ਬਰਨਾਲਾ, 26 ਜੁਲਾਈ (ਜਤਿੰਦਰ ਦਿਓਗਣ)-ਸਥਾਨਕ ਨਾਈਵਾਲਾ ਰੋਡ ਉਤੇ ਸਥਿਤ ਪੰਜਾਬ ਐਗਰੋ ਦੇ ਪਲਿੰਥਾਂ ਵਿੱਚੋਂ ਪੰਜਾਬ ਐਗਰੋ ਦੇ ਇੱਕ ਇੰਸਪੈਕਟਰ ਵੱਲੋ 5200 ਕਣਕ ਦੀਆਂ ਬੋਰੀਆਂ ਖੁਰਦ-ਬੁਰਦ ਕਰਨ ਦਾ ਕੀਤਾ ਘੋਟਾਲਾ ਵਿਭਾਗ ਨੇ ਠੰਡੇ ਬਸਤੇ ਵਿਚ ਪਾ ਦਿੱਤਾ ਹੈ। ਪੰਜਾਬ ਐਗਰੋ ਦੇ ਡੀ.ਐੱਮ. ਰਣਬੀਰ ਸਿੰਘ ਨੇ ਸਬੰਧਤ ਇੰਸਪੈਕਟਰ ਦੇ ਖਿਲਾਫ ਪੁਲਿਸ ਪਾਸ ਐੱਫ.ਆਈ.ਆਰ. ਦਰਜ ਕਰਾਉਣ ਦੀ ਬਜਾਏ ਪੰਜਾਬ ਐਗਰੋ ਦੇ ਐੱਮ.ਡੀ. ਕਿਰਨਦੀਪ ਸਿੰਘ ਭੁੱਲਰ ਨੂੰ 5200 ਕਣਕ ਦੀ ਬੋਰੀ ਖੁਰਦ-ਬੁਰਦ ਹੋਣ ਸਬੰਧੀ ਲਿਖ ਕੇ ਭੇਜ ਦਿੱਤਾ ਹੈ, ਪਰ ਘੁਟਾਲਾ ਹੋਏ ਨੂੰ ਅਤੇ ਲਿਖ ਕੇ ਭੇਜੇ ਨੂੰ ਕਈ ਮਹੀਨੇ ਬੀਤ ਜਾਣ ‘ਤੇ ਵੀ ਕਥਿਤ ਘੁਟਾਲੇਬਾਜ ਇੰਸਪੈਕਟਰ ਦੇ ਖਿਲਾਫ ਕੋਈ ਕਾਰਵਾਈ ਨਹੀਂ ਹੋਈ। ਜਦੋਂ ਇਸ ਘੁਟਾਲੇ ਸੰਬੰਧੀ ਪੰਜਾਬ ਐਗਰੋ ਦੇ ਜ਼ਿਲ੍ਹਾ ਡੀ.ਐੱਮ. ਰਣਬੀਰ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਪੱਲਾ ਝਾੜਦੇ ਕਿਹਾ ਕਿ ਉਨ੍ਹਾਂ ਦਾ ਕੰਮ ਘੁਟਾਲੇ ਸਬੰਧੀ ਪੰਜਾਬ ਐਗਰੋ ਦੇ ਮੁੱਖ ਦਫਤਰ ਚੰਡੀਗੜ੍ਹ ਤੇ ਐੱਮ.ਡੀ. ਨੂੰ ਲਿਖਕੇ ਭੇਜਣਾ ਸੀ ਜੋ ਕਿ ਭੇਜਿਆ ਹੋਇਆ ਹੈ ਤੇ ਅਗਲੀ ਕਾਰਵਾਈ ਉਨ੍ਹਾਂ ਹੀ ਕਰਨੀ ਸੀ, ਜਦ ਕਿ ਐੱਮ.ਡੀ. ਕਿਰਨਦੀਪ ਸਿੰਘ ਭੁੱਲਰ ਨੇ ਵਾਰ-ਵਾਰ ਫੋਨ ਕਰਨ ‘ਤੇ ਵੀ ਫੋਨ ਨਹੀਂ ਚੁੱਕਿਆ। ਇਸ ਤਰ੍ਹਾਂ ਕਥਿਤ ਘੁਟਾਲੇਬਾਜ਼ ਇੰਸਪੈਕਟਰ ਆਰ.ਆਰ.ਐੱਸ. ਨਾਲ ਸਬੰਧਤ ਹੋਣ ਕਾਰਨ ਪੰਜਾਬ ਐਗਰੋ ਦੇ ਉੱਚ ਅਧਿਕਾਰਿਆਂ ਮਾਮਲਾ ਠੰਡੇ ਬਸਤੇ ਵਿੱਚ ਸੁੱਟ ਦਿੱਤਾ ਹੈ।
5200 ਕਣਕ ਦੀਆਂ ਬੋਰੀਆਂ ਖੁਰਦ-ਬੁਰਦ ਹੋ ਜਾਣ ਦਾ ਮਾਮਲਾ ਠੰਡੇ ਬਸਤੇ ‘ਚ



