ਕਲਾਰਕ ਨੇ ਪੰਜਾਬ ਦੇ ਸਿੱਖਿਆ, ਐਗਰੋ ਫੂਡ ਪ੍ਰੋਸੈਸਿੰਗ ਅਤੇ ਸੂਰਜੀ ਊਰਜਾ ਖੇਤਰਾਂ ’ਚ ਦਿਖਾਈ ਦਿਲਚਸਪੀ
ਪਰਨੀਤ ਕੌਰ ਕਾਰਜਕਾਰੀ ਸੰਪਾਦਕ ਜਲੰਧਰ/ਚੰਡੀਗੜ੍ਹ, 11 ਅਕਤੂਬਰ-ਬ੍ਰਿਟਿਸ਼ ਕੋਲੰਬੀਆ, ਕੈਨੇਡਾ ਦੀ ਪ੍ਰੀਮੀਅਰ ਸ੍ਰੀਮਤੀ ਕ੍ਰਿਸਟੀ ਕਲਾਰਕ ਨੇ ਅੱਜ ਦੁਵੱਲੇ ਸਬੰਧਾਂ ਨੂੰ ਹੋਰ ਮਜ਼ਬੂਤ ਕਰਦਿਆਂ ਸਿੱਖਿਆ, ਐਗਰੋ ਫੂਡ ਪ੍ਰੋਸੈਸਿੰਗ ਅਤੇ ਸੂਰਜੀ ਊਰਜਾ ਦੇ ਖੇਤਰ ’ਚ ਪੰਜਾਬ ਨਾਲ ਭਾਈਵਾਲੀ ਕਰਨ ਦੀ ਇੱਛਾ ਪ੍ਰਗਟ ਕੀਤੀ। ਸ੍ਰੀਮਤੀ ਕਲਾਰਕ ਦੀ ਅਗਵਾਈ ’ਚ ਬ੍ਰਿਟਿਸ਼ ਕੋਲੰਬੀਆ ਦੇ ਇੱਕ ਵਫਦ ਨੇ ਅੱਜ ਇਥੇ ਪੰਜਾਬ ਦੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨਾਲ ਮੁਲਾਕਾਤ ਕੀਤੀ ਅਤੇ ਵਣਜ ਤੇ ਵਪਾਰ ਦੇ ਖੇਤਰ ’ਚ ਪੰਜਾਬ ਸਮੇਤ ਸਮੁੱਚੇ ਭਾਰਤ ਨਾਲ ਭਾਈਵਾਲੀ ਕਰਨ ਤੋਂ ਇਲਾਵਾ ਖੇਤਬਾੜੀ ਤੇ ਊਰਜਾ ਖੇਤਰ ਤਕਨੀਕੀ ਵਟਾਂਦਰਾ ਕਰਨ ਦੀ ਪੇਸ਼ਕਸ਼ ਕੀਤੀ। ਸ੍ਰੀਮਤੀ ਕਲਾਰਕ ਨੇ ਇਸ ਮੌਕੇ ਕਿ
ਹਾ ਕਿ ਪੰਜਾਬ ਹੀ ਇਕਲੌਤਾ ਅਜਿਹਾ ਭਾਰਤੀ ਰਾਜ ਹੈ ਜਿੱਥੇ ਕਨੇਡਾ ਵੱਲੋਂ ਵਪਾਰ ਦਫਤਰ ਸਥਾਪਤ ਕੀਤਾ ਗਿਆ ਹੈ ਅਤੇ ਉਨ੍ਹਾ ਵਿਸ਼ਵਾਸ ਦਿਵਾਇਆ ਕਿ ਆਉਂਦੇ ਸਮੇ ’ਚ ਬ੍ਰਿਟਿਸ਼ ਕੋਲੰਬੀਆ ਅਤੇ ਪੰਜਾਬ ਦਰਮਿਆਨ ਵਪਾਰ ਨੂੰ ਹੋਰ ਮਜ਼ਬੂਤ ਕੀਤਾ ਜਾਵੇਗਾ। ਮੀਟਿੰਗ ਦੌਰਾਨ ਉਪ ਮੁੱਖ ਮੰਤਰੀ ਨੇ ਬ੍ਰਿਟਿਸ਼ ਕੋਲੰਬੀਆ ਦੀ ਪ੍ਰੀਮੀਅਰ ਨੂੰ ਦੱਸਿਆ ਕਿ ਪੰਜਾਬ ਕੋਲ ਸੱਭ ਤੋਂ ਵੱਡਾ ਨਹਿਰੀ ਢਾਂਚਾ ਹੈ ਜਿਸ ਦੀ ਵਰਤੋਂ ਪਣ ਬਿਜਲੀ ਬਨਾਉਣ ਲਈ ਕੀਤੀ ਜਾ ਸਕਦੀ ਹੈ ਅਤੇ ਰਾਜ ਵੱਲੋਂ ਕਈ ਥਾਂਵਾਂ ’ਤੇ ਛੋਟੇ ਪਣ ਬਿਜਲੀ ਪ੍ਰੋਜੈਕਟ ਲਗਾਏ ਵੀ ਗਏ ਹਨ। ਸ. ਬਾਦਲ ਨੇ ਦੱਸਿਆ ਕਿ ਪੰਜਾਬ ਨੂੰ ਨਿਵੇਸ਼ ਲਈ ਬੇਹਤਰ ਸਥਾਨ ਬਨਾਉਣ ਲਈ ਰਾਜ ਸਰਕਾਰ ਨੇ ਢੁਕਵੀਆਂ ਵਪਾਰ ਨੀਤੀਆਂ ਲਾਗੂ ਕਰਨ ਤੋਂ ਇਲਾਵਾ ਕਈ ਵੱਡੇ ਕਦਮ ਪੁੱਟੇ ਹਨ। ਇਸ ਮੌਕੇ ਬ੍ਰਿਟਿਸ਼ ਕੋਲੰਬੀਆ ਦੀ ਪ੍ਰੀਮੀਅਰ ਮੰਤਰੀ ਸ੍ਰੀਮਤੀ ਕਲਾਰਕ ਨੇ ਵਪਾਰ ਖਿੱਚਣ, ਪ੍ਰੋਜੈਕਟਾਂ ਨੂੰ ਜਲਦ ਪ੍ਰਵਾਨਗੀ ਦੇਣ, ਨਾਗਰਿਕ ਸੇਵਾਵਾਂ ਦੇਣ, ਵਿਰਸੇ ਦੀ ਸੰਭਾਲ ਅਤੇ ਸਮਾਜ ਭਲਾਈ ਦੇ ਪ੍ਰੋਜੈਕਟਾਂ ਸਬੰਧੀ ਪੰਜਾਬ ਸਰਕਰਾ ਦੀ ਅਗਾਂਹਵਧੂ ਦਿਖ ਦੀ ਪ੍ਰਸੰਸਾ ਕੀਤੀ। ਉਨ੍ਹਾਂ ਕਿਹਾ ਕਿ ਕੈਨੇਡਾ ’ਚ ਵੀ ਪੰਜਾਬੀ ਭਾਈਚਾਰਾ ਦੇਸ਼ ਦੇ ਵਿਕਾਸ ’ਚ ਅਹਿਮ ਰੋਲ ਅਦਾ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਕੈਨੇਡਾ ’ਚ ਸਿੱਖਿਆ ਪ੍ਰਾਪਤ ਕਰਨ ਲਈ ਵੀ ਦੁੱਗਣੀ ਗਿਣਤੀ ’ਚ ਭਾਰਤੀ ਵਿਦਿਆਰਥੀ ਆ ਰਹੇ ਹਨ ਅਤੇ ਬ੍ਰਿਟਿਸ਼ ਕੋਲੰਬੀਆ ਤੇ ਭਾਰਤੀ ਵਿਦਿਅਕ ਅਦਾਰਿਆਂ ਦਰਮਿਆਨ 61 ਸਮਝੌਤੇ ਵੀ ਹੋਏ ਹਨ। ਇਸ ਮੌਕੇ ਹੋਰਨਾਂ ਤੋਂ ਇਲਾਵਾ ਪ੍ਰਿੰਸੀਪਲ ਸਕੱਤਰ ਕੇ.ਏ. ਸਿੰਘ, ਉਪ ਮੁੱਖ ਮੰਤਰੀ ਦੇ ਪ੍ਰਿੰਸੀਪਲ ਸਕੱਤਰ ਪੀ.ਐਸ.ਔਜਲਾ, ਪ੍ਰਿੰਸੀਪਲ ਸਕੱਤਰ ਰਾਜੀ ਪੀ. ਸ੍ਰੀਵਾਸਤਵਾ, ਮਨਵੇਸ਼ ਸਿੰਘ ਸਿੱਧੂ ਅਤੇ ਅਜੇ ਮਹਾਜਨ ਦੋਵੇਂ ਉਪ ਮੁੱਖ ਮੰਤਰੀ ਦੇ ਵਿਸ਼ੇਸ਼ ਪ੍ਰਿੰਸੀਪਲ ਸਕੱਤਰ ਮੌਜੂਦ ਸਨ।



