ਸ਼ਿਵ ਕੁਮਾਰ ਪੰਜਾਬੀ ਸਾਹਿਤ ਜਗਤ ਦਾ ਅਜਿਹਾ ਸਿਰਮੌਰ ਕਵੀ ਹੈਜਿਸ ਦੀਆਂ ਰਚਨਾਵਾਂ ਅੱਜ ਵੀ ਆਪਣੇ ਜੋਬਨ ’ਤੇ ਹਨ। ਹਰ ਜ਼ਹੀਨ ਚੜ੍ਹਦੀ ਜਵਾਨੀ ਵਾਲੇ ਗਮ ਦੀ ਦਵਾਈ ਸ਼ਿਵ ਦੀ ਸ਼ਾਇਰੀ ਵਿੱਚੋਂ ਲੱਭਦਾ ਹੈ। ਸ਼ਿਵ ਬਟਾਲਵੀ ਦਾ ਜਨਮ 8 ਅਕਤੂਬਰ 1937 ਨੂੰ ਬੜਾ ਪਿੰਡ ਲੋਹਟੀਆਂ ਵਿੱਚ ਪੰਡਤ ਕ੍ਰਿਸ਼ਨ ਗੋਪਾਲ ਦੇ ਘਰ ਹੋਇਆ ਸੀ। ਸ਼ਿਵ ਨੇ ਮੁੱਢਲੀ ਵਿਦਿਆ ਆਪਣੇ ਪਿੰਡ ਤੋਂ ਹੀ ਹਾਸਲ ਕੀਤੀ। ਦਸਵੀਂ ਦੀ ਪੜ੍ਹਾਈ ਤੋਂ ਬਾਅਦ 1953 ਵਿੱਚ ਉਸਨੇ ਬੇਰਿੰਗ ਕ੍ਰਿਸਿਚਨ ਕਾਲਜ ਬਟਾਲਾ ਵਿੱਚ ਸਾਇੰਸ ਦੇ ਵਿਦਿਆਰਥੀ ਵਜੋਂ ਦਾਖਲਾ ਲਿਆ। ਉਸ ਨੂੰ ਸਰਕਾਰੀ ਨੌਕਰੀ ਵੀ ਮਿਲੀ। ਪਿਆਰ ਵਿੱਚ ਮਿਲੀ ਨਿਰਾਸ਼ਤਾ ਨੇ ਉਸਨੂੰ ਸ਼ਾਇਰ ਬਣਾ ਦਿੱਤਾ। ਉਸ ਦੀ ਜਿੰਦਗੀ ਗਮ ਘਰ ਕਰ ਗਿਆ। ਉਸ ਨੇ ਗਮ ਦੇ ਗੀਤ,ਕਵਿਤਾਵਾਂ ਲਿਖੀਆਂ। ਸਾਹਿਤ ਸਭਾਵਾਂ ਵਿੱਚ ਸ਼ਿਵ ਦੇ ਗੀਤਾਂ ਦੀ ਵਾਰ ਵਾਰ ਮੰਗ ਹੁੰਦੀ। ਰੇਡੀਉ ਸਟੇਸ਼ਨ ਤੇ ਸਮਾਂ ਤੇ ਸ਼ਿਵ ਇਕਮੁੱਕ ਹੋ ਗਏ। ਸ਼ਿਵ ਗਾਉਂਦਾ ਰਿਹਾ ਸਰੋਤੇ ਸੁਣਦੇ ਰਹੇ ਵਕਤ ਖਲੋ ਗਿਆ। 1968 ਵਿੱਚ ਸ਼ਿਵ ਦਾ ਵਿਆਹ ਅਰੁਣ ਨਾਲ ਹੋਇਆ।ਬੇਸ਼ੱਕ ਸ਼ਿਵ ਕੁਮਾਰ ਨੂੰ ਬਿਰਹੋ ਦਾ ਕਵੀ ਕਹਿ ਕੇ ਸੱਦਿਆ ਜਾਂਦਾ ਹੈ ਪਰੰਤੂ ਸ਼ਿਵ ਦੀ ਸ਼ਾਇਰੀ ਕਮਾਲ ਦੀ ਅਤੇ ਡੂੰਘੇ ਭਾਵ ਅਰਥਾਂ ਵਾਲੀ ਹੈ। ਜਿਸ ਨੂੰ ਅਸਾਨੀ ਨਾਲ ਨਹੀਂ ਸਮਝਿਆਂ ਜਾ ਸਕਦਾ । ਜਿਆਦਾ ਮਕਬੂਲ ਰਚਨਾਵਾਂ ਬੇਸ਼ੱਕ ਸੌਖੀਆਂ ਸਮਝ ’ਚ ਆਉਣ ਵਾਲੀਆਂ ਹਨ। ਸ਼ਿਵ ਦੇ ਜਾਣ ਪਿੱਛੋਂ ਸ਼ਿਵ ਦੀ ਸ਼ਾਇਰੀ ਤੇ ਅਲੋਚਨਾ ਵੀ ਹੋਈ ਉਸਦੀਆਂ ਰਚਨਾਵਾਂ ਨੂੰ ਇਕੱਠਾ ਕਰਕੇ ਵੀ ਛਾਪਿਆ ਗਿਆ। ਅਜੋਕੀ ਲੇਖਣੀ ਦੇ ਨਵਾਂ ਲਿਖਣ ਵਾਲੇ ਲੇਖਕਾਂ ਨੂੰ ਸ਼ਿਵ ਦਾ ਪੂਰਨ ਕਾਵਿ ਪੜ੍ਹਨ ਦੀ ਲੋੜ ਹੈ।
ਸ਼ਿਵ ਕੁਮਾਰ ਨੇ ਪੀੜਾਂ ਦਾ ਪਰਾਗਾ,ਲਾਜਵੰਤੀ,ਆਟੇ ਦੀਆਂ ਚਿੜੀਆਂ,ਲੂਣਾਂ ,ਮੈਂ ਤੇ ਮੈਂ ਆਦਿ ਪੁਸਤਕਾਂ ਪੰਜਾਬੀ ਸਾਹਿਤ ਦੀ ਝੋਲੀ ਪਾਈਆਂ। ਮੈਨੂੰ ਵਿਦਾ ਕਰੋ,ਹੰਝੂੰਆਂ ਦਾ ਭਾੜਾ, ਲੂਣਾ, ਰੁੱਖ,ਸ਼ਿਕਰਾ ਯਾਰ ਬਣਾਇਆ ਆਦਿ ਅਨੇਕਾਂ ਹੀ ਕਵਿਤਾਵਾਂ ,ਗੀਤ ਹਨ ਜੋ ਅੱਜ ਵੀ ਸਾਹਿਤ ਅਤੇ ਸ਼ਿਵ ਪ੍ਰੇਮੀਆਂ ਨੂੰ ਯਾਦ ਹਨ। ਸ਼ਿਵ ਦੀਆਂ ਕਵਿਤਾਵਾਂ,ਗੀਤ ਮੁਹੰਮਦ ਰਫ਼ੀ,ਮਹਿ ੰਦਰ ਕਪੂਰ,ਜਗਜੀਤ ਸਿੰਘ, ਕੇ ਦੀਪ ,ਸੁਰਿੰਦਰ ਕੌਰ ਆਦਿ ਅਨੇਕਾਂ ਫ਼ਨਕਾਰਾਂ ਨੇ ਗਾਏ ਤੇ ਰਿਕਾਰਡ ਕਰਵਾਏ ਹਨ।
ਸ਼ਿਵ ਦੇ ਦੋਸਤਾਂ ਮਿੱਤਰਾਂ ਦਾ ਘੇਰਾ ਬੜਾ ਵਿਸ਼ਾਲ ਸੀ। ਪਰ ਸ਼ਰਾਬ ਉਸ ਦੀ ਪੱਕੀ ਸਾਥਣ ਨੇ ਉਸ ਦਾ ਸਾਥ ਨਾ ਛੱਡਿਆ। ਲੋਹੜੇ ਦਾ ਸੁਰੀਲਾ, ਖੂਬਸੂਰਤ ਸ਼ਿਵ ਅਖੀਰ 6 ਮਈ 1973 ਨੂੰ 37 ਸਾਲ ਦੀ ਉਮਰੇ ਹੀ ਸਦਾ ਲਈ ਰੁਖਸਤ ਹੋ ਗਿਆ। ਆਪਣੇ ਲਿਖੇ ਸ਼ਬਦਾਂ ਨੂੰ ਅਮਲੀ ਜਾਮਾ ਪਹਿਨਾ ਕੇ ਮੁਹੱਬਤ ਲੇਖੇ ਲਾ ਗਿਆ।
ਜੋਬਨ ਰੁੱਤੇ ਜੋ ਵੀ ਮਰਦਾ ਫੁੱਲ ਬਣੇ ਜਾਂ ਤਾਰਾ,ਜੋਬਨ ਰੁੱਤੇ ਆਸ਼ਕ ਮਰਦੇ ਜਾਂ ਕੋਈ ਕਰਮਾ ਵਾਲਾਂ।
ਝ ਰਾਜਵਿੰਦਰ ਰੌਂਤਾ
ਰੌਂਤਾ (ਮੋਗਾ)