ਸ਼੍ਰੋਮਣੀ ਅਕਾਲੀ ਦਲ ਵੱਲੋਂ ਅਮਰਿੰਦਰ ਨੂੰ ਨਾਨ-ਰੈਜ਼ੀਡੈਂਟ ਪੰਜਾਬੀ ਦੀ ‘ਉਪਾਧੀ’
ਚੰਡੀਗੜ੍ਹ, 6 ਅਕਤੂਬਰ (ਪੀ. ਟੀ.)- ਸ਼੍ਰੋਮਣੀ ਅਕਾਲੀ ਦਲ ਨੇ ਅੱਜ ਪੰਜਾਬ ਕਾਂਗਰਸ ਦੇ ਸੀਨੀਅਰ ਆਗੂਆਂ ਨੂੰ ਕਰੜੇ ਹੱਥੀਂ ਲੈਂਦਿਆਂ ਕਿਹਾ ਕਿ ਪ੍ਰਵਾਸੀ ਪੰਜਾਬੀ ਵਜੋਂ ਜਾਣੇ ਜਾਂਦੇ ਕਾਂਗਰਸੀ ਸਾਂਸਦ ਕੈਪਟਨ ਅਮਰਿੰਦਰ ਸਿੰਘ ਅਤੇ ਲੋਕਾਂ ਵੱਲੋਂ ਨਕਾਰਾ ਕੀਤੇ ਹੋਏ ਦਾਗੀ ਆਗੂ ਸ. ਪ੍ਰਤਾਪ ਸਿੰਘ ਬਾਜਵਾ ਆਏ ਦਿਨ ਗੁਮਰਾਹਕੁੰਨ ਬਿਆਨ ਦਾਗ ਕੇ ਕਾਗਜ਼ੀ ਸ਼ੇਰ ਬਨਣ ਦੀ ਫਿਰਾਕ ’ਚ ਆਪਸੀ ਲੜਾਈ ਲੜ੍ਹ ਰਹੇ ਹਨ ਤਾਂ ਕਿ ਕਾਂਗਰਸ ਹਾਈਕਮਾਨ ਅੱਗੇ ਆਪਣੇ ਸਥਿਤੀ ਮਜ਼ਬੂਤ ਕਰ ਸਕਣ। ਪਾਰਟੀ ਨੇ ਕਿਹਾ ਕਿ ਇਸੇ ਦੇ ਚਲਦਿਆਂ ਹੀ ਇਹ ਆਗੂ ਡੀਜਲ ’ਤੇ ਹੋਏ ਮਾਮੂਲੀ ਵੈਟ ਵਾਧੇ ਬਾਰੇ ਗੁਮਰਾਹਕੁੰਨ ਬਿਆਨ ਦੇ ਰਹੇ ਹਨ ਜਦੋਂ ਕਿ ਇੰਨ੍ਹਾਂ ਦੀ ਆਪਣੀ ਪਾਰਟੀ ਦੇ ਆਗੂਆਂ ਵੱਲੋਂ ਲਾਏ ਗਏ ਭ੍ਰਿਸ਼ਟਾਚਾਰ ਦੇ ਦੋਸ਼ਾਂ ਦਾ ਜਵਾਬ ਦੇਣ ਤੋਂ ਭੱਜ ਰਹੇ ਹਨ। ਅੱਜ ਇਥੇ ਜਾਰੀ ਇੱਕ ਪ੍ਰੈਸ ਬਿਆਨ ਰਾਹੀਂ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਅਤੇ ਕੋਰ ਕਮੇਟੀ ਮੈਂਬਰ ਸ. ਮਹੇਸ਼ਇੰਦਰ ਸਿੰਘ ਗਰੇਵਾਲ ਨੇ ਕਿਹਾ
ਕਿ ਇਹ ਖੁਸ਼ੀ ਦੀ ਗੱਲ ਹੈ ਕਿ ਕੈਪਟਨ ਅਮਰਿੰਦਰ ਸਿੰਘ ਆਪਣੇ ਇੱਕ ਮਹੀਨਾ ਲੰਬੇ ਵਿਦੇਸ਼ ਦੌਰੇ ਤੋਂ ਵਾਪਿਸ ਆ ਗਏ ਹਨ। ਉਨ੍ਹਾਂ ਕਿਹਾ ਕਿ ਉਹ ਜਾਣਦੇ ਹਨ ਕਿ ਪੰਜਾਬ ’ਚ ਅਜੇ ਵੀ ਪੈ ਰਹੀ ਗਰਮੀ ਕਾਰਨ ਹੁਣ ਕੈਪਟਨ ਸਾਹਿਬ ਨੂੰ ਹਿਮਾਚਲ ’ਚ ਪਹਾੜਾਂ ’ਤੇ ਜਾਣ ਦੀ ਕਾਹਲੀ ਹੋਵੇਗੀ ਜਿਸ ਕਾਰਨ ਉਹ ਕਾਹਲੀ ’ਚ ਮੇਰੇ ਵੱਲੋਂ ਡੀਜਲ ’ਤੇ ਹਾਲ ਹੀ ’ਚ ਹੋਏ ਵੈਟ ਵਾਧੇ ਬਾਰੇ ਦਿੱਤੇ ਬਿਆਨ ਨੂੰ ਸਮਝ ਨਹੀਂ ਸਕੇ। ਸ਼੍ਰੋਮਣੀ ਅਕਾਲੀ ਦਲ ਆਗੂ ਨੇ ਕਿਹਾ ਕਿ ਉਨ੍ਹਾਂ ਆਪਣੇ ਬਿਆਨ ’ਚ ਸਾਫ-ਸਾਫ ਕਿਹਾ ਸੀ ਕਿ ਪੰਜਾਬ ਸਰਕਾਰ ਵੱਲੋਂ ਖੇਤੀਬਾੜੀ ਆਰਥਕਤਾ ਨੂੰ ਧਿਆਨ ’ਚ ਰੱਖਦਿਆਂ ਡੀਜਲ ’ਤੇ ਵੈਟ ਦਰ ’ਚ ਸਿਰਫ ਇੱਕ ਫੀਸਦੀ ਵਾਅਦਾ ਕਰਨਾ ਬਿਲਕੁਲ ਸਹੀ ਫੈਸਲਾ ਹੈ ਜਦੋਂ ਕਿ ਕੋਲਡ ਡਰਿੰਕ ਅਤੇ ਸਿਗਰੇਟ ’ਤੇ ਵੈਟਰ ਦਰਾਂ ’ਚ ਕ੍ਰਮਵਾਰ 5 ਅਤੇ 9.5 ਫੀਸਦੀ ਵਾਧਾ ਕੀਤਾ ਗਿਆ ਹੈ। ਸ. ਗਰੇਵਾਲ ਨੇ ਕਿਹਾ ਕਿ ਉਨ੍ਹਾਂ ਦੇ ਬਿਆਨ ਨੂੰ ਤਰੋੜ-ਮਰੋੜ ਕੇ ਪੇਸ਼ ਕਰਨ ਦੀ ਜਗ੍ਹਾ ਕੈਪਟਨ ਅਮਰਿੰਦਰ ਸਿੰਘ ਨੂੰ ਲੋਕਾਂ ਨੂੰ ਇਹ ਦੱਸਣ ਦੀ ਖੇਚਲ ਕਰਨੀ ਚਾਹੀਦੀ ਹੈ ਕਿ ਕਾਂਗਰਸ ਦੀ ਅਗਵਾਈ ਵਾਲੀ ਯੂ.ਪੀ.ਏ ਸਰਕਾਰ ਦੌਰਾਨ ਪੈਟਰੋਲ ਦੀਆਂ ਕੀਮਤਾਂ ’ਚ 33 ਰੁਪਏ ਅਤੇ ਡੀਜਲ ਦੀਆਂ ਕੀਮਤਾਂ ’ਚ 22 ਰੁਪਏ ਦਾ ਵਾਧਾ ਕਿਉਂ ਹੋਇਆ। ਉਨ੍ਹਾਂ ਕਿਹਾ ਕਿ ਕੈਪਟਨ ਸਾਹਿਬ ਲੋਕਾਂ ਨੂੰ ਇਹ ਵੀ ਦੱਸਣ ਕਿ ਪੈਟਰੋਲੀਅਮ ਕੀਮਤਾਂ ਨੂੰ ਨਿੰਯਤਰਨ ਤੋਂ ਬਾਹਰ ਕਰਨ ਦਾ ਫੈਸਲਾ ਕਿਸ ਦਾ ਸੀ ਅਤੇ ਉਨ੍ਹਾਂ ਯੂ.ਪੀ.ਏ ਸਰਕਾਰ ਵੱਲੋਂ ਹਰ ਮਹੀਨੇ ਡੀਜਲ ਦੀਆਂ ਕੀਮਤਾਂ ’ਚ 50 ਪੈਸੇ ਦਾ ਵਾਧਾ ਕਰਨ ਦੀ ਕਾਰਵਾਈ ਵਿਰੁੱਧ ਕਦੋਂ ਵਿਰੋਧ ਧਰਨਾ ਦਿੱਤਾ ਸੀ।
ਕੈਪਟਨ ਅਮਰਿੰਦਰ ਸਿੰਘ ਨੂੰ ਕਿਸਾਨਾਂ ਦੇ ਹੱਕਾਂ ਦੀ ਸੱਭ ਤੋਂ ਵੱਧ ਅਣਦੇਖੀ ਕਰਨ ਵਾਲਾ ਆਗੂ ਐਲਾਨਦਿਆਂ ਸ. ਗਰੇਵਾਲ ਨੇ ਕਿਹਾ ਕਿ ਅਮਰਿੰਦਰ ਸਿੰਘ ਨੇ ਆਪਣੇ ਮੁੱਖ ਮੰਤਰੀ ਦੇ ਰਾਜਕਾਲ ਦੌਰਾਨ ਖੇਤੀਬਾੜੀ ਖੇਤਰ ਨੂੰ ਦਿੱਤੀ ਜਾਣ ਵਾਲੀ ਮੁਫਤ ਬਿਜਲੀ ’ਤੇ ਰੋਕ ਲਾ ਦਿੱਤੀ ਸੀ ਅਤੇ ਯੂਰੀਆ ਦੀਆਂ ਬੇਹਤਾਸ਼ਾ ਵਧੀਆਂ ਕੀਮਤਾਂ ਨੂੰ ਵੀ ਮੂਕ ਦਰਸ਼ਕ ਬਣ ਕੇ ਦੇਖਦੇ ਰਹੇ ਸਨ। ਸ. ਅਮਰਿੰਦਰ ਸਿੰਘ ਨੂੰ ਆਪਣੇ ਗਿਰੇਬਾਨ ਅੰਦਰ ਝਾਤ ਮਾਰਨ ਦੀ ਸਲਾਹ ਦਿੰਦਿਆਂ ਸ. ਗਰੇਵਾਲ ਨੇ ਕਿਹਾ ਕਿ ਕੈਪਟਨ ਸਾਹਿਬ ਨੂੰ ਲੋਕਾਂ ਨੂੰ ਇਹ ਵੀ ਦੱਸਣਾ ਚਾਹੀਦਾ ਹੈ ਕਿ ਉਨ੍ਹਾਂ ਦੀ ਹੀ ਪਾਰਟੀ ਦੀ ਸੀਨੀਅਰ ਆਗੂ ਸ੍ਰੀਮਤੀ ਰਜਿੰਦਰ ਕੌਰ ਭੱਠਲ ਨੇ ਉਨ੍ਹਾਂ ’ਤੇ ਇਹ ਦੋਸ਼ ਕਿਉਂ ਲਾਏ ਸਨ ਕਿ ਉਹ ਮੁੱਖ ਮੰਤਰੀ ਬਨਣ ’ਤੇ ਹੀ ਆਪਣੇ ਮੋਤੀ ਬਾਗ ਮਹਿਲ ਨੂੰ ਰੰਗ-ਰੋਗਣ ਕਰਵਾ ਕੇ ਇਸ ਵਿੱਚ ਨਵੇਂ ਏਅਰ ਕੰਡਿਸ਼ਨਰ ਲਵਾ ਸਕੇ ਸਨ।
ਸ. ਪ੍ਰਤਾਪ ਸਿੰਘ ਬਾਜਵਾ ਅਤੇ ਉਨ੍ਹਾਂ ਦੇ ਦਾਗੀ ਪਿਛੋਕੜ ਬਾਰੇ ਜ਼ਿਕਰ ਕਰਦਿਆਂ ਸ. ਗਰੇਵਾਲ ਨੇ ਕਿਹਾ ਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਬਾਰੇ ਜਿੰਨ੍ਹਾਂ ਘੱਟ ਬੋਲਿਆ ਜਾਵੇ ਉਨ੍ਹਾਂ ਹੀ ਵਧੀਆ ਹੈ। ਉਨ੍ਹਾਂ ਕਿਹਾ ਕਿ ਸ. ਬਾਜਵਾ ਨੂੰ ਲੋਕਾਂ ਨੂੰ ਦੱਸਣਾ ਚਾਹੀਦਾ ਹੈ ਕਿ ਕਿਊਂ ਉਨ੍ਹਾਂ ਦਾ ਨਾਂਅ ਹਰੇਕ ਘੁਟਾਲੇ ਨਾਲ ਜੁੜਿਆ ਹੋਇਆ ਹੈ ਭਾਂਵੇ ਉਹ ਕੋਲਤਾਰ ਘੁਟਾਲਾ ਹੋਵੇ, ਗੁਜਰਾਤ ਕਾਂਡ ਹੋਵੇ ਜਾਂ ਹਾਲ ਹੀ ਵਿੱਚ ਸਾਹਮਣੇ ਆਏ ਚੰਡੀਗੜ੍ਹ ਨੇੜੇ ਇੱਕ ਪਿੰਡ ਦੀ ਪੰਚਾਇਤੀ ਜਮੀਨ ’ਤੇ ਕਬਜ਼ੇ ਦਾ ਮਾਮਲਾ। ਉਨ੍ਹਾਂ ਕਿਹਾ ਕਿ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਦੇ ਕਿਰਦਾਰ ਦਾ ਤਾਂ ਇਥੋ ਹੀ ਪਤਾ ਲੱਗ ਜਾਂਦਾ ਹੈ ਕਿ ਕਾਦੀਆਂ ਉਪ ਚੋਣ ਦੌਰਾਨ ਉਨ੍ਹਾਂ ਦੇ ਪਰਿਵਾਰ ’ਤੇ ਉਨ੍ਹਾਂ ਦੇ ਹੀ ਭਰਾ ਸ. ਫਤਿਹਜੰਗ ਸਿੰਘ ਬਾਜਵਾ ਦੇ ਵਿਰੁੱਧ ਚੱਲਣ ਦੇ ਦੋਸ਼ ਲੱਗੇ ਸਨ।
ਸ. ਬਾਜਵਾ ਵੱਲੋਂ ਹਾਲ ਹੀ ਵਿੱਚ ਸਰਬਹਿੰਦ ਸ਼੍ਰੋਮਣੀ ਅਕਾਲੀ ਦਲ ਬਾਰੇ ਕੀਤੀ ਗਈ ਟਿੱਪਣੀ ਦਾ ਜਵਾਬ ਦਿੰਦਿਆਂ ਸ. ਗਰੇਵਾਲ ਨੇ ਕਿਹਾ ਕਿ ਇਹ ਸਿਰਫ ਦੋ ਭਰਾਵਾਂ ਸ. ਪ੍ਰਕਾਸ਼ ਸਿੰਘ ਬਾਦਲ ਅਤੇ ਸਵਰਗੀ ਜਥੇਦਾਰ ਗੁਰਚਰਨ ਸਿੰਘ ਟੌਹੜਾ ਦਰਮਿਆਨ ਪੈਦਾ ਹੋਈਆਂ ਕੁਝ ਗਲਤਫਹਿਮੀਆਂ ਦਾ ਮਾਮਲਾ ਸੀ। ਉਨ੍ਹਾਂ ਸ. ਬਾਜਵਾ ਨੂੰ ਯਾਦ ਕਰਵਾਇਆ ਕਿ ਇੰਨ੍ਹਾਂ ਗਲਤ ਫਹਿਮੀਆਂ ਦੇ ਦੂਰ ਹੁੰਦਿਆਂ ਹੀ ਨਾ ਸਿਰਫ ਦੋਵੇਂ ਭਰਾ ਇਕੱਠੇ ਹੋ ਗਏ ਬਲਕਿ ਕਾਂਗਰਸ ਸਰਕਾਰ ਵੱਲੋਂ ਸ. ਬਾਦਲ ਨੂੰ ਝੂਠੇ ਮਾਮਲਿਆਂ ’ਚ ਉਲਝਾਉਣ ਦੀ ਕਾਰਵਾਈ ਦਾ ਵਿਰੋਧ ਜਥੇਦਾਰ ਟੌਹੜਾ ਵੱਲੋਂ ਮੋਹਰੇ ਹੋ ਕੇ ਕੀਤਾ ਗਿਆ ਸੀ। ਕੈਪਟਨ ਅਮਰਿੰਦਰ ਸਿੰਘ ਅਤੇ ਸ. ਪ੍ਰਤਾਪ ਸਿੰਘ ਬਾਜਵਾ ਦੋਵਾਂ ’ਤੇ ਸ਼ਬਦੀ ਹਮਲਾ ਬੋਲਦਿਆਂ ਸ. ਗਰੇਵਾਲ ਨੇ ਕਿਹਾ ਕਿ ਕੈਪਟਨ ਸਾਹਿਬ ਅਤੇ ਸ. ਬਾਜਵਾ ਦੋਵਾਂ ਦਾ ਪਿਛੋਕੜ ਸ਼੍ਰੋਮਣੀ ਅਕਾਲੀ ਦਲ ਨਾਲ ਜੁੜਿਆ ਹੋਇਆ ਹੈ ਅਤੇ ਜਦੋਂ ਇੰਨ੍ਹਾਂ ਆਗੂਆਂ ਅਤੇ ਇੰਨ੍ਹਾਂ ਦੇ ਪਰਿਵਾਰਾਂ ਨੂੰ ਇਹ ਸਪਸ਼ਟ ਹੋ ਗਿਆ ਕਿ ਇਨ੍ਹਾਂ ਦਾ ਲੋਕਾਂ ਨਾਲ ਜੁੜੀ ਹੋਈ ਪਾਰਟੀ ਸ਼੍ਰੋਮਣੀ ਅਕਾਲੀ ਦਲ ’ਚ ਕੋਈ ਭਵਿੱਖ ਨਹੀਂ ਹੈ ਤਾਂ ਇਹ ਕਾਂਗਰਸ ’ਚ ਸ਼ਾਮਿਲ ਹੋ ਗਏ। ਬਾਜਵਾ ਵੱਲੋਂ ਇਹ ਦਾਅਵਾ ਕੀਤੇ ਜਾਣ ’ਤੇ ਕਿ ਉਹ ਸ਼੍ਰੋਮਣੀ ਅਕਾਲੀ ਦਲ ਦਾ ਬਚਾਅ ਕਰ ਰਹੇ ਹਨ ਦੇ ਜਵਾਬ ’ਚ ਸ. ਗਰੇਵਾਲ ਨੇ ਕਿਹਾ ਕਿ ਉਨ੍ਹਾਂ ਸਮੇਤ ਪੰਜਾਬ ਭਰ ਨੂੰ ਪੂਰਾ ਯਕੀਨ ਹੈ ਕਿ ਸਿਰਫ ਸ. ਪ੍ਰਕਾਸ਼ ਸਿੰਘ ਬਾਦਲ ਅਤੇ ਸ. ਸੁਖਬੀਰ ਸਿੰਘ ਬਾਦਲ ਹੀ ਅਜਿਹੇ ਆਗੂ ਹਨ ਜੋ ਪੰਜਾਬ ਦੇ ਹਿਤਾਂ ਦੀ ਰਾਖੀ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਇਸੇ ਕਰਕੇ ਹੀ ਪੰਜਾਬ ਦੇ ਲੋਕਾਂ ਨੇ ਲਗਾਤਾਰ ਦੋ ਵਾਰ ਕਾਂਗਰਸ ਨੂੰ ਵਿਧਾਨ ਸਭਾ ਚੋਣਾਂ ਦੌਰਾਨ ਨਕਾਰਿਆ ਹੈ।



