ਚੰਡੀਗੜ੍ਹ, 26 ਜੁਲਾਈ (ਵਿਸ਼ਵ ਵਾਰਤਾ)-ਪੰਜਾਬ ਸਰਕਾਰ ਨੇ ਵੱਖ-ਵੱਖ ਸਰਕਾਰੀ ਵਿਭਾਗਾਂ ਵਲੋਂ ਕੀਤੇ ਜਾਂਦੇ ਖਰਚ ਨੂੰ ਘਟਾਉਣ ਤੇ ਖਰਚਿਆਂ ‘ਚ ਪਾਰਦਰਸ਼ਤਾ ਲਿਆਉਣ ਦੇ ਮਨਸ਼ੇ ਨਾਲ ਮੁੱਖ ਸਕੱਤਰ, ਪੰਜਾਬ ਦੀ ਅਗਵਾਈ ਹੇਠ ਇਕ ਕਮੇਟੀ ਦਾ ਗਠਨ ਕੀਤਾ ਹੈ। ਅੱਜ ਇੱਥੇ ਪੰਜਾਬ ਸਰਕਾਰ ਦੇ ਇਕ ਬੁਲਾਰੇ ਨੇ ਦੱਸਿਆ ਕਿ ਇਹ ਕਮੇਟੀ ਵੱਖ-ਵੱਖ ਵਿਭਾਗਾਂ ਵਲੋਂ ਪਿਛਲੇ 5 ਸਾਲਾਂ ਦੌਰਾਨ ਕੀਤੇ ਖਰਚ, ਵਿਸ਼ੇਸ਼ ਕਰਕੇ ਨਾਨ ਪਲਾਨ ਖਰਚਿਆਂ ਦਾ ਮੁਲਾਂਕਣ ਕਰੇਗੀ। ਉਨ੍ਹਾਂ ਕਿਹਾ ਕਿ ਕਮੇਟੀ ਗਠਨ ਦਾ ਮੁੱਖ ਮਕਸਦ ਜਿੱਥੇ ਖਰਚ ਘਟਾਉਣਾ ਹੈ, ਉੱਥੇ ਵਿਭਾਗੀ ਖਰਚਿਆਂ ਨੂੰ ਹੋਰ ਤਰਕਸੰਗਤ ਵੀ ਬਣਾਉਣਾ ਹੈ। ਕਮੇਟੀ ਦੇ ਚੇਅਰਮੈਨ ਪੰਜਾਬ ਦੇ ਮੁੱਖ ਸਕੱਤਰ ਹਨ ਜਦਕਿ ਰਾਜ ਯੋਜਨਾ ਬੋਰਡ ਦੇ ਉਪ ਚੇਅਰਮੈਨ ਨੂੰ ਸਪੈਸ਼ਨ ਇਨਵਾਇਟੀ ਦੇ ਤੌਰ ‘ਤੇ ਸ਼ਾਮਿਲ ਕੀਤਾ ਗਿਆ ਹੈ। ਇਸ ਤੋਂ ਇਲਾਵਾ ਵਿੱਤ ਵਿਭਾਗ ਦੇ ਪ੍ਰਮੁੱਖ ਸਕੱਤਰ, ਯੋਜਨਾ ਵਿਭਾਗ ਦੇ ਸਕੱਤਰ ਤੇ ਮੁੱਖ ਮੰਤਰੀ ਦੇ ਵਿਸ਼ੇਸ਼ ਪ੍ਰਮੁੱਖ ਸਕੱਤਰ (ਸ੍ਰੀ ਗਗਨਦੀਪ ਸਿੰਘ ਬਰਾੜ) ਨੂੰ ਮੈਂਬਰ ਵਜੋਂ ਲਿਆ ਗਿਆ ਹੈ। ਸਕੱਤਰ , ਖਰਚਾ ਇਸ ਕਮੇਟੀ ਦੇ ਕਨਵੀਨਰ ਹੋਣਗੇ।ਬੁਲਾਰੇ ਨੇ ਦੱਸਿਆ ਕਿ ਕਮੇਟੀ ਲੋੜ ਅਨੁਸਾਰ ਕਿਸੇ ਵੀ ਪ੍ਰਬੰਧਕੀ ਸਕੱਤਰ ਜਾਂ ਅਫਸਰ ਨੂੰ ਮੀਟਿੰਗ ਲਈ ਬੁਲਾ ਸਕਦੀ ਹੈ। ਇਸ ਕਮੇਟੀ ਦੇ ਗਠਨ ਸਬੰਧੀ ਨੋਟੀਫੀਕੇਸ਼ਨ ਜਾਰੀ ਹੋ ਗਿਆ ਹੈ।
ਪੰਜਾਬ ਸਰਕਾਰ ਵੱਲੋਂ ਖਰਚ ਘਟਾਉਣ ਲਈ ਕਮੇਟੀ ਗਠਿਤ



