ਉਦਯੋਗਿਕ ਫੋਕਲ ਪੁਆਇੰਟਾਂ ਜਾਂ ਸਨਅਤੀ ਖੇਤਰਾਂ ਵਿਚ ਹੀ ਲੱਗਣਗੇ ਪਾਇਰੋਲਿਟਿਕ ਯੂਨਿਟ
ਪਰਨੀਤ ਕੌਰ ਕਾਰਜਕਾਰੀ ਸੰਪਾਦਕ-ਜਲੰਧਰ/ਚੰਡੀਗੜ੍ਹ, 3 ਨਵੰਬਰ- ਪੰਜਾਬ ਦੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਦੇ ਦਿਸ਼ਾ ਨਿਰਦੇਸ਼ਾਂ ’ਤੇ ਪੰਜਾਬ ਸਰਕਾਰ ਵਲੋਂ ਬੇਕਾਰ ਟਾਇਰਾਂ ਤੋਂ ਫਿਯੂਲ ਆਇਲ ਬਣਾਉਣ ਵਾਲੇ ਪਾਇਰੋਲਿਟਿਕ ਉਦਯੋਗਾਂ ਨੂੰ ਵੱਡੀ ਰਾਹਤ ਦਿੰਦਿਆਂ ਇਹ ਯੂਨਿਟ ਅਧਿਕਾਰਤ ਫੋਕਲ ਪੁਆਇੰਟਾਂ ਜਾਂ ਸਨਅਤੀ ਖੇਤਰਾਂ ਵਿਚ ਸਥਾਪਿਤ ਕਰਨ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ। ਅੱਜ ਇੱਥੇ ਇਕ ਸਰਕਾਰੀ ਬੁਲਾਰੇ ਨੇ ਕਿਹਾ ਕਿ ਉਪ ਮੁੱਖ ਮੰਤਰੀ ਵਲੋਂ ਸੂਬੇ ਵਿਚ ਚੱਲ ਰਹੇ 50 ਦੇ ਕਰੀਬ ਪਾਇਰੋਲਿਟਿਕ ਯੂਨਿਟਾਂ ਨੂੰ ਬਚਾਉਣ ਲਈ ਨਿੱਜੀ ਦਖਲ ਦੇਣ ਤੋਂ ਇਲਾਵਾ ਨਵੇਂ ਯੂਨਿਟ ਸਥਾਪਿਤ ਕਰਨ ਲਈ ਨਵੀਂ ਨੀਤੀ ਤਿਆਰ ਕੀਤੀ ਗਈ ਹੈ। ਵਾਤਾਵਰਣ ਤੇ ਕਾਨੂੰਨੀ ਪੱਖਾਂ ਨਾਲ ਸਬੰਧਿਤ ਵੱਖ-ਵੱਖ ਮੁੱਦਿਆਂ ਦੇ ਹੱਲ ਤੋਂ ਇਲਾਵਾ ਆਮ ਲੋਕਾਂ ਵਲੋਂ ਦਿੱਤੇ ਗਏ
ਸੁਝਾਵਾਂ ਤੇ ਇਤਰਾਜ਼ਾਂ ਦੇ ਮੱਦੇਨਜ਼ਰ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵਲੋਂ ਨਵੀਂ ਨੀਤੀ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ। ਇਸ ਤਹਿਤ ਬੇਕਾਰ ਟਾਇਰਾਂ ਤੋਂ ਈਂਧਣ ਬਣਾਉਣ ਵਾਲੀ ਪਾਇਰੋਲਿਟਿਕ ਸਨਅਤ ਲਈ ਪੰਜਾਬ ਸਰਕਾਰ ਵਲੋਂ ਨਵੀਂਆਂ ਹਦਾਇਤ੍ਯਾਂ ਜਾਰੀ ਕੀਤੀਆਂ ਗਈਆਂ ਹਨ। ਇਸੇ ਨਵੀਂ ਨੀਤੀ ਤਹਿਤ ਸਾਇੰਸ, ਤਕਨੀਕ ਤੇ ਵਾਤਾਵਰਣ ਵਿਭਾਗ ਵਲੋਂ ਪ੍ਰਵਾਨਿਤ ਫੋਕਲ ਪੁਆਇੰਟਾਂ, ਸਨਅਤੀ ਖੇਤਰਾਂ ਵਿਚ ਨਵੇਂ ਪ੍ਰੋਲੇੋਟਿਕ ਯੂਨਿਟ ਸਥਾਪਿਤ ਕਰਨ ਨੂੰ ਵੀ ਹਰੀ ਝੰਡੀ ਦੇ ਦਿੱਤੀ ਗਈ ਹੈ। ਇਸ ਤੋਂ ਇਲਾਵਾ ਵਰਤਮਾਨ ਸਮੇਂ ਚੱਲ ਰਹੇ ਯੂਨਿਟ ਜਿਨ੍ਹਾਂ ਨੇ 31 ਮਾਰਚ 2013 ਤੋਂ ਪਹਿਲਾਂ ਮਨਜ਼ੂਰੀ ਲਈ ਬਿਨੈਪੱਤਰ ਦਿੱਤੇ ਸਨ ਤੇ ਉਹ ਨਵੇਂ ਦਿਸ਼ਾ ਨਿਰਦੇਸ਼ਾਂ ’ਤੇ ਖਰ੍ਹੇ ਉਤਰਦੇ ਹਨ , ਨੂੰ ਵੀ ਮਨਜ਼ੂਰੀ ਦੇ ਦਿੱਤੀ ਗਈ ਹੈ।
ਵਾਤਾਵਰਣ ਦੀ ਸੰਭਾਲ ਲਈ ਇਨ੍ਹਾਂ ਯੂਨਿਟਾਂ ਲਈ ਕੰਮ-ਕਾਜੀ ਤਰੀਕਿਆਂ ਤੇ ਪ੍ਰਦੂਸ਼ਣ ਘਟਾਉਣ ਦੇ ਯਤਨਾਂ ਲਈ ਵੀ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਇਕ ਹੋਰ ਅਹਿਮ ਫੈਸਲੇ ਤਹਿਤ ਨਵੇਂ ਲੱਗਣ ਵਾਲੇ ਯੂਨਿਟਾਂ ਤੇ ਪਹਿਲਾਂ ਚੱਲ ਰਹੇ ਯੂਨਿਟਾਂ ’ਤੇ ਵਿਦੇਸ਼ਾਂ ਜਾਂ ਦੇਸ਼ ਦੇ ਹੋਰਨਾਂ ਸੂਬਿਆਂ ਤੋਂ ਕੱਚਾ ਮਾਲ ਮੰਗਵਾਉਣ ’ਤੇ ਵੀ ਪੂਰਨ ਪਾਬੰਦੀ ਲਾ ਦਿੱਤੀ ਗਈ ਹੈ। ਇਹ ਸਾਰੇ ਯੂਨਿਟ ਪੰਜਾਬ ਵਿਚ ਹੀ ਤਿਆਰ ਟਾਇਰਾਂ ਤੇ ਰਬੜ ਉਤਪਾਦਾਂ ਦੀ ਵਰਤੋਂ ਕਰ ਸਕਣਗੇ। ਪਾਇਰੋਲਿਟਿਕ ਯੂਨਿਟਾਂ ਵਲੋਂ ਗੰਦਾ ਪਾਣੀ ਖੁੱਲਾ ਛੱਡਣ ’ਤੇ ਵੀ ਪੂਰਨ ਪਾਬੰਦੀ ਹੋਵੇਗੀ ਤੇ ਨਵੇਂ ਯੂਨਿਟਾਂ ਨੂੰ ਪਲਾਂਟ ਦੀ ਬਾਹਰੀ ਬਾਊਂਡਰੀ ਦੇ ਨਾਲ-ਨਾਲ 4 ਮੀਟਰ ਚੌੜੀ ਹਰੀ ਪੱਟੀ ਵਿਕਸਤ ਕਰਨ ਦੇ ਵੀ ਹੁਕਮ ਦਿੱਤੇ ਗਏ ਹਨ।
ਉਪ ਮੁੱਖ ਮੰਤਰੀ ਵਲੋਂ ਨਵੀਂਆਂ ਹਦਾਇਤਾਂ ਦੀ ਇੰਨ-ਬਿੰਨ ਪਾਲਣਾ ਯਕੀਨੀ ਬਣਾਉਣ ਲਈ ਸਬੰਧਿਤ ਵਿਭਾਗਾਂ ਨੂੰ ਹੁਕਮ ਦਿੱਤੇ ਗਏ ਹਨ। ਜ਼ਿਕਰਯੋਗ ਹੈ ਕਿ ਪਾਇਰੋਲਿਟਿਕ ਸਨਅਤ ਵਲੋਂ ਪੈਦਾ ਕੀਤੇ ਜਾ ਰਹੇ ਪ੍ਰਦੂਸ਼ਣ ਸਬੰਧੀ ਉਪ ਮੁੱਖ ਮੰਤਰੀ ਵਲੋਂ ਅਨੇਕਾਂ ਸ਼ਿਕਾਇਤਾਂ ਪ੍ਰਾਪਤ ਕੀਤੀਆਂ ਗਈਆਂ ਸਨ ਜਿਸ ਸਬੰਧੀ ਉਪ ਮੁੱਖ ਮੰਤਰੀ ਵਲੋਂ ਅਨੇਕਾਂ ਮੀਟਿੰਗਾਂ ਕਰਕੇ ਵਾਤਾਵਰਣ ਤੇ ਸੁਰੱਖਿਆ ਨਾਲ ਸਬੰਧਿਤ ਖਦਸ਼ਿਆਂ ਨੂੰ ਦੂਰ ਕਰਕੇ ਸਨਅਤ ਦੇ ਬਚਾਅ ਲਈ ਨਵੀਂ ਨੀਤੀ ਲਾਗੂ ਕੀਤੀ ਗਈ ਹੈ।



