May 29, 2026 2:49 am

ਚੰਦੇਲ ਸਾਮਰਾਜ ਦੀ ਦੇਣ ਹਨ ਖਜਰਾਹੋ ਦੇ ਮੰਦਰ

ਖ਼ਜਰਾਹੋ ਦੇ ਮੰਦਰ ਜੀਵਨ ਤੇ ਜਿਊਣ ਦੀ ਕਲਾ ਦਾ ਪ੍ਰਤੀਕ ਹਨ। ਇਨ੍ਹਾਂ ਮੰਦਰਾਂ ਵਿਚ ਵਿਖਾਈ ਦੇਣ ਵਾਲੀ ਮੂਰਤੀ ਕਲਾ ਸੱਚੇ ਪ੍ਰੇਮ ਦੀ ਨਿਸ਼ਾਨੀ ਹੈ। ਵੇਖਣ ਅਤੇ ਅਨੁਭਵ ਕੀਤੇ ਜਾਣ ਵਾਲੇ ਆਨੰਦ ਦੇ ਨਾਲ-ਨਾਲ ਧਰਮ ਅਤੇ ਫਰਜ਼ ਦੀ ਪਹਿਚਾਣ ਵੀ ਇਨ੍ਹਾਂ ਮੰਦਰਾਂ ਦੀਆਂ ਮੂਰਤੀਆਂ ਦਰਸਾਉਂਦੀਆਂ ਹਨ। ਇਸ ਦੇ ਨਾਲ ਹੀ ਉਪਾਸਨਾ ਦਾ ਸੰਦੇਸ਼ ਹੈ ਜਿਹੜਾ ਸਰੀਰ ਨੂੰ ਅਧਿਆਤਮਕ ਕ੍ਰਿਆ ਵੱਲ ਲੈ ਜਾਂਦਾ ਹੈ। ਇਸ ਅਸਥਾਨ ਨੂੰ ਪ੍ਰੇਮ ਦਾ ਮੇਲਾ ਵੀ ਕਿਹਾ ਜਾਂਦਾ ਹੈ। ਖ਼ਜਰਾਹੋ ਦੇ ਮੰਦਰ ਵਿਸ਼ਵ ਭਰ ਵਿਚ ਇਕ ਕੁਦਰਤੀ ਉਪਹਾਰ ਹਨ ਜਿਹੜੇ ਸਾਨੂੰ ਵਿਰਾਸਤ ਵਿਚ ਮਿਲੇ ਹਨ ਅਤੇ ਇਨ੍ਹਾਂ ਦੇ ਪਿੱਛੇ ਕਲਾਕਾਰ ਦੀ ਮਿਹਨਤ ਇਕ ਇਬਾਦਤ ਹੈ। ਮੂਰਤੀਕਾਰਾਂ ਦੀ ਕਲਾਕਾਰੀ ਅਤੇ ਚੰਦੇਲ ਵੰਸ਼ ਦੇ ਸ਼ਾਸਕਾਂ ਦੋਹਾਂ ਦੀ ਪਾਵਰ ਦਾ ਇਸ ਅਸਥਾਨ ਤੋਂ ਪਤਾ ਚੱਲਦਾ ਹੈ।ਖ਼ਜਰਾਹੋ ਦੇ ਮੰਦਰਾਂ ਦਾ ਨਿਰਮਾਣ ਚੰਦੇਲ ਸਾਮਰਾਜ ਵਿਚ 950 ਤੋਂ 1050 ਈਸਵੀ ਦੌਰਾਨ ਹੋਇਆ। ਕਿਹਾ ਜਾਂਦਾ ਹੈ ਕਿ ਇਸ ਥਾਂ ਉਤੇ ਖਜੂਰ ਦੇ ਦਰੱਖਤ ਸਨ ਜਿਹੜੇ ਵੱਡੀ ਗਿਣਤੀ ਵਿਚ ਸਨ। ਇਸੇ ਕਾਰਨ ਇਸ ਅਸਥਾਨ ਦਾ ਨਾਮ ਖ਼ਜਰਾਹੋ ਪੈ ਗਿਆ। ਇਹ ਮੰਦਰ ਭਾਰਤ ਦੇ ਇਤਿਹਾਸ ਵਿਚ ਮੱਧਕਾਲ ਦੀ ਸ਼ਿਲਪ ਕਲਾ ਦਾ ਉਤਮ ਨਮੂਨਾ ਹਨ। ਮੂਲ ਰੂਪ ਵਿਚ ਇਥੇ 85 ਮੰਦਰ ਸਨ ਜਿਨ੍ਹਾਂ ਵਿਚੋਂ ਹੁਣ ਸਿਰਫ ਇਥੇ 22 ਹੀ ਬਚੇ ਹਨ। ਇਨ੍ਹਾਂ ਮੰਦਰਾਂ ਦੇ ਨਿਰਮਾਣ ਨੂੰ 100 ਸਾਲ ਲੱਗੇ ਸਨ। 19ਵੀਂ ਸ਼ਤਾਬਦੀ ਵਿਚ ਕੁਦਰਤ ਦੀ ਗੋਦ ਵਿਚ ਬਣੇ ਇਨ੍ਹਾਂ ਮੰਦਰਾਂ ਨੂੰ ਮੁੜ ਲੱਭਿਆ ਗਿਆ ਅਤੇ ਇਨ੍ਹਾਂ ਦਾ ਲੋਕ ਅਰਪਨ ਹੋਇਆ ਅਤੇ ਸੈਲਾਨੀਆਂ ਲਈ ਖਿੱਚ ਦਾ ਕੇਂਦਰ ਬਣੇ ਅਤੇ ਮੱਧ ਪ੍ਰਦੇਸ਼ ਲਈ ਇਹ ਇਕ ਮਿਸਾਲ ਬਣ ਕੇ ਖ਼ਜਰਾਹੋ ਦਾ ਸਥਾਨ ਉਤਮ ਸੈਰਗਾਹ

ਬਣਿਆ। ਖ਼ਜਰਾਹੋ ਬਣਾਉਣ ਵਾਲੇ ਚੰਦੇਲ ਵੰਸ਼ ਭਾਵ ਚੰਦਰਮਾ ਦਾ ਵੰਸ਼ਜ ਹੈ। ਕਿਹਾ ਜਾਂਦਾ ਹੈ ਕਿ ਚੰਦਰਮਾ ਨੇ ਹੇਮਬੰਤੀ ਨਾਮ ਦੀ ਇਕ ਅਤੀ ਸੁੰਦਰ ਬ੍ਰਾਹਮਣ ਕੰਨਿਆ ਨਾਲ ਗੰਧਰਵ ਵਿਆਹ ਕੀਤਾ ਸੀ ਅਤੇ ਇਸ ਤੋਂ ਬਾਅਦ ਉਸ ਨੇ ਇਕ ਸੁੰਦਰ ਪੁੱਤਰ ਚੰਦਰ ਬਰਮਨ ਨੂੰ ਜਨਮ ਦਿੱਤਾ। ਅਣਵਿਆਹੀ ਬਣਨ ਤੋਂ ਬਾਅਦ ਉਹ ਆਪਣੇ ਪੁੱਤਰ ਦੇ ਨਾਲ ਜੰਗਲ ਵਿਚ ਰਹਿਣ ਲੱਗੀ ਅਤੇ ਪੁੱਤਰ ਲਈ ਗੁਰੂ ਦੀ ਭੂਮਿਕਾ ਵੀ ਨਿਭਾਈ। ਵੱਡੇ ਹੋਣ ਤੋਂ ਬਾਅਦ ਚੰਦੇਲ ਸਾਮਰਾਜ ਦੀ ਸਥਾਪਨਾ ਚੰਦਰਬਰਮਨ ਨੇ ਕੀਤੀ ਅਤੇ ਆਪਣੀ ਮਾਂ ਦੀ ਆਗਿਆ ਅਨੁਸਾਰ ਖ਼ਜਰਾਹੋ ਦੇ ਮੰਦਰਾਂ ਦਾ ਨਿਰਮਾਣ ਕੀਤਾ। ਇਨ੍ਹਾਂ ਮੰਦਰਾਂ ਵਿਚ ਮਾਨਵ ਜੀਵਨ ਅਤੇ ਮਾਨਵ ਦੀਆਂ ਇਛਾਵਾਂ ਦੇ ਮਹੱਤਵ ਨੂੰ ਸਮਝਾਉਣ ਦਾ ਉਪਰਾਲਾ ਮੂਰਤੀਕਾਰਾਂ ਨੇ ਕੀਤਾ ਹੈ ਅਤੇ ਪੀੜ੍ਹੀ ਦਰ ਪੀੜ੍ਹੀ ਸ਼ਾਸਕ ਜਿਹੜੇ ਚੰਦਰਬਰਮਨ ਵੰਸ਼ ਦੇ ਸਨ, ਉਹ ਇਨ੍ਹਾਂ ਮੰਦਰਾਂ ਦਾ ਨਿਰਮਾਣ ਕਰਵਾਉਂਦੇ ਰਹੇ। ਇਨ੍ਹਾਂ ਵਿਚੋਂ ਵਧੇਰੇ ਮੰਦਰ ਇਸਤਰੀ ਜਾਤੀ ਨੂੰ ਸਮਰਪਿਤ ਹਨ। ਪੱਤਰ ਲਿਖਦੀ, ਕੱਜਲ ਪਾਉਂਦੀ, ਵਾਲ ਵਾਹੁਦੀ, ਆਨੰਦ ਵਿਚ ਨ੍ਰਿਤ ਕਰਦੀ,ਬੱਚੇ ਨਾਲ ਖੇਡਦੀ, ਪਤੀ ਨਾਲ ਪ੍ਰੇਮ ਕਰਦੀ ਆਦਿ ਸਾਰੇ ਪਹਿਲੂਆਂ ਨੂੰ ਖ਼ਜਰਾਹੋ ਦੀਆਂ ਇਨ੍ਹਾਂ ਮੂਰਤੀਆਂ ਵਿਚ ਮੂਰਤੀਕਾਰਾਂ ਨੇ ਦਰਸਾਇਆ ਹੈ। ਖ਼ਜਰਾਹੋ ਦੇ ਇਹ ਮੰਦਰ ਆਰਕੀਆਲੌਜੀਕਲ ਸਰਵੇ ਆਫ ਇੰਡੀਆ ਦੀ ਦੇਖ-ਰੇਖ ਵਿਚ ਵਿਸ਼ਵ ਦੀ ਧਰੋਹਰ ਹਨ ਜਿਥੇ ਹਜ਼ਾਰਾਂ ਸੈਲਾਨੀ ਇਨ੍ਹਾਂ ਨੂੰ ਵੇਖਣ ਲਈ ਆਉਂਦੇ ਹਨ। ਖਜਰਾਹੋ ਦੇ ਇਹ ਮੰਦਰ ਮੱਧ ਪ੍ਰਦੇਸ਼ ਲਈ ਵਿਸ਼ਾਲ ਸੰਸਕ੍ਰਿਤਕ ਵਿਰਾਸਤ ਹਨ। ਹਿੰਦੋਸਤਾਨ ਦਾ ਦਿਲ ਮੱਧ ਪ੍ਰਦੇਸ਼ ਨੂੰ ਇਸ ਕਰਕੇ ਵੀ ਕਿਹਾ ਜਾਂਦਾ ਹੈ ਕਿਉਂਕਿ ਇਹ ਭਾਰਤ ਦੇ ਮੱਧ ਵਿਚ ਹੈ ਜਿਥੇ ਸਦੀਆਂ ਪੁਰਾਣੀ ਵਿਰਾਸਤ ਖ਼ਜਰਾਹੋ ਵੇਖਣ ਨੂੰ ਮਿਲਦੀ ਹੈ। ਮੱਧ ਪ੍ਰਦੇਸ਼ ਭਾਰਤ ਦਾ ਉਹ ਭਾਗ ਹੈ ਜਿਸ ਦੀ ਸਭਿਅਤਾ, ਸੰਸਕ੍ਰਿਤੀ, ਗੌਰਵਸ਼ਾਲੀ ਇਤਿਹਾਸ ਖ਼ਜਰਾਹੋ ਦੀਆਂ ਮੂਰਤੀਆਂ ਵਿਚ ਵੇਖਣ ਨੂੰ ਮਿਲਦਾ ਹੈ। ਖ਼ਜਰਾਹੋ, ਭੋਪਾਲ, ਗਵਾਲੀਅਰ, ਇੰਦੌਰ, ਉਜੈਨ, ਸੱਤਨਾ, ਮੱਧ ਪ੍ਰਦੇਸ਼ ਦੇ ਇਤਿਹਾਸਕ ਸ਼ਹਿਰ ਹਨ। ਇਨ੍ਹਾਂ ਸਾਰਿਆਂ ਦਾ ਸੰਗਮ ਹੈ ਖ਼ਜਰਾਹੋ ਦੇ ਮੰਦਰ।

Send this to a friend