ਨਵੀਂ ਪਾਰਟੀ ਦਾ ਜਲਦ ਕਰਨਗੇ ਗਠਨ
ਚੇਨਈ, 3 ਨਵੰਬਰ (ਪੀ. ਟੀ.ਲਾਇਵ)- ਇਸ ਸਾਲ ਮਈ ਵਿੱਚ ਹੋਈਆਂ ਲੋਕਸਭਾ ਚੋਣਾਂ ਅਤੇ ਉਸ ਤੋਂ ਬਾਅਦ ਇੱਕ ਤੋਂ ਬਾਅਦ ਇੱਕ ਸਾਰੀਆਂ ਵਿਧਾਨਸਭਾ ਚੋਣਾਂ ਵਿੱਚ ਕਰਾਰੀ ਹਾਰ ਦਾ ਸਾਹਮਣਾ ਕਰਦੀ ਆ ਰਹੀ ਕਾਂਗਰਸ ਦੀਆਂ ਮੁਸੀਬਤਾਂ ਖਤਮ ਹੋਣ ਦਾ ਨਾਂਅ ਨਹੀਂ ਲੈ ਰਹੀਆਂ ਅਤੇ ਸੰਕਟ ਦੇ ਇਸ ਦੌਰ ਵਿੱਚ ਤਾਮਿਲਨਾਡੂ ’ਚ ਵੀ ਕਾਂਗਰਸ ਨੂੰ ਤਗੜਾ ਝਟਕਾ ਲੱਗਾ ਹੈ। ਸਾਬਕਾ ਕੇਂਦਰੀ ਮੰਤਰੀ ਜੀ ਕੇ ਵਾਸਨ ਨੇ ਪਾਰਟੀ ਛੱਡ ਦਿੱਤੀ ਹੈ ਤੇ ਨਵੀਂ ਪਾਰਟੀ ਦਾ ਐਲਾਨ ਕਰਨਗੇ।ਸ੍ਰੀ ਵਾਸਨ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੈਂ ਤਾਮਿਲਨਾਡੂ ’ਚ ਕਾਂਗਰਸ ਦੇ ਪ੍ਰਦਰਸ਼ਨ ਤੋਂ ਬਹੁਤ ਚਿੰਤਤ ਹਾਂ ।ਕਾਂਗਰਸ ਪਿਛਲੇ 47 ਸਾਲ ਤੋਂ ਰਾਜ ’ਚ ਸੱਤਾ ਤੋਂ ਦੂਰ ਹੈ। ਆਪਣੀ ਨਵੀਂ ਪਾਰਟੀ ਦਾ ਨਾਂਅ ਅਤੇ ਉਸ ਦੇ ਝੰਡੇ ਬਾਰੇ ਜਲਦੀ
ਜਾਣਕਾਰੀ ਦੇਣਗੇ। ਜ਼ਿਕਰਯੋਗ ਹੈ ਕਿ ਕਾਂਗਰਸ ਦੇ ਦਿੱਗਜ ਨੇਤਾ ਜੀ ਕੇ ਮੂਪਨਾਰ ਦੇ ਬੇਟੇ ਵਾਸਨ ਨੇ ਐਤਵਾਰ ਨੂੰ ਹੀ ਆਪਣੇ ਨਵੇਂ ਸਿਆਸੀ ਫ਼ੈਸਲੇ ਦੇ ਸੰਕੇਤ ਦਿੱਤੇ ਸਨ। ਉਨ੍ਹਾਂ ਨੇ ਆਪਣੇ ਸਮਰਥਕਾਂ ਨਾਲ ਸਲਾਹ ਕਰਕੇ ਇਹ ਫ਼ੈਸਲਾ ਕੀਤਾ । 49 ਸਾਲਾ ਜੀ ਕੇ ਵਾਸਨ ਨੂੰ ਹਾਲ ਹੀ ਦੀਆਂ ਲੋਕ ਸਭਾ ਚੋਣਾਂ ’ਚ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਵਾਸਨ ਦੇ ਇੱਕ ਨਜ਼ਦੀਕੀ ਬੀ ਐੱਸ ਗਿਆਨਦੇਸਿਕਨ ਨੇ ਬੀਤੇ ਹਫ਼ਤੇ ਪਾਰਟੀ ਦੇ ਪ੍ਰਦੇਸ਼ ਪ੍ਰਧਾਨ ਤੋਂ ਅਸਤੀਫ਼ਾ ਦੇ ਦਿੱਤਾ ਸੀ । ਉਨ੍ਹਾਂ ਕਿਹਾ ਕਿ ਦਿੱਲੀ ’ਚ ਬੈਠੇ ਕਾਂਗਰਸੀ ਨੇਤਾ ਰਾਜਾਂ ਦੀਆਂ ਇਕਾਈਆਂ ਨਾਲ ਸਲਾਹ ਮਸ਼ਵਰਾ ਨਹੀਂ ਕਰਦੇ।
ਸ੍ਰੀ ਵਾਸਨ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜਨਤਾ ਬਦਲਾਅ ਚਾਹੁੰਦੀ ਹੈ। ਅਸੀਂ ਤਾਮਿਲਨਾਡੂ ਵਿੱਚ ਜਨਤਾ ਨੂੰ ਬਦਲਾਅ ਮੁਹੱਈਆ ਕਰਵਾਉਣਾ ਚਾਹੁੰਦੇ ਹਾਂ। ਉਨ੍ਹਾਂ ਨੇ ਕਿਹਾ ਕਿ ਉਹ ਜਿਸ ਨਵੀਂ ਪਾਰਟੀ ਦਾ ਗਠਨ ਕਰਨ ਜਾ ਰਹੇ ਹਨ ਉਸ ਦਾ ਸੰਮੇਲਨ ਏਸੇ ਮਹੀਨੇ ਤਰਿਚੀ ਵਿੱਚ ਹੋਵੇਗਾ। ਜਿਸ ਬਾਅਦ ਪਾਰਟੀ ਨੂੰ ਚੋਣ ਕਮਿਸ਼ਨ ਕੋਲ ਰਜਿਸਟਰਡ ਕਰਵਾਉਣ ਲਈ ਕਦਮ ਚੁੱਕੇ ਜਾਣਗੇ। ਤਾਮਿਲਨਾਡੂ ਕਾਂਗਰਸ ਦੇ ਸੀਨੀਅਰ ਨੇਤਾ ਪੀਟਰ ਅਲਫੋਂਸੇ, ਬੀ ਐਸ ਗਣਨਾਦੇਸੀਕਨ ਸਮੇਤ ਕਈ ਹੋਰ ਨੇਤਾ ਵੀ ਸ੍ਰੀ ਵਾਸਨ ਦੇ ਨਾਲ ਜੁੜ ਗਏ ਹਨ।



