ਸੰਯੁਕਤ ਰਾਸ਼ਟਰ, 29 ਅਕਤੂਬਰ (ਪੀ. ਟੀ.)- ਸੰਯੁਕਤ ਰਾਸ਼ਟਰ ਦੇ ਜਨਰਲ ਸਕੱਤਰ ਬਾਨ ਕੀ ਮੂਨ ਨੇ ਇਬੋਲਾ ਦੇ ਕਹਿਰ ਕਾਰਨ ਕੁਝ ਦੇਸ਼ਾਂ ਵਲੋਂ ਯਾਤਰਾ ਪ੍ਰਤੀਬੰਧ ਅਤੇ ਸਰਹੱਦਾਂ ਨੂੰ ਬੰਦ ਕੀਤੇ ਜਾਣ ਦੀ ਆਲੋਚਨਾ ਕੀਤੀ ਹੈ। ਉਨ੍ਹਾਂ ਨੇ ਦੇਸ਼ਾਂ ਨੂੰ ਹੜਬੜੀ ਵਾਲਾ ਮਾਹੌਲ ਨਾ ਪੈਦਾ ਕਰਨ ਦੀ ਅਪੀਲ ਕਰਦੇ ਹੋਏ ਕਿਹਾ ਕਿ ਇਬੋਲਾ ਨੂੰ ਰੋਕਣ ਦਾ ਇਕ ਮਾਤਰ ਤਰੀਕਾ ਇਹ ਹੈ ਕਿ ਉਸ ਨੂੰ ਉਸ ਦੇ ਮੂਲ ਸਥਾਨ ‘ਤੇ ਹੀ ਖ਼ਤਮ ਕੀਤਾ ਜਾਵੇ। ਬਾਨ ਨੇ ਅਫ਼ਰੀਕੀ ਸੰਘ ਕਮਿਸ਼ਨ ਅਤੇ ਵਿਸ਼ਵ ਬੈਂਕ ਦੇ ਪ੍ਰਮੁੱਖ ਨਾਲ ਇਥੋਪੀਆ ਦੀ ਰਾਜਧਾਨੀ ਅਦੀਸ ਅਬਾਬਾ ‘ਚ ਕਿਹਾ ਕਿ ਇਬੋਲਾ ਦੇ ਕਹਿਰ ‘ਤੇ ਪੂਰਾ ਧਿਆਨ ਦਿੱਤੇ ਜਾਣ ਦੀ ਜ਼ਰੂਰਤ ਹੈ। ਹਾਲਾਂਕਿ ਸ਼ਾਂਤ ਰਹਿਣਾ ਬੇਹੱਦ ਜ਼ਰੂਰੀ ਹੈ। ਘਬਰਾਹਟ ਫੈਲਾਉਣ ਬਿਨਾਂ ਹੰਗਾਮੀ ਸਥਿਤੀ ਦੀ ਸਮਝ ਪੈਦਾ ਕਰਨੀ ਚਾਹੀਦੀ ਹੈ। ਇਨ੍ਹਾਂ ਤਿੰਨਾਂ ਨੇ ਇਥੇ ਇਸ ਗੱਲ ‘ਤੇ ਚਰਚਾ ਕੀਤੀ ਹੈ ਕਿ ਕਿਸ ਤਰ੍ਹਾਂ ਤਿੰਨੇ ਸੰਗਠਨ ਪੱਛਮੀ ਅਫ਼ਰੀਕਾ ‘ਚ ਇਬੋਲਾ ਵਾਈਰਸ ਨੂੰ ਫੈਲਣ ਤੋਂ ਰੋਕ ਸਕਦੇ ਹਨ।
ਇਬੋਲਾ ਨੂੰ ਉਸਦੇ ਮੂਲ ਸਥਾਨ ’ਤੇ ਹੀ ਖ਼ਤਮ ਕੀਤਾ ਜਾਵੇ : ਬਾਨ ਕੀ ਮੂਨ


