May 27, 2026 7:13 am

ਪੰਜਾਬੀ ਸੱਭਿਆਚਾਰ ਦੇ ਅੰਦਰਨੀ ਮਸਲੇ

ਆਪਣੇ ਸੱਭਿਆਚਾਰ ਵਿਚਲੀ ਅਮੀਰੀ ਦਾ ਪੰਜਾਬੀਆਂ ਨੂੰ ਸਦਾ ਮਾਣ ਰਿਹਾ ਹੈ।ਜਿਹੜੇ ਲੋਕਾਂ ਨੂੰ ਸਦਾ ਉਜੜਨ ਦਾ ਡਰ ਰਹੇ, ਜਿਹੜੇ ਲੋਕਾਂ ‘ਚ ਭੈਅ ਦਾ ਮਾਹੌਲ ਬਣਿਆ ਰਹੇ ਉਹ ਜੇਕਰ ਤਕੜੇ ਜਿਗਰੇ ਨਹੀਂ ਰੱਖਣਗੇ ਤਾਂ ਸਹਿਮ ਨਾਲ ਹੀ ਮਰ ਜਾਣਗੇ। ਪੰਜਾਬੀਆਂ ਨੇ ਜਿਗਰਾ ਵੱਡਾ ਰੱਖਿਆ ਹੈ, ਇਸੇ ਕਾਰਨ ਕਿਸੇ ਵੀ ਮੁਸੀਬਤ ਨੂੰ ਖਿੜੇ ਮੱਥੇ ਜਰ ਲੈਣ ਦੀ ਉਨ੍ਹਾਂ ਦੀ ਸਮਰੱਥਾ ਬਾਕੀਆਂ ਨਾਲੋਂ ਜ਼ਿਆਦਾ ਹੈ। ਸੱਭਿਆਚਾਰ ਇਕ ਸੰਗਠਿਤ ਵਰਤਾਰਾ ਹੈ, ਜਿਸ ਵਿਚ ਪਰੰਪਰਾ ਦੀ ਅਮੀਰੀ ਦਾ ਬੜਾ ਯੋਗਦਾਨ ਹੁੰਦਾ ਹੈ। ਇਹ ਸੁਚੱਜ ਦੀ ਉਹ ਪਰਿਭਾਸ਼ਾ ਹੈ ਜਿਸ ਨੂੰ ਜਾਣ ਕੇ ਨਵੀਂ ਪੀੜ੍ਹੀ ਮਾਣਦੀ ਹੈ। ਉਂਜ ਜੇਕਰ ਸੂਖ਼ਮ ਦ੍ਰਿਸ਼ਟੀ ਤੋਂ ਵੇਖਿਆ ਜਾਵੇ ਤਾਂ ਹਰ ਸੱਭਿਆਚਾਰ ਆਪਣੇ ਵਿਰਸੇ ਤੇ ਗੌਰਵਮਈ ਇਤਿਹਾਸ ‘ਤੇ ਮਾਣ ਵੀ ਕਰਦਾ ਹੈ ਤੇ ਉਸ ਨੂੰ ਸਾਂਭ ਕੇ ਰੱਖਣ ਦੀ ਹਰ ਪਹਿਲਕਦਮੀ ਵੀ ਕਰਦਾ ਹੈ। ਚਾਹੇ ਕੋਈ ਕੌਮ ਕਿੰਨੀ ਵੀ ਉੱਨਤ ਕਿਉਂ ਨਾ ਹੋ ਜਾਵੇ ਰਿਸ਼ਤਿਆਂ ਦਾ ਮਾਣ ਕਰਨਾ ਜਾਣਦੀ ਹੁੰਦੀ ਹੈ। ਇਹ ਵੱਖਰੀ ਗੱਲ ਹੈ ਕਿ ਕਿਧਰੇ ਇਹ ਰਿਸ਼ਤੇ ਬਹੁ-ਪਰਤੀ ਧਰਾਤਲ ‘ਤੇ ਵਿਚਰਦੇ ਹਨ ਤੇ ਕਿਧਰੇ ਇਕ-ਪਰਤੀ ਧਰਾਤਲ ‘ਤੇ। ਪੰਜਾਬੀ ਸੱਭਿਆਚਾਰ ਵਿਚਲੀ ਸਜੱਗਤਾ ਇਸ ਦੇ ਰਹਿਣ-ਸਹਿਣ, ਵਰਤੋਂ ਵਿਹਾਰ, ਧਾਰਮਿਕਤਾ ਤੇ ਸਮਾਜਿਕ ਸ਼ਰਮ ਵਿੱਚ ਵੇਖੀ ਜਾ ਸਕਦੀ ਹੈ। ਜਿੱਥੇ ਇਕ ਪਾਸੇ ਹਮੇਸ਼ਾ ਉੱਜੜ ਜਾਣ ਦਾ ਡਰ ਸਤਾਉਂਦਾ ਰਹਿੰਦਾ ਹੈ।

ਪਰਿਵਰਤਨ ਕੁਦਰਤੀ ਵਰਤਾਰਾ ਹੈ। ਹਰੇਕ ਸੱਭਿਆਚਾਰ ਪਰਿਵਰਤਨ ਦੀ ਪ੍ਰਕਿਰਿਆ ਵਿਚੋਂ ਗੁਜ਼ਰਦਾ ਹੈ। ਕਿਧਰੇ ਇਹ ਪਰਿਵਰਤਨ ਰੁਪਾਂਤਰਣ ਦੀ ਸਹਿਜ ਅਵਸਥਾ ਰਾਹੀਂ ਵਾਪਰਦਾ ਹੈ ਤੇ ਕਿਧਰੇ ਇਸ ਦੇ ਬਦਲਣ ਦੀ ਤੇਜ਼ ਗਤੀ ਪ੍ਰਤੱਖ ਰੂਪ ‘ਚ ਦੇਖੀ ਜਾ ਸਕਦੀ ਹੈ। ਪੰਜਾਬੀ ਸੱਭਿਆਚਾਰ ਨੇ ਵੀ ਇਸ ਤਬਦੀਲੀ ਨੂੰ ਕਬੂਲਿਆ ਹੈ। ਸਮਾਂ ਸਦਾ ਸਥਿਰ ਨਹੀਂ ਰਹਿੰਦਾ ਤੇ ਸਮੇਂ ਨਾਲ ਵਿਅਕਤੀ ਦੀ ਸੋਚ ਦਾ ਬਦਲਣਾ ਸੁਭਾਵਿਕ ਹੈ। ਜਦੋਂ ਦਾ ਵਿਸ਼ਵੀਕਰਨ ਦਾ ਸੰਕਲਪ ਮਨੁੱਖੀ ਜਨ ਜੀਵਨ ਵਿੱਚ ਆਇਆ ਹੈ ਹਰੇਕ ਕਿਸਮ ਦੀਆਂ ਬੰਦਿਸ਼ਾਂ ਟੁੱਟੀਆਂ ਹਨ ਤੇ ਨਵੇਂ ਪ੍ਰਤੀਮਾਨ ਸਿਰਜਣ ਵੱਲ ਮਾਨਵ ਰੁਚਿਤ ਹੋਇਆ ਹੈ। ਇਹ ਜ਼ਰੂਰਤ ਵੀ ਹੈ ਤੇ ਤਰੱਕੀ ਦਾ ਮਾਡਲ ਵੀ। ਪੰਜਾਬੀ ਸੱਭਿਆਚਾਰ ਨੇ ਇਸ ਪ੍ਰਭਾਵ ਨੂੰ ਕਈ ਪੱਖਾਂ ਤੋਂ ਕਬੂਲਿਆ ਹੈ। ਸਭਿਅਤਾ ਵਿਚਲਾ ਵਿਕਾਸ ਸਭਿਆਚਾਰਕ ਪ੍ਰਤੀਮਾਨਾਂ ਨੂੰ ਪ੍ਰਭਾਵਿਤ ਜ਼ਰੂਰ ਕਰਦਾ ਹੈ। ਇਸੇ ਕਾਰਨ ਹੀ ਨਵੀਂ ਪੀੜ੍ਹੀ ਦੀ ਸੋਚ ਤੇ ਪੁਰਾਣੀ ਪੀੜ੍ਹੀ ਦੀ ਪਰੰਪਰਾ ਦਾ ਟਕਰਾਅ ਹੁੰਦਾ ਹੈ। ਹੁਣ ਪੰਜਾਬੀ ਸੱਭਿਆਚਾਰ ਵਿਚਲੀ ਉਹ ਪੀੜ੍ਹੀ ਨਹੀਂ ਰਹੀ ਜਿਹੜੀ ਗੁਥਲੀ ਵਿੱਚ ਸਿੱਕੇ ਪਾ ਕੇ ਉਸ ਨੂੰ ਗੰਢਾਂ ਮਾਰ ਕੇ ਰੱਖਦੀ ਸੀ ਜਾਂ ਕੁੱਜੇ ਵਿੱਚ ਪੈਸੇ ਪਾ ਕੇ ਘਰ ਦੇ ਕਿਸੇ ਕੋਨੇ ਵਿੱਚ ਦੱਬ ਕੇ ਰੱਖੇ ਜਾਂਦੇ ਸਨ। ਬਹੁਤ ਕੁਝ ਸਹਿਜ ਸੁਭਾਵਕ ਹੀ ਬਦਲ ਗਿਆ ਤੇ ਅਜੇ ਹੋਰ ਬਦਲਣ ਦੀਆਂ ਸੰਭਾਵਨਾਵਾਂ ਪਈਆਂ ਹੋਈਆਂ ਹਨ ਜਿਹੜੀ ਰੋਜ਼ਮੱਰਾ ਦੀ ਜ਼ਿੰਦਗੀ ਵਿੱਚ ਦਿਸ ਰਹੀਆਂ ਹਨ। ਅਪ੍ਰਤੱਖ ਸੰਭਾਵਨਾਵਾਂ ਸਮੇਂ ਦੀ ਉਪਜ ਹੁੰਦੀਆਂ ਹਨ, ਜਿਹੜੀਆਂ ਲੋੜ ਪੈਣ ‘ਤੇ ਆਪਣੇ ਆਪ ਪੈਦਾ ਹੋ ਜਾਂਦੀਆਂ ਹਨ। ਪੰਜਾਬੀ ਸੱਭਿਆਚਾਰ ਵਿਚਲੇ ਅੰਦਰੂਨੀ ਮਸਲਿਆਂ ਨੂੰ ਸਮਝਣ ਦੀ ਇਹ ਤੁੱਛ ਜਿਹੀ ਕੋਸ਼ਿਸ਼ ਹੈ, ਜਿਸ ਲਈ ਪਰੰਪਰਾ ਤੇ ਆਧੁਨਿਕਤਾ ਨੂੰ ਆਧਾਰ ਬਣਾਇਆ ਗਿਆ ਹੈ।
ਪੰਜਾਬੀ ਸੱਭਿਆਚਾਰ ਵਿਚਲੀ ਸਭ ਤੋਂ ਪ੍ਰਮੁੱਖ ਪ੍ਰਵਿਰਤੀ ਪੱਛਮੀ ਸੱਭਿਆਚਾਰ ਦੇ ਪ੍ਰਭਾਵ ਥੱਲੇ ਹੀ ਅਗਰਸਰ ਹੁੰਦੀ ਹੈ। ਇਥੋਂ ਹੀ ਦੁਨੀਆਂ ਨੂੰ ਜਾਨਣ ਦਾ ਮੌਕਾ ਮਿਲਦਾ ਹੈ ਤੇ ਇਥੋਂ ਹੀ ਪਦਾਰਥਵਾਦੀ ਰੁਚੀਆਂ ਜਨਮ ਲੈਂਦੀਆਂ ਹਨ, ਜਿਨ੍ਹਾਂ ਕਾਰਨ ਸਭਿਆਚਾਰਕ ਮੁੱਲ-ਵਿਧਾਨ ਨੂੰ ਤਿਆਗਣਾ ਤੇ ਵਿਅਕਤੀਵਾਦੀ ਰੁਚੀਆਂ ਦਾ ਪੈਦਾ ਹੋਣਾ ਆਰੰਭ ਹੁੰਦਾ ਹੈ। ਇਹ ਪ੍ਰਭਾਵ ਰੇਡੀਓ ਤੇ ਟੀ.ਵੀ. ਨੇ ਸਭ ਤੋਂ ਜ਼ਿਆਦਾ ਪਾਇਆ ਹੈ, ਕਿਉਂਕਿ ਇਹ ਸੰਚਾਰ ਮਾਧਿਅਮ ਲੋਕਾਂ ਨਾਲ ਸਿੱਧੇ ਤੌਰ ‘ਤੇ ਰਾਬਤਾ ਕਾਇਮ ਕਰਦੇ ਹਨ। ਭਾਵੇਂ ਰੇਡੀਓ ਦਾ ਪ੍ਰਭਾਵ ਘੱਟ ਮੰਨਿਆ ਜਾ ਸਕਦਾ ਹੈ, ਪਰ ਮਨੁੱਖੀ ਸੋਚ ਵਿੱਚ ਤਬਦੀਲੀ ਲਿਆਉਣ ਦਾ ਸਭ ਤੋਂ ਤਾਕਤਵਰ ਸਾਧਨ ਟੀ.ਵੀ. ਹੋ ਨਿਬੜਿਆ ਹੈ। ਮੈਨੂੰ ਯਾਦ ਹੈ ਜਦੋਂ ਪਿੰਡ ਵਿੱਚ ਕੇਵਲ ਇਕ ਘਰ ਵਿੱਚ ਹੀ ਟੀ.ਵੀ. ਹੋਇਆ ਕਰਦਾ ਸੀ ਤੇ ਘਰ ਦਾ ਮਾਲਕ ਬੜੇ ਮਾਣ ਨਾਲ ਉਸ ਨੂੰ ਘਰ ਦੇ ਵਿਹੜੇ ਵਿੱਚ ਲਾ ਕੇ ਫ਼ਖ਼ਰ ਮਹਿਸੂਸ ਕਰਦਾ ਸੀ। ਇਸ ਗੱਲ ਬਾਰੇ ਤਾਂ ਕਿਸੇ ਨੂੰ ਚਿੱਤ ਚੇਤਾ ਵੀ ਨਹੀਂ ਸੀ ਕਿ ਹਰ ਘਰ ਦੇ ਹਰ ਕਮਰੇ ਵਿੱਚ ਟੀ.ਵੀ. ਹੋਇਆ ਕਰੇਗਾ।ਅੰਗਰੇਜ਼ੀ ਸੱਭਿਆਚਾਰ ਦੀ ਜੀਵਨ ਜਾਚ ਜਿੰਨੀ ਇਸ ਸੰਚਾਰ ਮਾਧਿਅਮ ਨੇ ਦਰਸਾਈ ਹੈ ਓਨੀ ਕਿਸੇ ਹੋਰ ਮਾਧਿਅਮ ਨੇ ਨਹੀਂ। ਬਹੁਗਿਣਤੀ ਪੰਜਾਬੀ ਲੋਕਾਂ ਨੂੰ ਅੰਗਰੇਜ਼ੀ ਸਮਝ ਨਹੀਂ ਆਉਂਦੀ, ਜਿਸ ਕਾਰਨ ਪੁਰਾਣੀ ਪੀੜ੍ਹੀ ਇਸ ਤੋਂ ਵਿਰਵੀ ਰਹਿ ਜਾਂਦੀ ਸੀ। ਹੁਣ ਇਸ ਮਾਧਿਅਮ ਨੇ ਉਸ ਦਾ ਵੀ ਤੋੜ ਕੱਢ ਲਿਆ ਹੈ। ਹੁਣ ਅੰਗਰੇਜ਼ੀ ਫ਼ਿਲਮਾਂ ਹਿੰਦੀ ਤੇ ਸਥਾਨਕ ਭਾਸ਼ਾਵਾਂ ‘ਚ ਅਨੁਵਾਦ ਕਰਕੇ ਦੇਣ ਲੱਗ ਪਏ ਹਨ, ਜਿਸ ਨਾਲ ਨਵੀਂ ਪੀੜ੍ਹੀ ਤਾਂ ਬਿਲਕੁਲ ਹੀ ਇਨ੍ਹਾਂ ਚੈਨਲਾਂ ‘ਤੇ ਨਿਰਭਰ ਹੋ ਗਈ ਹੈ। ਇਸ ਨਾਲ ਕਈ ਸਾਰਥਕ ਪ੍ਰਭਾਵ ਵੀ ਪਏ ਹਨ। ਜਿਹੜੇ ਚੈਨਲ ਅਸੀਂ ਕਦੇ ਵੇਖ ਹੀ ਨਹੀਂ ਸੀ ਸਕਦੇ ਤੇ ਜਿਹੜਾ ਗਿਆਨ ਅਸੀਂ ਕਦੇ ਹਾਸਲ ਕਰ ਹੀ ਨਹੀਂ ਸੀ ਸਕਣਾ, ਉਹ ਗਿਆਨ ਵੀ ਬਹੁਤ ਸਾਰੇ ਚੈਨਲਾਂ ਰਾਹੀਂ ਪ੍ਰਸਾਰਤ ਹੋ ਰਿਹਾ ਹੈ, ਜਿਵੇਂ ਡਿਸਕਵਰੀ, ਨੈਸ਼ਨਲ ਜਿਓਗਰਾਫਿਕ, ਹਿਸਟਰੀ, ਟੀ. ਐਂਡ ਸੀ. ਆਦਿ। ਇਸ ਨਾਲ ਜਿੱਥੇ ਹੋਰ ਸਭਿਆਚਾਰਾਂ ਨੂੰ ਸਮਝਣ ਦਾ ਮੌਕਾ ਮਿਲਦਾ ਹੈ, ਉੱਥੇ ਆਪਣੇ ਸੱਭਿਆਚਾਰ ਵਿੱਚ ਪਈਆਂ ਅਪ੍ਰੋਖ ਘਟਨਾਵਾਂ ਬਾਰੇ ਵੀ ਗਿਆਨ ‘ਚ ਵਾਧਾ ਹੋ ਰਿਹਾ ਹੈ, ਜਿਸ ਕਾਰਨ ਸੱਭਿਆਚਾਰਕ ਦਿਸਹੱਦੇ ਟੁੱਟ ਰਹੇ ਹਨ ਤੇ ਆਮ ਆਦਮੀ ਆਪਣੇ-ਆਪ ਤੇ ਆਪਣੀ ਸੱਭਿਆਚਾਰਕ ਵੰਨ-ਸੁਵੰਨਤਾ ਦੀ ਥਾਹ ਪਾਉਣ ਦੇ ਸਮਰੱਥ ਹੋ ਰਿਹਾ ਹੈ। ਇਸ ਮਾਧਿਅਮ ਨੇ ਸਮੁੱਚੀ ਸੋਚ ਬਦਲ ਕੇ ਰੱਖ ਦਿੱਤੀ ਹੈ। ਇਹ ਸੋਚ ਰਿਸ਼ਤਿਆਂ ਪ੍ਰਤੀ, ਵਿਹਾਰ ਪ੍ਰਤੀ, ਜੀਵਨ ਪ੍ਰਤੀ ਪੰਜਾਬੀ ਸੱਭਿਆਚਾਰ ਦੇ ਹਰੇਕ ਖੇਤਰ ਵਿਚ ਵੇਖੀ ਜਾ ਸਕਦੀ ਹੈ। ਇਸ ਨਾਲ ਜਿੱਥੇ ਸਭਿਆਚਾਰਕ ਕਾਰ-ਵਿਹਾਰ ਤੂੜੀ ਦੀ ਪੰਡ ਵਾਂਗ ਖਿੰਡ ਰਹੇ ਹਨ, ਉੱਥੇ ਇਕ ਨਵੇਂ ਸੱਭਿਆਚਾਰ ਦੀ ਸਿਰਜਣਾ ਵੀ ਸੰਭਵ ਹੋ ਸਕੀ ਹੈ, ਜਿਸ ਨਾਲ ਅਸੀਂ ਦੁਨੀਆਂ ਦੇ ਕਿਸੇ ਵੀ ਹੋਰ ਸਭਿਆਚਾਰ ਦੇ ਬਰਾਬਰ ਪੈਰ ਮੇਚ ਕੇ ਤੁਰ ਸਕਣ ਦੇ ਸਮਰੱਥ ਹੋ ਰਹੇ ਹਾਂ।
ਜ਼ਿੰਦਗੀ ਦੇ ਇਸ ਅਣਦਿੱਸਦੇ ਪਹਿਲੂ ਪ੍ਰਤੀ ਜਾਗਰੂਕ ਹੋਣ ਉਪਰੰਤ ਕੁਦਰਤੀ ਹੈ ਕਿ ਅਸੀਂ ਸੋਚ ਦੀ ਪੱਧਰ ‘ਤੇ ਵੀ ਬਦਲਾਅ ਮਹਿਸੂਸ ਕਰੀਏ। ਪੰਜਾਬੀ ਭਾਈਚਾਰੇ ਵਿੱਚ ਵੰਡ ਛਕਣ ਦੀ ਬਿਰਤੀ ਹੁਣ ਦਮ ਤੋੜ ਰਹੀ ਹੈ। ਵਿਅਕਤੀ ਪਦਾਰਥਵਾਦੀ ਸੋਚ ਦਾ ਧਾਰਨੀ ਹੁੰਦਾ ਜਾ ਰਿਹਾ ਹੈ। ਪਦਾਰਥ ਹਮੇਸ਼ਾ ਵਿਅਕਤੀ ਵਿਚਲੀ ਲਾਲਸਾ/ਲਾਲਚ ਨਾਲ ਜੁੜਿਆ ਹੋਇਆ ਹੁੰਦਾ ਹੈ, ਜਿਸ ਕਾਰਨ ਉਸ ਲਈ ਰਿਸ਼ਤਿਆਂ ਦੀ ਅਹਿਮੀਅਤ ਨਹੀਂ ਰਹਿ ਜਾਂਦੀ। ਸਵੈ-ਕੇਂਦਰਤ ਹੋਣ ਕਰਕੇ ਸਵਾਰਥੀ ਬਿਰਤੀ ਭਾਰੂ ਹੋਣ ਲੱਗ ਜਾਂਦੀ ਹੈ ਤੇ ਆਪਣਿਆਂ ਦਾ ਮੋਹ, ਜਿਹੜਾ ਕਦੇ ਸਾਡੇ ਸਿਰ ਚੜ੍ਹ ਕੇ ਬੋਲਦਾ ਸੀ, ਤਿੜਕਣ ਲੱਗ ਜਾਂਦਾ ਹੈ। ਪੰਜਾਬੀ ਸਭਿਆਚਾਰ ਨੇ ਇਹ ਪ੍ਰਭਾਵ ਭਾਵੇਂ ਮੀਡੀਆ ਤੋਂ ਗ੍ਰਹਿਣ ਕੀਤਾ ਹੋਵੇ ਭਾਵੇਂ ਪੱਛਮੀ ਸੱਭਿਆਚਾਰ ਦੇ ਸੰਪਰਕ ਵਿੱਚ ਆਉਣ ਤੋਂ ਗ੍ਰਹਿਣ ਕੀਤਾ ਹੋਵੇ, ਇਸ ਦਾ ਪ੍ਰਭਾਵ ਸਾਡੇ ‘ਤੇ ਬਹੁਤ ਜ਼ਿਆਦਾ ਸ਼ਿੱਦਤ ਨਾਲ ਪੈ ਰਿਹਾ ਹੈ। ਇਸ ਨੂੰ ਵਿਅਕਤੀ ਦੀ ਉਨਤੀ ਨਾਲ ਜੋੜ ਕੇ ਵੇਖਣ ਨਾਲ ਹੀ ਇਸ ਦੀ ਸਾਰਥਕਤਾ ਸਮਝ ਆਉਂਦੀ ਹੈ। ਉਂਜ ਸਹਿਜ ਰੂਪ ਵਿੱਚ ਇਸ ਨੂੰ ਸਭਿਆਚਾਰਕ ਵਿਗਾੜ ਦਾ ਨਾਂ ਹੀ ਦਿੱਤਾ ਜਾਂਦਾ ਹੈ। ਹਰੇਕ ਤਰ੍ਹਾਂ ਦਾ ਕਾਰੋਬਾਰ ਹੁਣ ਸਾਡੀ ਮਾਨਸਿਕਤਾ ਦਾ ਅੰਗ ਬਣ ਗਿਆ ਹੈ। ਪਿਤਾ ਪੁਰਖੀ ਕਾਰੋਬਾਰ ਗੁਜ਼ਾਰਾ ਕਰਾਉਣ ਦੇ ਸਮਰੱਥ ਨਹੀਂ ਰਹੇ, ਇਸੇ ਕਾਰਨ ਜੱਟਾਂ ਦੇ ਮੁੰਡੇ ਸੁਨਿਆਰਿਆਂ ਦਾ ਕੰਮ ਕਰਨ ਲੱਗ ਪਏ ਹਨ ਤੇ ਸੁਨਿਆਰਿਆਂ ਦੇ ਮੁੰਡੇ ਵਪਾਰ ਕਰਕੇ ਵਾਧੂ ਮੁਨਾਫੇ ਰਾਹੀਂ ਜ਼ਮੀਨਾਂ ਖਰੀਦਣ ਲੱਗ ਪਏ ਹਨ। ਇਹ ਕੇਵਲ ਇਕ ਉਦਾਹਰਣ ਹੈ, ਜਿਹੜੀ ਹਰੇਕ ਕਿੱਤੇ ‘ਤੇ ਲਾਗੂ ਹੁੰਦੀ ਹੈ। ਪਦਾਰਥਵਾਦੀ ਸੋਚ ਜਿੱਥੇ ਉਨਤੀ ਪ੍ਰਦਾਨ ਕਰਦੀ ਹੈ, ਉੱਥੇ ਵਿਅਕਤੀ ਵਿੱਚ ਤਿੜਕਣ ਦੀਆਂ ਸੰਭਾਵਨਾਵਾਂ ਵੀ ਜ਼ਿਆਦਾ ਪੈਦਾ ਹੋ ਜਾਂਦੀਆਂ ਹਨ।
ਮਾਨਸਿਕ ਟੁੱਟ-ਭੱਜ ਰਿਸ਼ਤਿਆਂ ਦੇ ਖਿੰਡਾਅ ਵੱਲ ਕਾਰਜਸ਼ੀਲ ਹੁੰਦੀ ਹੈ ਤੇ ਵਿਅਕਤੀਵਾਦੀ ਸੋਚ ਵਿਅਕਤੀ ਨੂੰ ਸਮਾਜ ਤੋਂ ਹੀ ਨਹੀਂ ਆਪਣੇ-ਆਪ ਤੋਂ ਵੀ ਤੋੜਦੀ ਹੈ। ਗਰੀਬ ਵਿਅਕਤੀਆਂ ਦੀ ਤਲਾਕ ਦਰ ਅਮੀਰ ਲੋਕਾਂ ਦੇ ਮੁਕਾਬਲੇ ਸਿਫ਼ਰ ਬਿੰਦੂ ‘ਤੇ ਖਲੋਂਦੀ ਹੈ। ਅਜਿਹਾ ਉਸ ਸੋਚ ਕਾਰਨ ਹੈ, ਜਿਹੜੀ ਇਕੱਲਤਾ ਦੀ ਮੁਦੱਈ ਹੈ। ਪੰਜਾਬੀ ਸਭਿਆਚਾਰ ਵਿੱਚ ਵੀ ਅਜਿਹੀ ਸੋਚ ਵੱਡੇ ਪੱਧਰ ‘ਤੇ ਵੇਖੀ ਜਾ ਸਕਦੀ ਹੈ, ਖਾਸਕਰ ਸ਼ਹਿਰੀ ਰਹਿਣੀ-ਬਹਿਣੀ ਵਿੱਚ।
ਉੱਨਤ ਦੇਸ਼ਾਂ ਦਾ ਸੱਭਿਆਚਾਰ ਗਲਬਾ ਪਾਊ ਨੀਤੀ ਰਾਹੀਂ ਦੂਜੇ ਸੱਭਿਆਚਾਰ ਵਿੱਚ ਪ੍ਰਵੇਸ਼ ਕਰਦਾ ਹੈ। ਭਾਵੇਂ ਅਸਰ ਕਬੂਲਣ ਵਾਲਾ ਸਭਿਆਚਾਰ ਇਸ ਪ੍ਰਭਾਵ ਨੂੰ ਅੰਸ਼ਕ ਰੂਪ ‘ਚ ਹੀ ਸਵੀਕਾਰ ਕਰੇ, ਕਰਦਾ ਜ਼ਰੂਰ ਹੈ। ਬਹੁਤ ਸਾਰੇ ਖੇਤਰ ਹਨ, ਜਿਨ੍ਹਾਂ ਦਾ ਪੰਜਾਬੀ ਜਨ ਜੀਵਨ ‘ਤੇ ਸਾਰਥਕ ਤੇ ਨਿਰਾਰਥਕ ਦੋਵੇਂ ਤਰ੍ਹਾਂ ਦਾ ਪ੍ਰਭਾਵ ਵੇਖਿਆ ਜਾ ਸਕਦਾ ਹੈ।
ਝ ਇਕਬਾਲ ਸਿੰਘ ਭੋਮਾ

Send this to a friend