ਵਿਸ਼ਾਖਾਪਟਨਮ, 14 ਅਕਤੂਬਰ (ਪੀ. ਟੀ.)- ਚੱਕਰਵਰਤੀ ਤੂਫ਼ਾਨ ਹੁਦਹੁਦ ਨਾਲ ਪ੍ਰਭਾਵਿਤ ਆਂਧਰਾ ਪ੍ਰਦੇਸ਼ ਦੇ ਤੱਟੀ ਖੇਤਰਾਂ ਦਾ ਹਵਾਈ ਸਰਵੇਖਣ ਕਰਨ ਅਤੇ ਸਥਿਤੀ ਦਾ ਜਾਇਜ਼ਾ ਲੈਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਵਿਸ਼ਾਖਾਪਟਨਮ ਪਹੁੰਚੇ। ਗੌਰਤਲਬ ਹੈ ਕਿ ਇਸ ਚੱਕਰਵਰਤੀ ਤੂਫ਼ਾਨ ‘ਚ 24 ਲੋਕਾਂ ਦੀ ਜਾਨ ਗਈ ਹੈ ਅਤੇ ਇਹ ਤੱਟੀ ਆਂਧਰਾ ਪ੍ਰਦੇਸ਼ ‘ਚ ਆਪਣੇ ਪਿੱਛੇ ਭਾਰੀ ਤਬਾਹੀ ਦੇ ਨਿਸ਼ਾਨ ਛੱਡ ਗਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹੁਦਹੁਦ ਚੱਕਰਵਾਤ ਤੋਂ ਹੋਈ ਤਬਾਹੀ ਦੇ ਮੱਦੇਨਜ਼ਰ ਆਂਧਰਾ ਪ੍ਰਦੇਸ਼ ਲਈ ਰਾਹਤ ਪੈਕੇਜ ਦਾ ਐਲਾਨ ਕੀਤਾ। ਉਨ੍ਹਾਂ ਨੇ ਆਂਧਰਾ ਪ੍ਰਦੇਸ਼ ਸਰਕਾਰ ਨੂੰ ਇਸ ਤਬਾਹੀ ਤੋਂ ਹੋਏ ਨੁਕਸਾਨ ਨਾਲ ਨਜਿੱਠਣ ਲਈ 1 ਹਜ਼ਾਰ ਕਰੋੜ ਰੁਪਏ ਦਾ ਰਾਹਤ ਪੈਕੇਜ ਦੇਣ ਦਾ ਐਲਾਨ ਕੀਤਾ। ਉਨ੍ਹਾਂ ਨੇ ਕਿਹਾ ਕਿ
ਇਹ ਮਦਦ ਤਤਕਾਲੀ ਤੌਰ ‘ਤੇ ਹੈ ਅਤੇ ਜ਼ਰੂਰਤ ਪੈਣ ‘ਤੇ ਹੋਰ ਮਦਦ ਦਾ ਭਰੋਸਾ ਦਿੱਤਾ। ਉਨ੍ਹਾਂ ਨੇ ਵਿਸ਼ਾਖਾਪਟਨਮ ਹਵਾਈ ਅੱਡੇ ਸਮੇਤ ਇਥੇ ਪ੍ਰਭਾਵਿਤ ਸਥਾਨਾਂ ‘ਤੇ ਜਾ ਕੇ ਹਾਲਾਤਾਂ ਦਾ ਜਾਇਜ਼ਾ ਲਿਆ।