ਚਾਲਾਨ ਦਾ ਮੌਕੇ ’ਤੇ ਹੀ ਭੁਗਤਾਨ ਕਰਨ ਦੀ ਵਿਵਸਥਾ ਹੋਵੇਗੀ। ਉਨ੍ਹਾਂ ਨਾਲ ਹੀ ਕਿਹਾ ਕਿ ਉੱਚ ਸੁਰੱਖਿਆ ਨੰਬਰ ਪਲੇਟਾਂ ਲਵਾਉਣ ਵੇਲੇ ਲੋਕਾਂ ਦੀ ਖੱਜਲ ਖੁਆਰੀ ਖਤਮ ਕਰਨ ਲਈ ਡੀਲਰਾਂ  ਨੂੰ ਵੀ ਭਾਗੀਦਾਰ ਬਣਾਇਆ ਜਾਵੇਗਾ। ਸ੍ਰੀ ਅਗਰਵਾਲ ਨੇ ਨਾਲ ਹੀ ਦੱਸਿਆ ਕਿ ਕੰਪਿਊਟਰਕ੍ਰਿਤ ਜਾਂਚ ਚੌਂਕੀਆਂ ਸਥਾਪਿਤ ਕਰਨ ਪਿੱਛੋਂ ਦੂਜੇ ਰਾਜਾਂ ਤੋਂ ਆਉਣ ਵਾਲੇ ਵਾਹਨਾਂ ਤੋਂ ਟੈਕਸ ਉਗਰਾਹੀ ਵਿਚ 60 ਫੀਸਦੀ ਵਾਧਾ ਹੋਇਆ ਹੈ। ਇਸ ਤੋਂ ਇਲਾਵਾ ਵਾਹਨਾਂ ਦੀ ਮੁੱਢਲੀ ਰਜਿਸਟ੍ਰੇਸ਼ਨ ਲਈ ਵੀ ਆਨਲਾਇਨ ਫੀਸ ਜਮ੍ਹਾਂ ਕਰਵਾਉਣ ਦੀ ਸਹੂਲਤ ਦਿੱਤੀ ਗਈ ਹੈ। ਉਪ ਮੁੱਖ ਮੰਤਰੀ ਨੇ ਨਿਰਦੇਸ਼ ਦਿੱਤਾ ਕਿ ਸਾਰੇ ਟੈਕਸ ਕੁਲੈਕਸ਼ਨ ਸੈਂਟਰਾਂ ’ਤੇ ਸੀ.ਸੀ.ਟੀ.ਵੀ. ਕੈਮਰੇ ਲਾਏ ਜਾਣ ਤਾਂ ਜੋ ਕੰਮ ਵਿਚ ਪਾਰਦਰਸ਼ਤਾ ਦੇ ਨਾਲ-ਨਾਲ ਕਰਮਚਾਰੀਆਂ ’ਤੇ ਵੀ ਨਿਗਰਾਨੀ ਰੱਖਣੀ ਆਸਾਨ ਹੋਵੇ।ਮੀਟਿੰਗ ਵਿਚ ਮੁੱਖ ਤੌਰ ’ਤੇ ਪ੍ਰਮੁੱਖ ਸਕੱਤਰ ਗ੍ਰਹਿ ਜਗਪਾਲ ਸਿੰਘ ਸੰਧੂ, ਏ.ਡੀ.ਜੀ.ਪੀ. ਆਰ.ਪੀ. ਸਿੰਘ, ਰਾਹੁਲ ਤਿਵਾੜੀ ਤੇ ਮਨਵੇਸ਼ ਸਿੰਘ ਸਿੱਧੂ ਤੇ ਅਜੈ ਮਹਾਜਨ ਸਾਰੇ ਵਿਸ਼ੇਸ਼ ਪ੍ਰਮੁੱਖ ਸਕੱਤਰ ਉਪ ਮੁੱਖ ਮੰਤਰੀ ਹਾਜ਼ਰ ਸਨ।

WRITTEN BY