13 ਅਕਤੂਬਰ ਤੱਕ 3 ਦਰਜਨ ਤੋਂ ਵੱਧ ਚੋਣ ਰੈਲੀਆਂ ਨੂੰ ਕਰਨਗੇ ਸੰਬੋਧਨ
ਪਰਨੀਤ ਕੌਰ ਕਾਰਜਕਾਰੀ ਸੰਪਾਦਕ -ਜਲੰਧਰ/ਸਿਰਸਾ, 8 ਅਕਤੂਬਰ- ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਅਤੇ ਉਪ ਮੁੱਖ ਮੰਤਰੀ ਪੰਜਾਬ ਸ. ਸੁਖਬੀਰ ਸਿੰਘ ਬਾਦਲ ਵੱਲੋਂ ਹਰਿਆਣਾ ਵਿਧਾਨ ਸਭਾ ਚੋਣਾਂ ਲਈ ਅੱਜ ਤੋਂ ਸ਼੍ਰੋਮਣੀ ਅਕਾਲੀ ਦਲ-ਇੰਡੀਅਨ ਨੈਸ਼ਨਲ ਲੋਕ ਦਲ ਗਠਜੋੜ ਦੇ ਉਮੀਦਵਾਰਾਂ ਦੇ ਹੱਕ ’ਚ ਧੂਆਂ-ਧਾਰ ਚੋਣ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ। ਸ. ਬਾਦਲ 13 ਅਕਤੂਬਰ ਤੱਕ ਹਰਿਆਣਾ ’ਚ ਵੱਖ-ਵੱਖ ਥਾਂਵਾਂ ’ਤੇ ਗਠਜੋੜ ਦੇ ਉਮੀਦਵਾਰਾਂ ਦੇ ਹੱਕ ’ਚ 3 ਦਰਜ਼ਨ ਤੋਂ ਵੱਧ ਚੋਣ ਰੈਲੀਆਂ ਨੂੰ ਸੰਬੋਧਨ ਕਰਨਗੇ। ਇਸ ਪ੍ਰਚਾਰ ਪ੍ਰੋਗਰਾਮ ਦੇ ਪਹਿਲੇ ਦਿਨ ਅੱਜ ਸ. ਬਾਦਲ ਵੱਲੋਂ ਇਕ ਖਾਸ ਵੈਨ ਰਾਹੀਂ ਸਰਸਾ ਜ਼ਿਲ੍ਹੇ ਦੇ ਪਿੰਡਾਂ ਪਾਨਹੇੜੀ, ਫਰਮਾਹੀ ਕਲਾਂ, ਨੇਜਾਡੇਲਾ ਕਾਲਾ, ਵੈਦਵਾਲਾ, ਸਿਕੰਦਰਪੁਰ, ਮੋਰੀਵਾਲਾ,
ਨਾਰੇਲਕੇੜਾ, ਭਾਵਦੀਨ, ਸੰਗਰ ਸਾਦਾ, ਬਾਰੂਵਾਲੀ ਅਤੇ ਭਰੋਖਾ ਪਿੰਡਾਂ ’ਚ ਚੋਣ ਰੈਲੀਆਂ ਨੂੰ ਸੰਬੋਧਨ ਕੀਤਾ। ਇੰਨ੍ਹਾਂ ਪਿੰਡਾਂ ’ਚ ਹੋਏ ਵਿਸ਼ਾਲ ਇਕੱਠਾਂ ਨੂੰ ਸੰਬੋਧਨ ਕਰਦਿਆਂ ਸ. ਬਾਦਲ ਨੇ ਇੰਡੀਅਨ ਨੈਸ਼ਨਲ ਲੋਕ ਦਲ ਅਤੇ ਖਾਸਕਰ ਚੌਧਰੀ ਦੇਵੀ ਲਾਲ ਦੀ ਸਰਕਾਰ ਵੱਲੋਂ ਹਰਿਆਣਾ ਦੇ ਵਿਕਾਸ ਅਤੇ ਆਮ ਲੋਕਾਂ ਦੀ ਭਲਾਈ ਲਈ ਕੀਤੇ ਕੰਮ ਵਾਸਤੇ ਯਾਦ ਕੀਤਾ। ਉਨ੍ਹਾਂ ਹਰਿਆਣਾ ਦੇ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਇਨੈਲੋ ਦੀ ਲੋਕ ਹਿਤੂ ਸਰਕਾਰ ਅਤੇ ਸ੍ਰੀ ਹੁੱਡਾ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਦਰਮਿਆਨ ਤੁਲਨਾ ਜ਼ਰੂਰ ਕਰਨ। ਉਨ੍ਹਾਂ ਕਿਹਾ ਕਿ ਚੌਧਰੀ ਦੇਵੀ ਲਾਲ ਅਤੇ ਸ੍ਰੀ ਚੌਟਾਲਾ ਦੀ ਅਗਵਾਈ ਵਾਲੀਆਂ ਸਰਕਾਰਾਂ ਨੇ ਹਮੇਸ਼ਾਂ ਰਾਜ ਦੇ ਮੁਕੰਮਲ ਵਿਕਾਸ ਅਤੇ ਭਲਾਈ ਲਈ ਕੰਮ ਕੀਤਾ ਜਦੋਂ ਕਿ ਹਰਿਆਣਾ ਦੀ ਕਾਂਗਰਸ ਸਰਕਾਰ ਬੀਤੇ 10 ਸਾਲਾਂ ਦੌਰਾਨ ਸਿਰਫ ਸਿਆਸੀ ਬਦਲਾਖੋਰੀ ਅਤੇ ਰੋਹਤਕ ਦੇ ਵਿਕਾਸ ’ਚ ਹੀ ਰੁੱਝੀ ਰਹੀ। ਸ. ਬਾਦਲ ਨੇ ਅੱਗੇ ਕਿਹਾ ਕਿ ਹਰਿਆਣਾ ਦੀ ਕਾਂਗਰਸ ਸਰਕਾਰ ਨੇ ਸ੍ਰੀ ਚੌਟਾਲਾ ਨੂੰ ਝੂਠੇ ਮਾਮਲਿਆਂ ’ਚ ਫਸਾਉਣ ਦੀ ਕੋਸ਼ਿਸ਼ ਕੀਤੀ ਅਤੇ ਉਹ ਵੀ ਬੇਰੁਜ਼ਗਾਰ ਨੌਜਵਾਨਾਂ ਨੂੰ ਰੋਜ਼ਗਾਰ ਦੇਣ ਦੇ ਮਾਮਲੇ ’ਚ। ਸ. ਬਾਦਲ ਨੇ ਸਵਾਲ ਕੀਤਾ ਕਿ ਕੀ ਰਾਜ ਦੇ ਬੇਰੁਜ਼ਗਾਰ ਨੌਜਵਾਨਾਂ ਨੂੰ ਸਰਕਾਰੀ ਰੋਜ਼ਗਾਰ ਦੇਣਾ ਮਾੜੀ ਗੱਲ ਹੈ। ਕਾਂਗਰਸ ਸਰਕਾਰ ਵੱਲੋਂ ਉਨ੍ਹਾਂ ਦੇ ਪਰਿਵਾਰ ਵਿਰੁੱਧ ਸਿਆਸੀ ਬਦਲਾਖੋਰੀ ਤਹਿਤ ਕੀਤੀ ਗਈ ਕਾਰਵਾਈ ਨੂੰ ਯਾਦ ਕਰਦਿਆਂ ਸ. ਬਾਦਲ ਨੇ ਕਿਹਾ ਕਿ ਉਨ੍ਹਾਂ ਦੇ ਪਰਿਵਾਰ ਵਿਰੁੱਧ ਦਰਜ਼ ਕੀਤੇ ਗਏ ਸਾਰੇ ਮਾਮਲੇ ਨਾ ਸਿਰਫ ਅਦਾਲਤਾਂ ਵੱਲੋਂ ਖਾਰਜ ਕਰ ਦਿੱਤੇ ਗਏ ਬਲਕਿ ਪੰਜਾਬ ਦੇ ਲੋਕਾਂ ਨੇ ਵੀ ਲਗਾਤਾਰ ਦੋ ਵਾਰ ਸ. ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਾਲੀ ਸਰਕਾਰ ’ਚ ਵਿਸ਼ਵਾਸ ਪ੍ਰਗਚ ਕਰਕੇ ਨਵਾਂ ਇਤਿਹਾਸ ਰਚਿਆ। ਸ. ਬਾਦਲ ਨੇ ਕਿਹਾ ਕਿ ਉਨ੍ਹਾਂ ਨੂੰ ਪੂਰਾ ਯਕੀਨ ਹੈ ਕਿ ਹਰਿਆਣਾ ਦੇ ਲੋਕ ਵੀ ਆਪਣੇ ਮਹਿਬੂਬ ਆਗੂ ਸ੍ਰੀ ਓਮ ਪ੍ਰਕਾਸ਼ ਚੌਟਾਲਾ ਦੇ ਹੱਕ ’ਚ ਭੁਗਦਿਆਂ ਕਾਂਗਰਸ ਦੀਆਂ ਕੋਝੀਆਂ ਚਾਲਾਂ ’ਤੇ ਵਿਰਾਮ ਚਿੰਨ੍ਹ ਲਾ ਦੇਣਗੇ।



