ਸਰਕਾਰੀ ਸੂਤਰਾਂ ਮੁਤਾਬਿਕ ਬਠਿੰਡਾ-ਅੰਮ੍ਰਿਤਸਰ ਸੜਕ ’ਤੇ ਸਫਰ ਕਰਨਾ ਘੱਟੋ-ਘੱਟ 175 ਰਪੁਏ ’ਚ ਪਵੇਗਾ ਜਦੋਂ ਕਿ ਟੋਲ ਦਰ ’ਚ ਵਾਧਾ ਹੁੰਦਾ ਰਹੇਗਾ
ਬਰਨਾਲਾ, 14 ਅਕਤੂਬਰ- ਮਾਲਵਾ ਕਿੱਤੇ ਦੇ ਲੋਕਾਂ ਲਈ ਉਹ ਦਿਨ ਦੂਰ ਨਹੀਂ ਜਦੋਂ ਉਨ੍ਹਾਂ ਨੂੰ ਮੁੱਖ ਸੜ੍ਹਖਾਂ ’ਤੇ ਸਫਰ ਕਰਨ ਲਈ ਟੋਲ ਟੈਕਸ ਦਾ ਭਾਰ ਚੁੱਕਣਾ ਪਵੇਗਾ। ਪੰਜਾਬ ਦਾ ਮਾਝਾ ਤੇ ਦੁਆਬਾ ਖਿੱਤਾ ਪਹਿਲਾਂ ਟੋਲ ਟੈਕਸ ਦੀ ਮਾਰ ਹੇਠ ਸੀ, ਜਦੋਂ ਕਿ ਮਾਲਵਾ ਖਿੱਤਾ ਇਸ ਟੋਲ ਟੈਕਸ ਤੋਂ ਬਚਿਆ ਹੋਇਆ ਸੀ। ਪੰਜਾਬ ਸਰਕਾਰ ਵੱਲੋਂ ਸੰਗਰੂਰ ਤੇ ਖਨੌਰੀ ਵਾਇਆ ਪਾਤੜਾਂ ਸੜਕਾਂ ਨੂੰ ਚਹੁੰ ਮਾਰਗੀ ਬਣਾਇਆ ਜਾ ਰਿਹਾ ਹੈ। ਇਸ ਸੜਕ ਦੀ ਲੰਬਾਈ 55 ਕਿਲੋਮੀਟਰ ਹੈ ਅਤੇ ਇਸ ਪ੍ਰੋਜੈਕਟ ਨੂੰ ਵੀ ਈ ਪੀ ਸੀ ਅਧਾਰ ’ਤੇ ਬਣਾਇਆ ਜਾਣਾ ਹੈ। ਇਸ ਪ੍ਰੋਜੈਕਟ ਦੀ ਲਾਗਤ ਕੀਮਤ 550 ਕਰੋੜ ਰੁਪਏ ਹੈ। ਇਸ ਸੜਕ ਦੇ ਬਣਨ ਮਗਰੋਂ ਇਸ ਸੜਕ ’ਤੇ ਵੀ ਟੋਲ ਪਲਾਜ਼ਾ ਬਣਨਗੇ ਅਤੇ ਕਰੀਬ 50 ਰੁਪਏ ਟੋਲ ਟੈਕਸ ਲੱਗਣਾ ਸ਼ੁਰੂ ਹੋਵੇਗਾ। ਇਸ
ਸੜਕ ਪ੍ਰੋਜੈਕਟ ਦੇ ਨਵੰਬਰ ਮਹੀਨੇ ਵਿੱਚ ਟੈਂਡਰ ਖੁੱਲ੍ਹਣਗੇ ਅਤੇ ਜਨਵਰੀ 2015 ਵਿੱਚ ਇਸ ਦਾ ਨਿਰਮਾਣ ਸ਼ੁਰੂ ਹੋਵੇਗਾ। ਇਨ੍ਹਾਂ ਤੋਂ ਪਹਿਲਾਂ ਬਠਿੰਡਾ ਜ਼ੀਰਕਪੁਰ ਸੜਕ ਮਾਰਗ ਦੇ ਨਿਰਮਾਣ ਵਾਸਤੇ ਪ੍ਰਕਿਰਿਆ ਚੱਲ ਰਹੀ ਹੈ। ਇਸ ਸੜਕ ਪ੍ਰੋਜੈਕਟ ਵਾਸਤੇ ਜ਼ੀਰਕਪੁਰ ਤੋਂ ਬਰਨਾਲਾ ਤੱਕ ਕਿਸਾਨਾਂ ਦੀ ਜ਼ਮੀਨ ਅਕੁਆਇਰ ਕੀਤੀ ਗਈ ਹੈ। ਕੇਂਦਰ ਸਰਕਾਰ ਨੇ ਐਕੁਆਇਰ ਜ਼ਮੀਨ ਦੀ ਮੁਆਵਜ਼ਾ ਰਾਸ਼ੀ ਵਜੋਂ ਪੰਜਾਬ ਸਰਕਾਰ ਨੂੰ 900 ਕਰੋੜ ਰੁਪਏ ਜਾਰੀ ਕਰ ਦਿੱਤੇ ਹਨ। ਬਠਿੰਡਾ ਜ਼ੀਰਕਪੁਰ ਸੜ੍ਹਕ ਨੂੰ ਚਹੁਮਾਰਗੀ ਬਣਾਉਣ ਲਈ ਦਰੱਖਤਾਂ ਦੀ ਕਟਾਈ ਦਾ ਕੰਮ ਲੱਗਭੱਗ ਸਿਰੇ ਚੜ੍ਹ ਹੀ ਗਿਆ ਹੈ, ਜਦੋਂ ਕਿ ਸੜਕ ਦੀ ਉਸਾਰੀ ਸ਼ੁਰੂ ਹੋਣੀ ਬਾਕੀ ਹੈ। ਇਸ ਸੜਕ ਮਾਰਗ ’ਤੇ ਵੀ ਕਰੀਬ 4 ਤੋਂ 5 ਟੋਲ ਪਲਾਜ਼ਾ ਬਣਨਗੇ ਅਤੇ ਲੋਕਾਂ ਦੀ ਜੇਬ ਹਲਕੀ ਕਰਨ ਵਾਸਤੇ ਇਹ ਟੋਲ ਪਲਾਜ਼ਾ ਕਾਫੀ ਹੋਣਗੇ। ਉਂਝ ਲੋਕਾਂ ਨੂੰ ਰਾਹਤ ਵਾਲਾ ਸਫਰ ਨਸੀਬ ਹੋਵੇਗਾ ਅਤੇ ਬਠਿੰਡਾ-ਚੰਡੀਗੜ੍ਹ ਫਾਸਲਾ ਵੀ ਘਟੇਗਾ। ਇਸ ਸੜਕ ਮਾਰਗ ਦਾ ਕੰਮ ਕਾਫੀ ਸਮੇਂ ਤੋਂ ਲਟਕਿਆ ਹੋਇਆ ਹੈ ਜਿਸ ਕੰਪਨੀ ਨੂੰ ਪਹਿਲਾਂ ਕੰਮ ਅਲਾਟ ਕੀਤਾ ਗਿਆ ਸੀ ਉਹ ਕੁਝ ਸਮੇਂ ਮਗਰੋਂ ਸੜਕ ਦਾ ਨਿਰਮਾਣ ਕਰਨ ਤੋਂ ਭੱਜ ਗਈ ਸੀ ਜਿਸ ਕਰਕੇ ਸਾਰੀ ਪ੍ਰਕਿਰਿਆ ਮੁੜ ਸ਼ੁਰੂ ਕੀਤੀ ਗਈ ਹੈ।
ਕੇਂਦਰ ਸਰਕਾਰ ਤੱਕ ਪਹੁੰਚ ਕਰ ਰਹੇ ਹਾਂ- ਲੋਕ ਨਿਰਮਾਣ ਵਿਭਾਗ ਦੇ ਮੁਖੀ ਇੰਜੀਨੀਅਰ ਸ੍ਰੀ ਏ ਕੇ ਸਿੰਗਲਾ ਦਾ ਕਹਿਣਾ ਸੀ ਕਿ ਬਠਿੰਡਾ ਅੰਮ੍ਰਿਤਸਰ ਸੜ੍ਹਕ ਮਾਰਗ ਨੂੰ ਚਹੁੰਮਾਰਗੀ ਬਣਾਉਣ ਲਈ ਜ਼ਮੀਨ ਐਕੁਆਇਰ ਕਰਨ ਦੀ ਪ੍ਰਕੀਰਿਆ ਸ਼ੁਰੂ ਕਰ ਦਿੱਤੀ ਹੈ ਅਤੇ ਹੁਣ ਕੇਂਦਰ ਸਰਕਾਰ ਤੋਂ ਇਸ ਦੀ ਲਾਗਤ ਰਾਸ਼ੀ ਲੈਣ ਲਈ ਪਹੁੰਚ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਸੜਕ ਨਿਰਮਾਣ ਮਗਰੋਂ ਇਸ ’ਤੇ ਤਿੰਨ ਜਾਂ ਚਾਰ ਟੋਲ ਪਲਾਜ਼ਾ ਬਣਨਗੇ। ਉਨ੍ਹਾਂ ਦੱਸਿਆ ਕਿ ਸੰਗਰੂਰ ਖਨੌਰੀ ਸੜਕ ਪ੍ਰੋਜੈਕਟ ਵੀ ਡੇਢ ਵਰ੍ਹੇ ’ਚ ਮੁਕੰਮਲ ਹੋ ਜਾਵੇਗਾ ਜਿੱਥੇ ਦੋ ਟੋਲ ਪਲਾਜ਼ਾ ਬਣਨਗੇ। ਇਸੇ ਤਰ੍ਹਾਂ ਬਠਿੰਡਾ ਅੰਮ੍ਰਿਤਸਰ ਸੜਕ ਮਾਰਗ ਨੂੰ ਚਹੁੰਮਾਰਗੀ ਬਣਾਉਣ ਖਾਤਰ ਜ਼ਮੀਨ ਐਕੁਆਇਰ ਕਰਨ ਦੀ ਪ੍ਰਕੀਰਿਆ ਸ਼ੁਰੂ ਕਰ ਦਿੱਤੀ ਹੈ। ਬਠਿੰਡਾ ਅੰਮ੍ਰਿਤਸਰ ਸੜਕ ਦੇ ਚਹੁੰਮਾਰਗੀ ਬਣਨ ਮਗਰੋਂ ਲੋਕਾਂ ਨੂੰ ਇਸ ਸੜਕ ’ਤੇ ਸਫਰ ਕਰਨ ਵਾਸਤੇ 175 ਰੁਪਏ ਤੋਂ 200 ਰੁ ਪਏ ਖਰਚ ਕਰਨੇ ਪੈਣਗੇ। ਬਠਿੰਡਾ-ਅੰਮ੍ਰਿਤਸਰ ਸੜਕ ’ਤੇ ਤਿੰਨ ਜਾਂ ਚਾਰ ਥਾਵਾਂ ’ਤੇ ਟੋਲ ਪਲਾਜ਼ਾ ਬਣਨਗੇ। ਸਰਕਾਰੀ ਸੂਤਰਾਂ ਮੁਤਾਬਿਕ ਬਠਿੰਡਾ ਅੰਮ੍ਰਿਤਸਰ ਸੜਕ ’ਤੇ ਸਫਰ ਕਰਨਾ ਘੱਟੋ-ਘੱਟ ਪੌਣੇ ਦੋ ਸੋ ਰੁਪਏ ਵਿੱਚ ਪਵੇਗਾ ਜਦੋਂ ਕਿ ਇਸ ਤੋਂ ਬਾਅਦ ਵੀ ਟੋਲ ਦਰ ’ਚ ਵਾਧਾ ਹੁੰਦਾ ਰਹੇਗਾ। ਬਠਿੰਡਾ ਤੋਂ ਅੰਮ੍ਰਿਤਸਰ ਤੱਕ ਸੜ੍ਹਕ ਦੀ ਲੰਬਾਈ 174 ਕਿਲੋਮੀਟਰ ਬਣਦੀ ਹੈ, ਜਿਸ ’ਤੇ ਕਰੀਬ ਅੱਧੀ ਦਰਜਨ ਫਲਾਈ ਓਵਰ ਅਤੇ ਓਵਰ ਬਰਿੱਜ ਵੀ ਬਣਨੇ ਹਨ। ਸੂਬਾ ਸਰਕਾਰ ਵੱਲੋਂ ਪਹਿਲਾਂ ਇ ਸੜਕ ਮਾਰਗ ਨੂੰ ਬੀ ਓ ਟੀ ਅਧਾਰ ’ਤੇ ਬਣਾਇਆ ਜਾਣਾ ਸੀ ਤੇ 5 ਅਗਸਤ ਨੂੰ ਟੈਂਡਰ ਲਗਾਏ ਸਨ। ਪ੍ਰੰਤੂ ਕਿਸੇ ਵੀ ਕੰਪਨੀ ਨੇ ਇਹ ਕੰਮ ਲੈਣ ਦਾ ਹੁੰਗਾਰਾ ਨਹੀਂ ਭਰਿਆ ਹੈ। ਹੁਣ ਇਹ ਸੜਕ ਈ ਪੀ ਸੀ ਅਧਾਰ ’ਤੇ ਬਣਾਈ ਜਾਣੀ ਹੈ। ਕੇਂਦਰ ਸਰਕਾਰ ਵੱਲੋਂ ਬਠਿੰਡਾ ਅੰਮ੍ਰਿਤਸਰ ਸੜਕ ਮਾਰਗ ਨੂੰ ਬਣਾਇਆ ਜਾਵੇਗਾ ਜਿਸ ਲਈ ਉਪ ਮੁਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਕੇਂਦਰੀ ਸੜਕ ਮੰਤਰੀ ਸ੍ਰੀ ਨਿਤਿਨ ਗਡਕਰੀ ਨੂੰ ਮਿਲਣ ਜਾ ਰਹੇ ਹਨ। ਇਸ ਸੜਕ ਪ੍ਰੋਜੈਕਟ ਦੇ ਨਿਰਮਾਣ ’ਤੇ 2000 ਕਰੋੜ ਰੁਪਏ ਖਰਚ ਆਉਣੇ ਹਨ। ਇਸ ਸੜਕ ਪ੍ਰੋਜੈਕਟ ਲਈ ਜ਼ਮੀਨ ਐਕੁਆਇਰ ਕਰਨ ਵਾਸਤੇ 1800 ਕਰੋੜ ਰੁਪਏ ਦੀ ਵੱਖਰੀ ਜ਼ਰੂਰਤ ਹੈ ਜਿਸ ਕਰਕੇ ਪੰਜਾਬ ਸਰਕਾਰ ਹੁਣ ਕੇਂਦਰ ਸਰਕਾਰ ਦਾ ਦਰਵਾਜ਼ਾ ਖੜਕਾ ਰਹੀ ਹੈ। ਕੇਂਦਰੀ ਸੜਕ ਮੰਤਰਾਲਾ ਹੀ ਇਸ ਸੜਕ ਦੇ ਨਿਰਮਾਣ ਮਗਰੋਂ ਟੋਲ ਟੈਕਸ ਵਸੂਲ ਕਰੇਗਾ। ਬਠਿੰਡਾ ਜ਼ਿਲ੍ਹੇ ਦੇ ਕਿਸਾਨਾਂ ਨੇ ਤਾਂ ਜ਼ਮੀਨ ਐਕੁਆਇਰ ਕਰਨ ਦੇ ਮਾਮਲੇ ’ਤੇ ਰੌਲਾ ਵੀ ਪਾਇਆ ਹੈ, ਕਿਉਂਕਿ ਉਨ੍ਹਾਂ ਨੂੰ ਢੁਕਵਾਂ ਮੁਆਵਜ਼ਾ ਨਹੀਂ ਦਿੱਤਾ ਜਾ ਰਿਹਾ ਹੈ।