ਅੱਜ ਕਰਨਗੇ ਡਿਊਟੀ ਜੁਆਇਨ
ਪਰਨੀਤ ਕੌਰ ਕਾਰਜਕਾਰੀ ਸੰਪਾਦਕਜਲੰਧਰ/ਚੰਡੀਗੜ੍ਹ, 6 ਅਕਤੂਬਰ- ਪਹਿਲਾਂ, ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਤਹਿਤ ਜ਼ਿਲ੍ਹਾ ਪ੍ਰੀਸ਼ਦ ਦੇ ਅਧੀਨ ਆਉਂਦੇ 5752 ਸਕੂਲਾਂ ਵਿਚ ਕੰਮ ਕਰਦੇ 11811 ਈ ਟੀ ਟੀ ਅਧਿਆਪਕਾਂ ਨੂੰ ਭਲਕੇ ਸਿੱਖਿਆ ਵਿਭਾਗ ਵਿਚ ਜੁਆਇਨ ਕਰਵਾਇਆ ਜਾ ਰਿਹਾ ਹੈ। ਇਹ ਜਾਣਕਾਰੀ ਦਿੰਦੇ ਹੋਏ ਪੰਜਾਬ ਦੇ ਸਿੱਖਿਆ ਮੰਤਰੀ ਡਾ. ਦਲਜੀਤ ਸਿੰਘ ਚੀਮਾ ਨੇ ਦਸਿਆ ਕਿ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਲਏ ਗਏ ਫੈਸਲੇ ਤਹਿਤ ਜ਼ਿਲ੍ਹਾ ਪ੍ਰੀਸ਼ਦ ਅਧੀਨ ਕੰਮ ਕਰਦੇ ਈ ਟੀ ਟੀ ਅਧਿਆਪਕਾਂ ਨੂੰ ਸਿੱਖਿਆ ਵਿਭਾਗ ਵਿਚ ਸ਼ਾਮਲ ਕੀਤਾ ਗਿਆ ਹੈ। ਇਸ ਸਬੰਧੀ ਬਕਾਇਦਾ ਨੋਟੀਫਿਕੇਸ਼ਨ ਪਹਿਲਾ ਹੀ ਜਾਰੀ ਕਰ ਦਿੱਤਾ ਗਿਆ ਸੀ। ਸ. ਚੀਮਾ ਨੇ ਇਹ ਵੀ ਦਸਿਆ ਕਿ 5752 ਸਕੂਲ ਜੋ ਪਹਿਲਾਂ ਜ਼ਿਲ੍ਹਾ ਪ੍ਰੀਸ਼ਦ ਦੇ ਤਹਿਤ ਸਨ, ਹੁਣ ਸਿੱਖਿਆ ਵਿਭਾਗ ਦੇ ਅਧੀਨ ਕੰਮ ਕਰਨਗੇ ਅਤੇ
11811 ਅਧਿਆਪਕ ਹੁਣ ਸਿੱਖਿਆ ਵਿਭਾਗ ਦਾ ਹਿੱਸਾ ਹੋਣਗੇ।
ਉਨ੍ਹਾਂ ਨੇ ਇਨ੍ਹਾਂ ਅਧਿਆਪਕਾਂ ਦਾ ਸਵਾਗਤ ਕਰਦੇ ਹੋਏ ਇਹ ਉਮੀਦ ਪ੍ਰਗਟਾਈ ਕਿ ਇਹ ਅਧਿਆਪਕ ਆਪਣੇ ਫਰਜ਼ ਨੂੰ ਤਨਦੇਹੀ ਨਾਲ ਨਿਭਾਉਂਦੇ ਹੋਏ ਸੂਬੇ ਦੇ ਹਰ ਬੱਚੇ ਨੂੰ ਵਿਦਿਆ ਦੇ ਚਾਨਣ ਨਾਲ ਸਰਸ਼ਾਰ ਕਰਨ ਦੇ ਪੰਜਾਬ ਸਰਕਾਰ ਦੇ ਉਪਰਾਲੇ ਨੂੰ ਸਫਲ ਬਨਾਉਣਗੇ।
ਡਾ. ਚੀਮਾ ਨੇ ਇਹ ਵੀ ਦਸਿਆ ਕਿ ਸਿੱਖਿਆ ਵਿਭਾਗ ਵਲੋਂ ਮੰਡਲ ਦਫਤਰਾਂ ਅਤੇ ਜ਼ਿਲਾ ਸਿੱਖਿਆ ਦਫਤਰਾਂ ਨੂੰ ਹਦਾਇਤਾਂ ਕਰ ਦਿੱਤੀਆਂ ਗਈਆਂ ਹਨ ਕਿ ਜੁਆਇੰਨ ਕਰਨ ਵਿਚ ਕਿਸੇ ਵੀ ਅਧਿਆਪਕ ਨੂੰ ਕੋਈ ਵੀ ਔਕੜ ਪੇਸ਼ ਨਾ ਆਵੇ।



