Skip to content
Independent perspectives. Global stories.
BREAKING

ਨਵੰਬਰ ’84 ਦਾ ਸਿੱਖ ਕਤਲੇਆਮ-ਅਜੇ ਵੀ ਉਡੀਕ ਹੈ ਇਨਸਾਫ਼ ਦੀ

Share this story

ਸਮਕਾਲੀ ਦ੍ਰਿਸ਼ਟੀਕੋਣ
ਡਾ. ਬਰਜਿੰਦਰ ਸਿੰਘ ਹਮਦਰਦ
ਮੁਖ ਸੰਪਾਦਕ
ਅਜੀਤ ਗਰੁੱਪ (ਜਲੰਧਰ
)
Page-1_30 30 ਸਾਲ ਦਾ ਅਰਸਾ ਬੀਤ ਚੁੱਕਾ ਹੈ। ਤਿੰਨ ਦਹਾਕਿਆਂ ਦੇ ਇਸ ਲੰਮੇ ਸਮੇਂ ਤੋਂ ਬਾਅਦ ਜ਼ਖ਼ਮ ਭਰੇ ਨਹੀਂ, ਸਗੋਂ ਅੱਲੇ ਹਨ। ਆਜ਼ਾਦੀ ਤੋਂ ਬਾਅਦ ਦੇ ਭਾਰਤ ਦੇ ਲੋਕਤੰਤਰੀ ਇਤਿਹਾਸ ਵਿਚ ਸ਼ੁਰੂ ਨਵੰਬਰ 1984 ਦਾ ਸਮਾਂ ਭੁੱਲਣ ਵਾਲਾ ਨਹੀਂ ਹੈ। ਇਨ੍ਹਾਂ ਦਿਨਾਂ ਵਿਚ ਜਿਸ ਤਰ੍ਹਾਂ ਇਕ ਭਾਈਚਾਰੇ ਨੂੰ ਹਿੰਸਾ ਦਾ ਨਿਸ਼ਾਨਾ ਬਣਾਇਆ ਗਿਆ, ਉਸ ਨੇ ਇਤਿਹਾਸ ਦੇ ਵਰਕਿਆਂ ਨੂੰ ਕਾਲੇ ਧੱਬਿਆਂ ਨਾਲ ਭਰ ਦਿੱਤਾ ਹੈ। ਹੁਣ ਇਸ ਗੱਲ ਵਿਚ ਕੋਈ ਸ਼ੱਕ ਦੀ ਗੁੰਜਾਇਸ਼ ਨਹੀਂ ਰਹੀ ਕਿ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਉਸ ਸਮੇਂ ਦੇ ਕਾਂਗਰਸ ਦੇ ਕਈ ਮੋਹਰੀਆਂ ਵੱਲੋਂ ਯੋਜਨਾਬੱਧ ਢੰਗ ਨਾਲ ਸਿੱਖ ਭਾਈਚਾਰੇ ‘ਤੇ ਹਮਲੇ ਕੀਤੇ ਗਏ ਸਨ, ਜਿਨ੍ਹਾਂ ਵਿਚ ਹਜ਼ਾਰਾਂ ਹੀ ਵਿਅਕਤੀ ਬੇਰਹਿਮੀ ਨਾਲ ਮਾਰ ਦਿੱਤੇ ਗਏ ਸਨ।ਉਸ ਸਮੇਂ ਕੇਂਦਰ ਵਿਚ ਕਾਂਗਰਸ ਦੀ ਹਕੂਮਤ ਸੀ, ਜਿਸ ਕਰਕੇ ਇਨ੍ਹਾਂ ਦੰਗਿਆਂ

ਸਬੰਧੀ ਬਹੁਤੇ ਸਬੂਤਾਂ ਨੂੰ ਨਸ਼ਟ ਕਰ ਦਿੱਤਾ ਗਿਆ ਪਰ ਇਸ ਦੇ ਨਾਲ ਹੀ ਉਸ ਸਮੇਂ ਵੱਖ-ਵੱਖ ਜਥੇਬੰਦੀਆਂ ਵੱਲੋਂ ਵਿਸਥਾਰਤ ਰਿਪੋਰਟਾਂ ਵੀ ਛਾਪੀਆਂ ਗਈਆਂ ਸਨ, ਜਿਨ੍ਹਾਂ ਵਿਚ ਦੰਗੇ ਭੜਕਾਉਣ ਵਾਲੇ ਅਤੇ ਇਨ੍ਹਾਂ ਵਿਚ ਹਿੱਸਾ ਲੈਣ ਵਾਲੇ ਪ੍ਰਮੁੱਖ ਦੋਸ਼ੀਆਂ ਦੀ ਸ਼ਨਾਖ਼ਤ ਕੀਤੀ ਗਈ ਸੀ। ਇਸ ਦੌਰਾਨ ਸਮੇਂ ਦੀਆਂ ਸਰਕਾਰਾਂ ਵੱਲੋਂ ਇਨ੍ਹਾਂ ਦੰਗਿਆਂ ਦੀ ਪੁਣ-ਛਾਣ ਲਈ ਅਨੇਕਾਂ ਕਮੇਟੀਆਂ ਅਤੇ ਕਮਿਸ਼ਨ ਨਿਯੁਕਤ ਕੀਤੇ ਗਏ ਸਨ। ਅਫ਼ਸੋਸ ਇਸ ਗੱਲ ਦਾ ਹੈ ਕਿ ਬਾਅਦ ਵਿਚ ਇਨ੍ਹਾਂ ਰਿਪੋਰਟਾਂ ‘ਤੇ ਕੋਈ ਅਮਲ ਨਹੀਂ ਕੀਤਾ ਗਿਆ। ਇਕ ਪਾਸੇ ਹਜ਼ਾਰਾਂ ਹੀ ਵਿਅਕਤੀਆਂ ਦਾ ਦਿਨ-ਦਿਹਾੜੇ ਕਤਲ ਕਰ ਦਿੱਤਾ ਗਿਆ ਹੋਵੇ ਅਤੇ ਦੂਸਰੇ ਪਾਸੇ ਸਾਹਮਣੇ ਆਏ ਨਾਵਾਂ ਸਬੰਧੀ ਕੋਈ ਪ੍ਰਭਾਵਸ਼ਾਲੀ ਕਾਰਵਾਈ ਨਾ ਕੀਤੀ ਜਾਵੇ, ਇਸ ਤੋਂ ਵੱਡੀ ਬੇਇਨਸਾਫ਼ੀ ਹੋਰ ਕੀ ਹੋ ਸਕਦੀ ਹੈ? ਪਰ ਇਸ ਦੇ ਨਾਲ-ਨਾਲ ਇਹ ਗੱਲ ਜ਼ਰੂਰ ਧਿਆਨ ਦੇਣ ਵਾਲੀ ਹੈ ਕਿ ਤਿੰਨ ਦਹਾਕਿਆਂ ਬਾਅਦ ਵੀ ਜੇਕਰ ਇਸ ਮਸਲੇ ਬਾਰੇ ਪੂਰਾ ਇਨਸਾਫ਼ ਨਹੀਂ ਕੀਤਾ ਜਾ ਸਕਿਆ ਤਾਂ ਇਹ ਗੱਲ ਹਾਲੇ ਤੱਕ ਖ਼ਤਮ ਵੀ ਨਹੀਂ ਹੋਈ, ਨਾ ਹੀ ਇਹ ਖ਼ਤਮ ਹੋਣ ਵਾਲੀ ਲਗਦੀ ਹੈ। ਕਿਉਂਕਿ ਕੁਝ ਵਿਅਕਤੀ ਅਤੇ ਸੰਸਥਾਵਾਂ ਪੂਰੀ ਤਰ੍ਹਾਂ ਨਿਸ਼ਠਾਵਾਨ ਹੋ ਕੇ ਲਗਨ ਨਾਲ ਇਸ ਪਾਸੇ ਲੱਗੀਆਂ ਹੋਈਆਂ ਹਨ। ਉਠਦਾ ਇਹ ਧੂੰਆਂ ਖ਼ਤਮ ਹੋਣ ਵਾਲਾ ਨਹੀਂ ਜਾਪਦਾ। ਇਹ ਠੀਕ ਹੈ ਕਿ ਵਾਪਰੇ ਇਸ ਦੁਖਾਂਤ ਤੋਂ ਬਾਅਦ ਕਾਇਮ ਹੋਈਆਂ ਕਾਂਗਰਸੀ ਹਕੂਮਤਾਂ ਦਾ ਰਵੱਈਆ ਤਾਂ ਇਸ ਕਾਂਡ ‘ਤੇ ਮਿੱਟੀ ਪਾਉਣ ਵਾਲਾ ਅਤੇ ਇਸ ਨੂੰ ਕਿਸੇ ਨਾ ਕਿਸੇ ਤਰ੍ਹਾਂ ਦਬਾਉਣ ਵਾਲਾ ਹੀ ਹੋਣਾ ਸੀ। ਪਰ ਗ਼ੈਰ-ਕਾਂਗਰਸੀ ਸਰਕਾਰਾਂ ਨੂੰ ਤਾਂ ਦੇਸ਼ ਦੀਆਂ ਪਰੰਪਰਾਵਾਂ ਨੂੰ ਕਾਇਮ ਰੱਖਦੇ ਹੋਏ ਅਤੇ ਸੰਵਿਧਾਨਕ ਨਿਯਮਾਂ ਦੀ ਪਾਲਣਾ ਕਰਦੇ ਹੋਏ ਇਸ ਸਬੰਧੀ ਪ੍ਰਭਾਵਿਤ ਧਿਰਾਂ ਨੂੰ ਇਨਸਾਫ਼ ਦੁਆਉਣ ਲਈ ਕਦਮ ਚੁੱਕਣੇ ਹੀ ਚਾਹੀਦੇ ਸਨ। ਜੇ ਹੁਣ ਅਜਿਹਾ ਨਾ ਹੋਇਆ ਤਾਂ ਦੇਸ਼ ਕਦੀ ਵੀ ਆਪਣੀਆਂ ਸੰਵਿਧਾਨਕ ਕਦਰਾਂ-ਕੀਮਤਾਂ ‘ਤੇ ਮਾਣ ਨਹੀਂ ਕਰ ਸਕੇਗਾ।ਇਹ ਗੱਲ ਬੇਹੱਦ ਸੰਤੁਸ਼ਟੀਜਨਕ ਹੈ ਕਿ ਸਮੇਂ-ਸਮੇਂ ਸਮਾਜ ਦੇ ਵੱਖ-ਵੱਖ ਵਰਗਾਂ ਨੇ ਇਸ ਸਬੰਧੀ ਵੱਡਾ ਹਾਅ ਦਾ ਨਾਅਰਾ ਮਾਰਿਆ ਹੈ। ਪਿਛਲੇ ਦਿਨੀਂ ਭਾਰਤ ਦੇ ਸ੍ਰੀ ਕੈਲਾਸ਼ ਸਤਿਆਰਥੀ ਨੂੰ ਦੁਨੀਆ ਦੇ ਬੇਹੱਦ ਵੱਕਾਰੀ ਨੋਬਲ ਪੁਰਸਕਾਰ ਨਾਲ ਸਨਮਾਨਿਆ ਗਿਆ ਹੈ। ਉਨ੍ਹਾਂ ਨੇ ਵੀ ਵਾਪਰੇ ਇਸ ਕਾਂਡ ਸਬੰਧੀ ਆਪਣੀਆਂ ਭਾਵਨਾਵਾਂ ਦਾ ਇਜ਼ਹਾਰ ਕਰਦੇ ਹੋਏ ਕਿਹਾ ਹੈ ਕਿ ਇਹ ਇਕ ਬਹੁਤ ਵੱਡੀ ਬੇਇਨਸਾਫ਼ੀ ਸੀ, ਜਿਸ ਦੀ ਭਰਪਾਈ ਕੀਤੀ ਜਾਣੀ ਜ਼ਰੂਰੀ ਹੈ। ਇਸ ਲਈ ਅਜਿਹਾ ਕਰਨਾ ਸਮੁੱਚੇ ਦੇਸ਼ ਦੀ ਜ਼ਿੰਮੇਵਾਰੀ ਬਣ ਜਾਂਦੀ ਹੈ। ਅਜਿਹੀਆਂ ਭਾਵਨਾਵਾਂ ਰੱਖਣ ਵਾਲੇ ਅਨੇਕਾਂ ਲੋਕ ਹਨ, ਜੋ ਇਸ ਵਿਰੁੱਧ ਆਵਾਜ਼ ਉਠਾਉਣ ਵਾਲੇ ਲੋਕਾਂ ਅਤੇ ਸੰਸਥਾਵਾਂ ਦੇ ਮਨ ਨੂੰ ਕੁਝ ਰਾਹਤ ਦਿੰਦੇ ਹਨ।

WRITTEN BY