ਚੰਡੀਗੜ੍ਹ, 16 ਅਕਤੂਬਰ (ਪੀ. ਟੀ.)- ਸਵੱਛ ਭਾਰਤ ਮਿਸ਼ਨ ਦੀ ਸਫਲਤਾ ਤੋਂ ਬਾਅਦ 14 ਨਵੰਬਰ ਤੋਂ ਸੂਬੇ ਭਰ ਵਿੱਚ ਸ਼ੁਰੂ ਕੀਤੇ ਜਾ ਰਹੇ ਬਾਲ ਸਵੱਛ ਮਿਸ਼ਨ ਲਈ ਪੰਜਾਬ ਸਰਕਾਰ ਨੇ ਪੂਰੀ ਕਮਰ ਕਸ ਲਈ ਹੈ। 14 ਨਵੰਬਰ ਨੂੰ ਬਾਲ ਦਿਵਸ ਮੌਕੇ ਸ਼ੁਰੂ ਹੋ ਰਹੇ ਇਸ ਮਿਸ਼ਨ ਤਹਿਤ ਬੱਚਿਆਂ ਵਾਲੀਆਂ ਥਾਵਾਂ ਨੂੰ ਸਾਫ ਸੁਥਰਾ ਰੱਖਣ ਦੀ ਪੂਰਾ ਇਕ ਹਫਤਾ ਮੁਹਿੰਮ ਚੱਲੇਗੀ। ਪੰਜਾਬ ਸਰਕਾਰ ਦੇ ਬੁਲਾਰੇ ਨੇ ਇਸ ਮਿਸ਼ਨ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਬਾਲ ਸਵੱਛ ਮਿਸ਼ਨ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੱਲੋਂ 2 ਅਕਤੂਬਰ ਨੂੰ ਸ਼ੁਰੂ ਕੀਤੇ ਸਵੱਛ ਭਾਰਤ ਮਿਸ਼ਨ ਦਾ ਅਗਲਾ ਪੜਾਅ ਹੈ। ਇਸ ਮੁਹਿੰਮ ਦਾ ਮਨੋਰਥ ਬੱਚਿਆਂ ਲਈ ਰਹਿਣ, ਖਾਣ-ਪੀਣ ਆਦਿ ਦੀਆਂ ਥਾਵਾਂ ਨੂੰ ਸਾਫ ਸੁਥਰਾ ਰੱਖਣਾ ਹੈ। ਇਸ ਮਿਸ਼ਨ ਦੇ ਛੇ ਮੁੱਖ ਮੰਤਵ ਸਕੂਲ, ਆਂਗਣਵਾੜੀ ਕੇਂਦਰ ਤੇ ਖੇਡ ਮੈਦਾਨ ਸਾਫ ਸੁਥਰੇ ਰੱਖਣੇ, ਆਪਣੇ ਆਪ ਨੂੰ ਸਾਫ-ਸੁਥਰਾ ਰੱਖਣਾ, ਸਾਫ ਖਾਣਾ, ਸਾਫ ਪੀਣ ਵਾਲਾ ਪਾਣੀ ਅਤੇ ਸਾਫ ਪਾਖਾਨੇ
ਰੱਖਣਾ ਹੈ। ਬੁਲਾਰੇ ਨੇ ਕਿਹਾ ਕਿ ਬੱਚਿਆਂ ਨੂੰ ਸਾਫ ਸਫਾਈ ਰੱਖਣ ਦੀ ਸਹੁੰ ਚੁਕਾਈ ਜਾਵੇਗੀ।
ਬੁਲਾਰੇ ਨੇ ਅਗਾਂਹ ਦੱਸਿਆ ਕਿ ਹਫਤਾ ਭਰ ਚੱਲਣ ਵਾਲੀ ਇਸ ਮੁਹਿੰਮ ਤਹਿਤ ਹਰ ਦਿਨ ਸੂਬੇ ਦੀ ਹਰੇਕ ਥਾਂ ਨੂੰ ਕਵਰ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਮੁਹਿੰਮ ਨਾਲ ਜੁੜੇ ਵਿਭਾਗ ਖਾਸ ਤੌਰ ’ਤੇ ਸਕੂਲ ਸਿੱਖਿਆ, ਮਹਿਲਾ ਤੇ ਬਾਲ ਵਿਕਾਸ, ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਨੂੰ ਨਿਰਦੇਸ਼ ਜਾਰੀ ਕਰ ਦਿੱਤੇ ਹਨ ਕਿ ਸਮੂਹ ਸਕੂਲਾਂ, ਆਂਗਣਵਾੜੀ ਕੇਂਦਰਾਂ ਵਿੱਚ ਬਾਲ ਸਵੱਛ ਮਿਸ਼ਨ ਤਹਿਤ ਸਮਾਗਮ ਕਰਵਾਉਣੇ ਯਕੀਨੀ ਬਣਾਏ ਜਾਣ। ਹਫਤਾ ਭਰ ਚੱਲਣ ਵਾਲੇ ਸਮਾਗਮਾਂ ਦੀ ਸਮਾਪਤੀ 19 ਨਵੰਬਰ ਨੂੰ ਵਿਸ਼ਨ ਪਾਖਾਨਾ ਦਿਵਸ ਮੌਕੇ ਕੀਤੀ ਜਾਵੇਗੀ ਤਾਂ ਜੋ ਖੱਲ੍ਹੇ ਪਾਖਾਨੇ ਖਤਮ ਕੀਤੇ ਜਾਣ। ਬੁਲਾਰੇ ਨੇ ਦੱਸਿਆ ਕਿ ਇਸ ਸਬੰਧੀ ਜ਼ਿਲਾ ਪੱਧਰ ’ਤੇ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਹਨ ਤਾਂ ਜੋ ਸਾਰੇ ਬੱਚਿਆਂ ਨੂੰ ਇਸ ਸਾਫ ਸਫਾਈ ਮੁਹਿੰਮ ਵਿੱਚ ਸ਼ਾਮਲ ਕੀਤਾ ਜਾਵੇ। ਉਨ੍ਹਾਂ ਦੱਸਿਆ ਕਿ 2019 ਤੱਕ ਸਵੱਛ ਭਾਰਤ ਮਿਸ਼ਨ ਦੇ ਅਜੰਡੇ ਦੀ ਸਫਲਤਾ ਲਈ ਬੱਚਿਆਂ ਦਾ ਸਭ ਤੋਂ ਵੱਧ ਯੋਗਦਾਨ ਹੋਵੇਗਾ।