ਸ੍ਰੀ ਅਨੰਦਪੁਰ ਸਾਹਿਬ, 6 ਅਕਤੂਬਰ (ਅੰਕੁਸ਼ ਕੁਮਾਰ, ਦਵਿੰਦਰਪਾਲ ਸਿੰਘ)- ਸ੍ਰੀ ਅਨੰਦਪੁਰ ਸਾਹਿਬ ਦੇ ਨਾਲ ਲੱਗਦੇ ਪਿੰਡ ਮੰਡਿਆਲੀ ਦੇ ਇੱਕ ਨਿਜੀ ਹੋਟਲ ਵਿੱਚ ਸ਼ੱਕੀ ਹਲਾਤਾਂ ਵਿੱਚ ਪ੍ਰੇਮੀ ਜੋੜੇ ਦੁਆਰਾ ਸਲਫਾਸ ਦੀਆਂ ਗੋਲੀਆਂ ਖਾ ਕੇ ਆਤਮਹੱਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਜਦੋਂ ਕਿ ਇਸ ਘਟਨਾ ਨੂੰ ਲੈ ਕੇ ਲੋਕਾਂ ਵਿੱਚ ਕਈ ਪ੍ਰਕਾਰ ਦੀਆਂ ਗੱਲਾਂ ਵੀ ਸਾਹਮਣੇ ਆ ਰਹੀਆਂ ਹਨ। ਇਸ ਦੁਖਾਂਤ ਦੇ ਸਬੰਧ ਵਿੱਚ ਲਈ ਗਈ ਜਾਣਕਾਰੀ ਅਨੁਸਾਰ ਇਹ ਘਟਨਾ ਉਸ ਸਮੇਂ ਘਟੀ ਜਦੋਂ ਰਾਤ ਲਗਭਗ 8 ਵਜੇ ਦੇ ਕਰੀਬ ਮੋਹਨਪਾਲ (27) ਪੁੱਤਰ ਰਵੀ ਸਿੰਘ ਨਿਵਾਸੀ ਭੱਧਲੀ ਕਲਾਂ ਤਹਿਸੀਲ ਖਰੜ ਜ਼ਿਲ੍ਹਾ ਐੱਸ. ਏ. ਐੱਸ. ਨਗਰ ਮੋਹਾਲੀ ਅਤੇ ਰਾਜਵਿੰਦਰ ਕੌਰ (25) ਪੁੱਤਰੀ ਬਲਜਿੰਦਰ ਸਿੰਘ ਨਿਵਾਸੀ ਪਿੰਡ ਸੋਹਾੜਾ ਲਾਂਡਰਾਂ ਜ਼ਿਲਾ ਐੱਸ.
ਏ. ਐੱਸ. ਨਗਰ ਮੋਹਾਲੀ ਨੇ ਆਪ ਨੂੰ ਪਤੀ-ਪਤਨੀ ਦੱਸਦੇ ਹੋਏ ਸ੍ਰੀ ਨੈਨਾ ਦੇਵੀ ਦੇ ਨਾਲ ਲੱਗਦੇ ਪਿੰਡ ਮੰਡਿਆਲੀ ਦੇ ਇੱਕ ਪ੍ਰਾਈਵੇਟ ਹੋਟਲ ਵਿੱਚ ਕਮਰਾ ਲੈ ਲਿਆ ਅਤੇ ਰਾਤ ਦਾ ਖਾਣਾ ਖਾਣ ਦੇ ਉਪਰਾਂਤ ਕਮਰਾ ਬੰਦ ਕਰਕੇ ਸੌਂ ਗਏ ਪਰ ਉਕਤ ਹੋਟਲ ਦੇ ਕਰਮਚਾਰੀ ਦੇਰ ਰਾਤ 11:30 ਵਜੇ ਦੇ ਕਰੀਬ ਉਸ ਸਮੇਂ ਉਕਤ ਪ੍ਰੇਮੀ ਜੋੜੇ ਦੇ ਕਮਰੇ ਦੇ ਕੋਲ ਇਕੱਠੇ ਹੋ ਗਏ ਜਦੋਂ ਉਨ੍ਹਾਂ ਨੂੰ ਕਮਰੇ ਵਿੱਚੋਂ ਉਲਟੀਆਂ ਆਉਣ ਅਤੇ ਚੀਖਣ ਦੀਆਂ ਆਵਾਜ਼ਾਂ ਸੁਣਾਈ ਦੇਣ ਲੱਗੀਆਂ।ਉਨ੍ਹਾਂ ਨੇ ਜਦੋਂ ਕਮਰਾ ਖੋਲ੍ਹ ਕੇ ਵੇਖਿਆ ਤਾਂ ਉਕਤ ਪ੍ਰੇਮੀ ਜੋੜੇ ਦੀ ਹਾਲਤ ਕਾਫ਼ੀ ਨਾਜ਼ੁਕ ਬਣੀ ਹੋਈ ਸੀ ਅਤੇ ਉਨ੍ਹਾਂ ਦੇ ਕੋਲ ਸਲਫਾਸ ਦੀਆ ਕੁੱਝ ਗੋਲੀਆਂ ਅਤੇ ਖਾਲੀ ਡੱਬਾ ਪਿਆ ਹੋਇਆ ਸੀ। ਜਿਸ ਉਪਰੰਤ ਹੋਟਲ ਪ੍ਰਬੰਧਕਾਂ ਨੇ ਤੁਰੰਤ ਉਕਤ ਜੋੜੇ ਨੂੰ ਸ੍ਰੀ ਨੈਨਾ ਦੇਵੀ ਜੀ ਦੇ ਹਸਪਤਾਲ ਵਿੱਚ ਭਰਤੀ ਕਰਵਾ ਦਿੱਤਾ ਅਤੇ ਪੁਲਿਸ ਨੂੰ ਇਸ ਘਟਨਾ ਦੀ ਸੂਚਨਾ ਦਿੱਤੀ। ਪ੍ਰੇਮੀ ਜੋੜੇ ਦੀ ਵਿਗੜਦੀ ਹਾਲਤ ਨੂੰ ਵੇਖਦੇ ਹੋਏ ਡਾਕਟਰਾਂ ਨੇ ਉਨ੍ਹਾਂ ਨੂੰ ਸ੍ਰੀ ਅਨੰਦਪੁਰ ਸਾਹਿਬ ਦੇ ਸਿਵਲ ਹਸਪਤਾਲ ਵਿੱਚ ਰੈਫਰ ਕਰ ਦਿੱਤਾ ਪਰ ਸ਼ਾਇਦ ਤੱਦ ਤੱਕ ਕਾਫ਼ੀ ਦੇਰ ਹੋ ਚੁੱਕੀ ਸੀ ਕਿਉਂਕਿ ਰਾਜਵਿੰਦਰ ਕੌਰ ਰਸਤੇ ਵਿੱਚ ਹੀ ਦਮ ਤੋੜ ਚੁੱਕੀ ਸੀ ਜਦੋਂ ਕਿ ਹਸਪਤਾਲ ਪੁੱਜਣ ’ਤੇ ਮੋਹਨਪਾਲ ਵੀ ਦਮ ਤੋੜ ਚੁਕਿਆ ਸੀ।



