ਬਰਨਾਲਾ, 27 ਅਕਤੂਬਰ (ਰਾਮ ਸਿੰਘ ਧਨੌਲਾ)- ਅਜ਼ਾਦੀ ਸੰਗਰਾਮ ਦੇ ਮਹਾਨ ਸ਼ਹੀਦ ਊਧਮ ਸਿੰਘ ਉਰਫ਼ ਰਾਮ ਮੁਹੰਮਦ ਸਿੰਘ ਆਜ਼ਾਦ ਦੇ ਜੱਦੀ ਕਸਬੇ ਸੁਨਾਮ ਤੋਂ ਚੱਲੇ ਚਾਰ ਖੱਬੀਆਂ ਪਾਰਟੀਆਂ ਦੇ ਜਥਾ ਮਾਰਚ ਦੇ ਅੱਜ ਕਸਬਾ ਧਨੌਲਾ ਵਿਖੇ ਪੁੱਜਣ ’ਤੇ ਚਾਰਾਂ ਪਾਰਟੀਆਂ ਦੇ ਸਥਾਨਿਕ ਕਾਰਕੁੰਨਾਂ ਅਤੇ ਆਮ ਲੋਕਾਂ ਨਾਹਰਿਆਂ ਦੀ ਗੂੰਜ ਵਿਚ ਭਰਵਾਂ ਇਨਕਲਾਬੀ ਸਵਾਗਤ ਕੀਤਾ ਗਿਆ। ਇਸ ਮੌਕੇ ਹੋਈ ਜਨ ਸਭਾ ਨੂੰ ਸੰਬੋਧਨ ਕਰਦਿਆਂ ਜਥੇ ਦੀ ਅਗਵਾਈ ਕਰ ਰਹੇ ਸੂਬਾਈ ਆਗੂਆਂ ਸਾਥੀ ਹਰਦੇਵ ਸਿੰਘ ਅਰਸ਼ੀ ਮੈਂਬਰ ਕੌਮੀ ਕੌਂਸਲ ਸੀ ਪੀ ਆਈ ਸਾਥੀ ਭੂਪ ਚੰਦ ਚੰਨੋ ਅਤੇ ਬੰਤ ਸਿੰਘ ਨਮੋਹ ਦੋਵੇਂ ਸੂਬਾ ਸਕੱਤਰੇਤ ਮੈਂਬਰ ਸੀ ਪੀ ਆਈ (ਐਮ) ਸਾਥੀ ਭੀਮ ਸਿੰਘ ਆਲਮਪੁਰ ਅਤੇ ਮਹੀਪਾਲ ਬਠਿੰਡਾ ਕ੍ਰਮਵਾਰ ਸੂਬਾ
ਸਕੱਤਰੇਤ ਅਤੇ ਸੂਬਾ ਕਮੇਟੀ ਮੈਂਬਰ ਸੀ ਪੀ ਐਮ ਪੰਜਾਬ, ਭਗਵੰਤ ਸਿੰਘ ਸਮਾਉਂ ਅਤੇ ਗੁਰਪ੍ਰੀਤ ਸਿੰਘ ਰੂੜੇਕੇ ਦੋਵੇਂ ਸੂਬਾ ਸਕੱਤਰੇਤ ਮੈਂਬਰ ਸੀ ਪੀ ਆਈ (ਐਮ ਐਲ) ਲਿਬਰੇਸ਼ਨ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਦੇਸ਼ੀ-ਵਿਦੇਸ਼ੀ ਧਨਾਢਾਂ ਨੂੰ ਵੱਡੇ ਲਾਭ ਪਹੁੰਚਾਉਣ ਅਤੇ ਕਿਰਤੀ ਕਿਸਾਨਾਂ ਦੇ ਹਿੱਤਾਂ ਦਾ ਘਾਣ ਕਰਨ ਦੀ ਮੰਸ਼ਾ ਅਧੀਨ ਮਨਰੇਗਾ ਨੂੰ ਖਤਮ ਕਰਨ ਅਤੇ ਭੂਮੀ ਅਧਿਗ੍ਰਹਿਣ ਕਾਨੂੰਨ ਵਿਚ ਕਾਰੋਬਾਰੀ ਘਰਾਣਿਆਂ ਦੇ ਹਿੱਤਾਂ ਦੀ ਪਹਿਰੇਦਾਰੀ ਅਧੀਨ ਕੀਤੀਆਂ ਜਾ ਰਹੀਆਂ ਸੋਧਾਂ ਦੀ ਸਾਜ਼ਿਸ਼ ਲੋਕਾਂ ਦੇ ਸਹਿਯੋਗ ਨਾਲ ਹਰ ਹੀਲੇ ਫੇਲ ਕੀਤੀ ਜਾਵੇਗੀ। ਆਗੂਆਂ ਨੇ ਕਿਹਾ ਕਿ ਮੋਦੀ ਸਰਕਾਰ ਵਾਲੀਆਂ ਹੀ ਨੀਤੀਆਂ ਝੰਡਾ ਬਰਦਾਰ ਸੂਬੇ ਦੀ ਬਾਦਲ ਸਰਕਾਰ ਦੀਆਂ ਨੀਤੀਆਂ ਤੋਂ ਤੰਗ ਆਏ ਕਿਰਤੀ-ਕਿਸਾਨਾਂ ਅਤੇ ਮਿਹਨਤੀ ਵਰਗਾਂ ਦੇ ਘੋਲਾਂ ਨੂੰ ਡਾਂਗ ਦੇ ਜ਼ੋਰ ’ਤੇ ਦਬਾਉਣ ਦੀ ਸਾਜ਼ਿਸ਼ ਤਹਿਤ ਬਣਾਏ ਗਏ ਪੰਜਾਬ ਸਰਕਾਰ ਨਿੱਜੀ ਅਤੇ ਜਨਤਕ ਜਾਇਦਾਦ ਨੁਕਸਾਨ ਰੋਕੂ ਬਿੱਲ 2014 ਰੂਪੀ ਕਾਲਾ ਕਾਨੂੰਨ ਖੱਬੀਆਂ ਪਾਰਟੀਆਂ ਦੀ ਅਗਵਾਈ ਵਿਚ ਵਿਸ਼ਾਲ ਲੋਕ ਅੰਦੋਲਨ ਰਾਹੀਂ ਹਰ ਹੀਲੇ ਪਲਟਾਇਆ ਜਾਵੇਗਾ। ਅਗਵਾਈ ਕਰ ਰਹੇ ਸਾਥੀਆਂ ਨੇ ਸਮੂਹ ਅਗਾਂਹਵਧੂ ਅਤੇ ਸੰਘਰਸ਼ੀਲ ਧਿਰਾਂ ਨੂੰ ਅਪੀਲ ਕੀਤੀ ਕਿ ਰੇਤ-ਬਜ਼ਰੀ ਮਾਫੀਆ, ਕੇਬਲ ਟਰਾਂਸਪੋਰਟ ਮਾਫੀਆ, ਨਸ਼ਾ ਸਮੱਗਲਰਾਂ, ਭੂ ਮਾਫੀਆ ਵੱਲੋਂ ਕੀਤੀ ਜਾ ਰਹੀ ਅੰਨ੍ਹੀ ਲੁੱਟ ਅਤੇ ਸਮਾਜਕ ਢਾਂਚੇ ਨੂੰ ਪਹੁੰਚਾਏ ਜਾ ਰਹੇ ਸਦੀਵੀਂ ਨੁਕਸਾਨ ਖਿਲਾਫ ਚਲਾਏ ਜਾ ਰਹੇ ਖੱਬੀਆਂ ਧਿਰਾਂ ਦੇ ਲੋਕ ਪੱਖੀ ਵਾਲੇ ਅੰਦੋਲਨ ਨੂੰ ਹਰ ਪੱਖ ਤੋਂ ਸਹਿਯੋਗ ਦਿੱਤਾ ਜਾਵੇ। ਆਗੂਆਂ ਨੇ ਕਿਹਾ ਕਿ ਖੱਬੀਆਂ ਪਾਰਟੀਆਂ ਦੇ ਪਹਿਲੇ ਪੜਾਅ ’ਚ ਸਾਰੇ ਜ਼ਿਲ੍ਹਾਂ ਕੇਂਦਰਾਂ ’ਤੇ ਮੁਜ਼ਾਹਰੇ/ਰੈਲੀਆਂ ਕਰਨ ਉਪਰੰਤ ਜਥਾ ਮਾਰਚ ਦੇ ਸੰਪੰਨ ਹੋਣ ਪਿੱਛੇ ਪਿੰਡ-ਮੁਹੱਲਾ ਪੱਧਰ ’ਤੇ ਵਿਸ਼ਾਲ ਜਨ ਸੰਪਰਕ ਮੁਹਿੰਮ ਚਲਾਉਣ ਤੋਂ ਬਾਅਦ 28 ਨਵੰਬਰ ਨੂੰ ਲੁਧਿਆਣਾ ਵਿਖੇ ਵਿਸ਼ਾਲ ਮਿਹਨਤਕਸ਼ ਰੈਲੀ ਕੀਤੀ ਜਾਵੇਗੀ ਜਿਸ ਵਿਚ ਹਜ਼ਾਰਾਂ ਲੋਕੀ ਹਿੱਸਾ ਲੈਣਗੇ। ਉਨ੍ਹਾਂ ਕਿਹਾ ਕਿ ਰੈਲੀ ਤੋਂ ਬਾਅਦ ਜਨਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ ਜਿਸ ਤਹਿਤ ਜੇਲ੍ਹ ਭਰੋ ਅੰਦੋਲਨ ਹੋ ਸਕਦਾ ਹੈ। ਆਗੂਆਂ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਕੇਂਦਰ ਅਤੇ ਸੂਬਾ ਸਰਕਾਰਾਂ ਬਿਨਾਂ ਦੇਰੀ ਲੋਕਾਂ ਦੀਆਂ ਹੱਕੀ ਮੰਗਾਂ ਮੰਨੇ ਜਾਣ ਦਾ ਐਲਾਨ ਕਰੇ ਜਾਂ ਫਿਰ ਸੂਬੇ ਦੇ ਲੱਖਾਂ ਕੀਰਤੀ ਕਿਸਾਨਾਂ ਦੇ ਮਨਾਂ ਅੰਦਰ ਬਲਦੀ ਰੋਸ ਦੀ ਅੱਗ ਦਾ ਸੇਕ ਝੱਲਣ ਲਈ ਤਿਆਰ ਰਹਿਣ। ਆਗੂਆਂ ਨੇ ਮੰਗ ਕੀਤੀ ਕਿ ਸੂਬੇ ਦੇ ਨੌਜਵਾਨਾਂ ਨੂੰ ਸਥਾਈ ਰੋਜ਼ਗਾਰ ਦੇਣ ਹਿੱਤ ਵੱਖੋ-ਵੱਖ ਵਿਭਾਗਾਂ ਵਿਚ ਖਾਲੀ ਪਈਆਂ ਅਸਾਮੀਆਂ ਤੁਰੰਤ ਭਰੀਆਂ ਜਾਣ, ਨਿੱਜੀਕਰਣ ਦੀ ਰੱਦੀ ਨੀਤੀ ਛੱਡਦਿਆਂ ਸਾਰੇ ਗਰੀਬਾਂ ਲਈ ਮੁਫਤ ਵਿੱਦਿਆ/ਸਿਹਤ ਸੇਵਾਵਾਂ/ਪੀਣ ਵਾਲਾ ਸਾਫ ਪਾਣੀ/ ਵਿਗਿਆਨਕ ਢੰਗ ਦੇ ਪਖਾਨਿਆਂ ਅਤੇ ਸਾਫ-ਸਫਾਈ ਦੀ ਇੰਤਜ਼ਾਮ ਕੀਤਾ ਜਾਵੇ, ਬੇਘਰਿਆਂ ਨੂੰ ਮਕਾਨ ਬਣਾਉਣ ਲਈ ਤਿੰਨ ਲੱਖ ਰੁਪੇ ਦੀ ਗ੍ਰਾਂਟ ਅਤੇ 10-10 ਮਰਲੇ ਪਲਾਟ ਦਿੱਤੇ ਜਾਣ, ਬੁਢਾਪਾ/ਵਿਧਵਾਵਾਂ/ਅੰਗਹੀਨ ਆਸ਼੍ਰਿਤ ਪੈਨਸ਼ਨਾਂ ਤਿੰਨ ਹਜ਼ਾਰ ਰੁਪਏ ਪ੍ਰਤੀ ਮਹੀਨਾ ਕੀਤੀਆਂ ਜਾਣ ਅਤੇ ਅਦਾਇਗੀ ਨਿਰਵਿਘਣ ਯਕੀਨੀ ਬਣਾਈ ਜਾਵੇ, ਮਨਰੇਗਾ ਦਾ ਵਿਸਥਾਰ ਕਰਦੇ ਹੋਏ ਸਾਰੇ ਪਰਿਵਾਰ ਨੂੰ ਸਾਰਾ ਸਾਲ ਘੱਟੋ-ਘੱਟ 350 ਰੁਪਏ ਦੀ ਪ੍ਰਤੀ ਦਿਨ ਦੀ ਉਜਰਤ ਅਧੀਨ ਕੰਮ ਦਿੱਤਾ ਜਾਵੇ, ਹਰ ਪੱਧਰ ’ਤੇ ਫੈਲੇ ਭ੍ਰਿਸ਼ਟਾਚਾਰ/ਗੁੰਡਾਗਰਦੀ/ਔਰਤਾਂ ਪ੍ਰਤੀ ਜਿਣਸੀ ਅਪਰਾਧਾਂ ਅਤੇ ਪ੍ਰਸ਼ਾਸਕੀ ਬਦਇੰਤਜ਼ਾਮੀ ’ਤੇ ਸਖਤੀ ਨਾਲ ਕਾਬੂ ਕੀਤਾ ਜਾਵੇ। ਵਰਨਣਯੋਗ ਹੈ ਕਿ ਉਪਰੋਕਤ ਮਤਵਾਂ ਦੀ ਪੂਰਤੀ ਲਈ ਚਾਰਾਂ ਪਾਰਟੀਆਂ ਦੇ ਤਿੰਨ ਹੋਰ ਜਥੇ ਕ੍ਰਮਵਾਰ ਜਲ੍ਹਿਆਂ ਵਾਲਾ ਬਾਗ, ਖਟਕੜ ਕਲਾਂ ਅਤੇ ਹੁਸੈਨੀਵਾਲਾ ਤੋਂ ਚੱਲ ਕੇ ਪਿੰਡਾਂ/ਕਸਬਿਆਂ ਅੰਦਰ ਜਨਸੰਭਾਵਾਂ ਨੂੰ ਸੰਬੋਧਨ ਕਰਕ ਰਹੇ ਹਨ। ਅੱਜ ਦਾ ਜਥਾ ਇਸ ਤੋਂ ਪਹਿਲਾਂ ਭਦੌੜ, ਤਪਾ, ਚੰਨਵਾਲਾ ਅਤੇ ਮਹਿਲਕਲਾਂ ਵਿਖੇ ਵੀ ਜਨਤਕ ਇਕੱਠਾਂ ਨੂੰ ਸੰਬੋਧਨ ਕਰਕੇ ਆਇਆ ਹੈ। ਇਨ੍ਹਾਂ ਜਨਸਭਾਵਾਂ ਨੂੰ ਜ਼ਿਲ੍ਹੇ ਦੇ ਆਗੂਆਂ ਮਲਕੀਤ ਸਿੰਘ ਵਜੀਦਕੇ ਖੁਸ਼ੀਆ ਸਿੰਘ, ਜਸਵੰਤ ਸਿੰਘ, ਹਰਮਨਦੀਪ ਸਿੰਘ ਹਿੰਮਤਪੁਰਾ, ਲਾਲਾ ਸਿੰਘ ਧਨੌਲਾ, ਭੋਲਾ ਸਿੰਘ ਕਲਾਲਮਾਜਰਾ, ਜਗਰਾਜ ਸਿੰਘ ਰਾਮਾ, ਰੂਪ ਸਿੰਘ ਤਪਾ, ਸ਼ੇਰ ਸਿੰਘ, ਸਾਧਾ ਸਿੰਘ ਵਿਰਕ, ਗੁਰਦੇਵ ਸਿੰਘ ਦਰਦੀ, ਉਜਾਗਰ ਸਿੰਘ, ਭਾਨ ਸਿੰਘ ਸੰਘੇੜਾ, ਸੁਖਜੰਟ ਸਿੰਘ, ਯਸ਼ਪਾਲ ਸ਼ਰੀਹਾਂ, ਜੀਤ ਸਿੰਘ ਪੱਖੋਂ, ਗੁਰਦੇਵ ਸਿੰਘ ਸਹਿਜੜਾ, ਸੁਰਜੀਤ ਸਿੰਘ ਦਿਹੜ ਆਦਿ ਆਗੂਆਂ ਨੇ ਸੰਬੋਧਨ ਕੀਤਾ। ਸਾਰੀਆਂ ਜਨ ਸੰਭਾਵਾਂ ਦੌਰਾਨ ਬਿੱਲੂ ਨਮੋਲ, ਭੁਪਿੰਦਰ ਭੱਟੀ, ਜਸਵੀਰ ਸਿੰਘ ਖਾਰਾ ਦੀ ਟੀਮ ਵੱਲੋਂ ਇਨਕਲਾਬੀ ਗੀਤ-ਸੰਗੀਤ ਨਾਲ ਲੋਕਾਂ ਦਾ ਭਰਪੂਰ ਮਨੋਰੰਜਨ ਕੀਤਾ।



