ਨਵੀਂ ਦਿੱਲੀ, 10 ਅਕਤੂਬਰ (ਪੀ. ਟੀ.)- ਦੱਖਣੀ ਦਿੱਲੀ ਦੇ ਜਸੋਲਾ ਇਲਾਕੇ ਵਿਚ ਅੱਜ ਬਾਅਦ ਦੁਪਹਿਰ ਸਿਲੰਡਰ ਫਟਣ ਨਾਲ 6 ਵਿਅਕਤੀਆਂ ਦੀ ਮੌਤ ਹੋ ਗਈ। ਅੱਗ ਬੁਝਾਊ ਵਿਭਾਗ ਦੇ ਸੂਤਰਾਂ ਅਨੁਸਾਰ ਉਨ੍ਹਾਂ ਨੂੰ ਇਕ ਘਰ ਤੋਂ ਫੋਨ ਆਇਆ । ਜਿਸ ‘ਤੇ ਅੱਗ ਬੁਝਾਉ ਦਲ ਦੇ ਮੈਂਬਰ ਘਟਨਾ ਵਾਲੀ ਥਾਂ ਪੁੱਜ ਗਏ। ਉਕਤ ਇਲਾਕੇ ਵਿਚ ਸਥਿਤ ਇਕ ਘਰ ਵਿਚ ਸਿਲੰਡਰ ਫੱਟਣ ਨਾਲ ਹੋਏ ਧਮਾਕੇ ਵਿਚ ਤਿੰਨ ਔਰਤਾਂ ਤੇ ਤਿੰਨ ਬੱਚਿਆਂ ਦੀ ਮੌਤ ਹੋ ਗਈ। ਸੂਤਰਾਂ ਅਨੁਸਾਰ ਰਾਹਤ ਕਾਰਜ ਜਾਰੀ ਹਨ।ਹੁਸ਼ਿਆਰਪੁਰ ਦੇ ਨੇਵੀ ਕੈਡੇਟ ਦੀ ਕੇਰਲਾ ਵਿਚ ਕਰੰਟ ਲੱਗਣ ਕਾਰਨ ਮੌਤ ਹੁਸ਼ਿਆਰਪੁਰ, 10 ਅਕਤੂਬਰ (ਓ ਪੀ ਰਾਣਾ)- ਸ਼ਹਿਰ ਦੇ 20 ਸਾਲ ਦੇ ਨੌਜਵਾਨ ਸਤਬੀਰ ਸਿੰਘ ਜਿਸ ਨੇ ਤਿੰਨ ਸਾਲ ਪਹਿਲਾਂ ਨੈਸ਼ਨਲ ਡਿਫ਼ੈਂਸ ਅਕੈਡਮੀ ਦਾ ਟੈਸਟ ਪਾਸ ਕੀਤਾ ਸੀ ਅਤੇ ਸਮੁੰਦਰੀ ਫ਼ੌਜ ਵਿਚ ਭਰਤੀ ਹੋਣ ਲਈ ਕੇਰਲਾ ਵਿਖੇ ਸਿਖਲਾਈ ਲੈ ਰਿਹਾ ਸੀ, ਦੀ ਕਰੰਟ ਲੱਗਣ ਕਾਰਨ ਮੌਤ ਹੋ ਗਈ। ਸਤਬੀਰ ਸਿੰਘ ਉਨ੍ਹਾਂ ਚਾਰ ਕੈਡੇਟਾਂ ਵਿਚ ਸ਼ਾਮਲ ਸੀ ਜੋ ਇਕ ਕਿਸ਼ਤੀ ਵਿਚ ਜਾ ਰਹੇ ਸਨ। ਇਸ ਕਿਸ਼ਤੀ ਦਾ ਮਸਤੂਲ ਨਦੀ ਦੇ ਉਪਰੋਂ ਲੰਘਦੀਆਂ ਹਾਈ ਟੈਨਸ਼ਨ ਤਾਰਾਂ ਨਾਲ ਟਕਰਾਅ ਗਿਆ।ਹਾਦਸੇ ਵਿਚ ਸਤਬੀਰ ਸਿੰਘ ਦੀ ਮੌਤ ਹੋ ਗਈ ਜਦਕਿ ਹੋਰ ਕੈਡੇਟ ਗੰਭੀਰ ਜ਼ਖ਼ਮੀ ਹੋ ਗਏ।



