ਮੋਦੀ ’ਚ ਹਿੰਮਤ ਹੈ ਤਾਂ ਸਾਰੇ ਨਾਂਅ ਦੱਸੇ ਸਰਕਾਰ : ਕਾਂਗਰਸ
ਨਵੀਂ ਦਿੱਲੀ, 27 ਅਕਤੂਬਰ (ਪੀ. ਟੀ. ਲਾਇਵ)- ਕੇਂਦਰ ਸਰਕਾਰ ਨੇ ਵਿਦੇਸ਼ੀ ਬੈਂਕਾਂ ਵਿੱਚ ਜਮ੍ਹਾਂ ਕਾਲਾ ਧਨ ਰੱਖਣ ਵਾਲੇ ਤਿੰਨ ਵੱਡੇ ਕਾਰੋਬਾਰੀਆਂ ਦੇ ਨਾਮ ਉਜਾਗਰ ਕੀਤੇ ਹਨ। ਸਰਕਾਰ ਨੇ ਅੱਜ ਬੰਦ ਲਿਫਾਫੇ ਵਿੱਚ ਇਨ੍ਹਾਂ ਕਾਰੋਬਾਰੀਆਂ ਦੇ ਨਾਵਾਂ ਦੀ ਸੂਚੀ ਸੁਪਰੀਮ ਕੋਰਟ ਸਾਹਮਣੇ ਪੇਸ਼ ਕੀਤੀ। ਉਚ ਪੱਧਰੀ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਇਨ੍ਹਾਂ ਨਾਵਾਂ ਵਿੱਚ ਮਸ਼ਹੂਰ ਕੰਪਨੀ ਡਾਬਰ ਦੇ ਸਾਬਕਾ ਡਾਇਰੈਕਟਰ ਪ੍ਰਦੀਪ ਬਰਮਨ, ਰਾਜਕੋਟ ਦੇ ਕਾਰੋਬਾਰੀ ਪੰਕਜ ਚਮਨਲਾਲ ਲੋਧੀਆ ਅਤੇ ਗੋਆ ਦੀ ਖਨਨ ਕਿੰਗ ਰਾਧਾ ਟਿੰਬਲੂ ਸ਼ਾਮਿਲ ਹਨ। ਕੇਂਦਰ ਸਰਕਾਰ ਨੇ ਅਦਾਲਤ ਵਿੱਚ ਇੱਕ ਹਲਫਨਾਮਾ ਦਾਖਿਲ ਕਰਕੇ ਇਨ੍ਹਾਂ ਨਾਵਾਂ ਦਾ ਜ਼ਿਕਰ ਕੀਤਾ। ਇਨ੍ਹਾਂ ਤਿੰਨਾਂ ਦੇ ਵਿਰੁੱਧ ਵਿਦੇਸ਼ੀ ਬੈਂਕਾਂ ਵਿੱਚ ਗੁਪਤ ਢੰਗ ਨਾਲ ਧਨ ਰੱਖਣ ਦੇ ਮਾਮਲੇ ਵਿੱਚ ਕਾਰਵਾਈ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ।
ਇਸੇ ਦੌਰਾਨ ਡਾਬਰ ਕੰਪਨੀ ਦੇ ਸਾਬਕਾ ਡਾਇਰੈਕਟਰ ਪ੍ਰਧੀਪ ਬਰਮਨ ਨੇ ਕਿਹਾ ਹੈ ਕਿ ਉਨ੍ਹਾਂ ਦਾ ਖਾਤਾ ਪੂਰੀ ਤਰ੍ਹਾਂ ਕਾਨੂੰਨੀ ਹੈ। ਉਨ੍ਹਾਂ ਦਾਅਵਾ ਕਰਦਿਆਂ ਕਿਹਾ ਕਿ ਜਿਸ ਵੇਲੇ ਇਹ ਖਾਤਾ ਖੋਲ੍ਹਿਆ ਗਿਆ ਸੀ ਉਹ ਉਸ ਵੇਲੇ ਐਨ ਆਰ ਆਈ ਸਨ ਅਤੇ ਉਨ੍ਹਾਂ ਨੂੰ ਇਹ ਖਾਤਾ ਖੋਲ੍ਹਣ ਦੀ ਕਾਨੂੰਨੀ ਇਜਾਜ਼ਤ ਸੀ। ਦੂਜੇ ਪਾਸੇ ਕੰਪਨੀ ਨੇ ਆਪਣਾ ਪੱਖ ਰੱਖਦਿਆਂ ਕਿਹਾ ਹੈ ਕਿ ਫਿਲਹਾਲ ਪ੍ਰਦੀਪ ਬਰਮਨ ਦਾ ਡਾਬਰ ਨਾਲ ਕੋਈ ਸਬੰਧ ਨਹੀਂ ਹੈ ਅਤੇ ਡਾਬਰ ਇੰਡੀਆ ਲਿਮਟਿਡ ਵਿੱਚ ਕੋਈ ਅਹੁਦਾ ਉਨ੍ਹਾਂ ਕੋਲ ਨਹੀਂ ਹੈ।
ਮੋਦੀ ’ਚ ਹਿੰਮਤ ਹੈ ਤਾਂ ਸਾਰੇ ਨਾਂਅ ਦੱਸੇ : ਕਾਂਗਰਸ- ਸੂਤਰਾਂ ਅਨੁਸਾਰ ਵਿਦੇਸ਼ੀ ਬੈਂਕਾਂ ਵਿੱਚ ਖਾਤਾਧਾਰਕਾਂ ਵਿੱਚ ਜਿਨ੍ਹਾਂ ਨੇਤਾਵਾਂ ਦੇ ਨਾਮ ਸ਼ਾਮਿਲ ਹਨ ਉਨ੍ਹਾਂ ਸਬੰਧੀ ਹਾਲੇ ਸਬੂਤ ਇਕੱਠੇ ਕੀਤੇ ਜਾ ਰਹੇ ਹਨ। ਇਸ ਬਾਰੇ ਪੁਖਤਾ ਜਾਂਚ ਦੇ ਬਾਅਦ ਹੀ ਅਦਾਲਤ ਸਾਹਮਣੇ ਉਨ੍ਹਾਂ ਨਾਵਾਂ ਦਾ ਖੁਲਾਸਾ ਕੀਤਾ ਜਾ ਸਕੇਗਾ। ਅਜੇ ਜਿਹੜੇ ਨਾਂਅ ਸਾਹਮਣੇ ਆ ਰਹੇ ਹਨ ਉਨ੍ਹਾਂ ਨੂੰ ਇਹ ਸਾਬਿਤ ਕਰਨਾ ਹੋਵੇਗਾ ਕਿ ਵਿਦੇਸ਼ੀ ਬੈਂਕਾਂ ਵਿੱਚ ਉਨ੍ਹਾਂ ਨੇ ਜਿਹੜਾ ਪੈਸਾ ਰੱਖਿਆ ਹੈ ਉਹ ਕਾਲਾ ਧਨ ਨਹੀਂ ਹੈ ਅਤੇ ਇਸ ਮਾਮਲੇ ਵਿੱਚ ਰਿਜ਼ਰਵ ਬੈਂਕ ਦੀਆਂ ਹਿਦਾਇਤਾਂ ਦੀ ਉਲੰਘਣਾ ਨਹੀਂ ਕੀਤੀ ਗਈ ਹੈ। ਇਸੇ ਦੌਰਾਨ ਕਾਂਗਰਸ ਨੇ ਭਾਜਪਾ ’ਤੇ ਪਲਟਵਾਰ ਕਰਦਿਆਂ ਕਿਹਾ ਹੈ ਕਿ ਇਸ ਨਾਲ ਅਰੁਣ ਜੇਤਲੀ ਦਾ ਦਾਅਵਾ ਝੂਠਾ ਸਾਬਿਤ ਹੁੰਦਾ ਹੈ ਜਿਸ ਵਿੱਚ ਉਹ ਕਹਿ ਰਹੇ ਹਨ ਕਿ ਨਾਂਅ ਸਾਹਮਣੇ ਆਉਣ ਤੋਂ ਬਾਅਦ ਕਾਂਗਰਸ ਸ਼ਰਮਾ ਜਾਏਗੀ। ਪਾਰਟੀ ਦੇ ਜਨਰਲ ਸਕੱਤਰ ਦਿਗਵਿਜੇ ਸਿੰਘ ਨੇ ਕਿਹਾ ਹੈ ਕਿ ਜੇਕਰ ਭਾਜਪਾ, ਨਰਿੰਦਰ ਮੋਦੀ ਅਤੇ ਸੰਘ ਪ੍ਰਮੁੱਖ ਮੋਹਨ ਭਾਗਵਤ ਵਿੱਚ ਹਿੰਮਤ ਹੈ ਤਾਂ ਉਹ ਸਾਰੇ ਕਾਲਾ ਧਨ ਧਾਰਕਾਂ ਦੇ ਨਾਂਅ ਉਜਾਗਰ ਕਰੇ।



