ਰੋਹਤਕ, 6 ਅਕਤੂਬਰ (ਪੀ. ਟੀ.) – ਜ਼ਿਲ੍ਹਾ ਮੈਜਿਸਟ੍ਰੇਟ ਡਾ. ਅਮਿਤ ਕੁਮਾਰ ਅਗਰਵਾਲ ਨੇ 15 ਅਕਤੂਬਰ ਨੂੰ ਵੋਟਾਂ ਵਾਲੇ ਦਿਨ ਵੋਟ ਕੇਂਦਰਾਂ ਦੇ ਆਲੇ-ਦੁਆਲੇ ਅਸਲਾ ਲੈ ਕੇ ਚੱਲਣ ਤੇ 5 ਤੋਂ ਵੱਧ ਲੋਕਾਂ ਦੇ ਇੱਕ ਥਾਂ ਇਕੱਠਾ ਹੋਣ ‘ਤੇ ਰੋਕ ਲਾ ਦਿੱਤੀ ਹੈ। ਇਹ ਹੁਕਮ ਡਾ. ਅਗਰਵਾਲ ਨੇ ਧਾਰਾ 144 ਦੇ ਤਹਿਤ ਜਾਰੀ ਕੀਤੇ ਹਨ। ਉਨ੍ਹਾਂ ਕਿਹਾ ਕਿ ਡਿਊਟੀ ਦੇਣ ਵਾਲੇ ਕਰਮਚਾਰੀਆਂ, ਜਾਨ ਮਾਲ ਦੀ ਸੁਰੱਖਿਆ ਤੇ ਲੋਕਾਂ ‘ਚ ਸ਼ਾਂਤੀ ਬਣਾਈ ਰੱਖਣ ਲਈ ਇਹ ਹੁਕਮ ਜਾਰੀ ਕੀਤੇ ਗਏ ਹਨ। ਇਸ ਦੌਰਾਨ ਕੋਈ ਵੀ ਵਿਅਕਤੀ 100 ਮੀਟਰ ਦੇ ਖੇਤਰ ‘ਚ ਅਗਨੀ ਅਸਤਰ, ਤਲਵਾਰ, ਡਾਂਗ, ਬਰਛਾ ਤੇ ਕੁਲਹਾੜੀ, ਗੰਡਾਸਾ, ਚਾਕੂ ਜਾਂ ਹੋਰ ਕੋਈ ਚੀਜ਼ ਅਸਲੇ ਵਜੋਂ ਲੈ ਕੇ ਨਹੀਂ ਚੱਲ ਸਕੇਗਾ। ਹੁਕਮਾਂ ‘ਚ ਕਿਹਾ ਗਿਆ ਹੈ ਕਿ ਵੋਟਰ, ਉਮੀਦਵਾਰ ਤੇ ਉਸ ਦੇ ਚੋਣ ਏਜੰਟਾਂ ਤੋਂ ਇਲਾਵਾ ਵੋਟ ਕੇਂਦਰਾਂ ‘ਤੇ 5 ਜਾਂ ਇਸ ਤੋਂ ਵੱਧ ਵਿਅਕਤੀ ਇਕੱਠੇ ਨਹੀਂ ਹੋ ਸਕਦੇ। ਇਹ ਹੁਕਮ ਪੁਲਿਸ ਕਰਮਚਾਰੀਆਂ ਤੇ ਡਿਊਟੀ ਦੇਣ ਵਾਲੇ ਲੋਕ ਸੇਵਕਾਂ ‘ਤੇ ਲਾਗੂ ਨਹੀਂ ਹੋਣਗੇ।



