ਜੰਗਬੰਦੀ ਦੀ ਉਲੰਘਣਾ ਤੁਰੰਤ ਬੰਦ ਕਰੇ ਪਾਕਿ : ਰਾਜਨਾਥ
ਸ੍ਰੀਨਗਰ, 6 ਅਕਤੂਬਰ (ਪੀ. ਟੀ. ਲਾਇਵ)- ਜੰਮੂ ’ਚ ਅੰਤਰਰਾਸ਼ਟਰੀ ਸਰਹੱਦ ’ਤੇ ਪਾਕਿਸਤਾਨੀ ਸੈਨਿਕਾਂ ਵੱਲੋਂ ਸੀਮਾਵਰਤੀ ਪਿੰਡਾਂ ਤੇ ਚੌਕੀਆਂ ’ਤੇ ਕੀਤੀ ਗਈ ਭਾਰੀ ਗੋਲਾਬਾਰੀ ’ਚ 5 ਵਿਅਕਤੀਆਂ ਦੀ ਮੌਤ ਹੋ ਗਈ ਤੇ 35 ਜ਼ਖ਼ਮੀ ਹੋ ਗਏ। ਪਾਕਿਸਤਾਨ ਵੱਲੋਂ ਸਰਹੱਦ ’ਤੇ ਲਗਾਤਾਰ ਫਾਇਰਿੰਗ ਜਾਰੀ ਹੈ। ਰਾਤ 1 ਵਜੇ ਤੋਂ ਪਾਕਿਸਤਾਨ ਫਾਇਰਿੰਗ ਕਰ ਰਿਹਾ ਹੈ। ਜੰਮੂ ਦੇ ਅਰਨੀਆ ਸੈਕਟਰ ’ਚ ਪਾਕਿ ਵੱਲੋਂ ਹੋ ਰਹੀ ਭਾਰੀ ਫਾਇਰਿੰਗ ’ਚ 5 ਪਿੰਡ ਨਿਵਾਸੀਆਂ ਦੀ ਮੌਤ ਹੋ ਗਈ, ਜਦ ਕਿ 35 ਲੋਕ ਜ਼ਖ਼ਮੀ ਹੋਏ ਹਨ। ਈਦ (ਬਕਰੀਦ) ਦੇ ਪਾਕ ਮੌਕੇ ’ਤੇ ਵੀ ਪਾਕਿਸਤਾਨ ਵੱਲੋਂ ਸਰਹੱਦ ’ਤੇ ਗੋਲਾਬਾਰੀ ਜਾਰੀ ਹੈ। ਲਗਾਤਾਰ ਪੰਜਵੇਂ ਦਿਨ ਪਾਕਿਸਤਾਨ ਸਰਹੱਦ ’ਤੇ ਭਾਰੀ ਫਾਇਰਿੰਗ ਕਰ ਰਿਹਾ ਹੈ। ਭਾਰਤੀ ਫ਼ੌਜ ਨੇ ਵੀ ਪਾਕ ਨੂੰ ਕਰਾਰਾ ਜਵਾਬ
ਦਿੱਤਾ ਹੈ।
ਫ਼ੌਜ ਦੇ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਜੰਮੂ ਕਸ਼ਮੀਰ ਦੇ ਕੁਪਵਾੜਾ ਦੇ ਤੰਗਧਾਰ ਸੈਕਟਰ ’ਚ ਸਰਹੱਦ ਰੇਖਾ ’ਤੇ ਘੁਸਪੈਠ ਦੀ ਕੋਸ਼ਿਸ਼ ਕਰ ਰਹੇ ਤਿੰਨ ਅੱਤਵਾਦੀਆਂ ਨੂੰ ਫ਼ੌਜ ਦੇ ਜਵਾਨਾਂ ਨੇ ਮਾਰ ਮੁਕਾਇਆ। ਜਵਾਨਾਂ ਨੇ ਅੱਤਵਾਦੀਆਂ ਕੋਲੋਂ ਭਾਰੀ ਮਾਤਰਾ ਵਿੱਚ ਗੋਲਾਬਾਰੂਦ ਅਤੇ ਹਥਿਆਰ ਬਰਾਮਦ ਕੀਤੇ ਹਨ। ਇਸੇ ਦੌਰਾਨ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਪਾਕਿਸਤਾਨ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਹੈ ਕਿ ਭਾਰਤ ਵਿੱਚ ਹੁਣ ਜ਼ਮਾਨਾ ਬਦਲ ਗਿਆਹ ਹੈ। ਇਸ ਲਈ ਗੁਆਂਢੀ ਦੇਸ਼ ਨੂੰ ਹਕੀਕਤ ਸਮਝਣੀ ਚਾਹੀਦੀ ਹੈ ਅਤੇ ਜੰਗਬੰਦੀ ਦੀ ਉਲੰਘਣਾ ਬੰਦ ਕਰ ਦੇਣੀ ਚਾਹੀਦੀ ਹੈ। ਅਜਿਹੇ ਹਾਲਾਤ ਵਿੱਚ ਕਾਂਗਰਸ ਨੇ ਮੋਦੀ ਸਰਕਾਰ ਉਪਰ ਹਮਲੇ ਤੇਜ਼ ਕਰ ਦਿੱਤੇ ਹਨ। ਕਾਂਗਰਸ ਆਗੂ ਗੁਲਾਮ ਨਬੀ ਅਜ਼ਾਦ ਪ੍ਰਧਾਨ ਮੰਤਰੀ ’ਤੇ ਨਿਸ਼ਾਨਾ ਵਿੰਨਦਿਆਂ ਪੁੱਛਿਆ ਹੈ ‘ਕਿੱਥੇ ਗਈ 56 ਇੰਚ ਦੀ ਛਾਤੀ, ਹੁਣ ਤਾਂ ਕੋਈ ਅੱਖ ਨਾਲ ਅੱਖ ਮਿਲਾ ਕੇ ਗੱਲ ਵੀ ਨਹੀਂ ਕਰਦਾ।’ਸਾਬਕਾ ਵਿਦੇਸ਼ ਮੰਤਰੀ ਸਲਮਾਨ ਖੁਰਸ਼ੀਦ ਨੇ ਪਾਕਿਸਤਾਨ ਵੱਲੋਂ ਵਾਰ-ਵਾਰ ਕੀਤੀ ਜਾ ਰਹੀ ਜੰਗਬੰਦੀ ਦੀ ਉਲੰਘਣਾ ਨੂੰ ਗੰਭੀਰਤਾ ਨਾਲ ਲੈਣ ਦੀ ਗੱਲ ਕਹੀ ਹੈ। ਉਨ੍ਹਾਂ ਨੇ ਕਿਹਾ ਹੈ ਕਿ ਭਾਰਤ ਸਰਕਾਰ ਨੂੰ ਹੁਣ ਗੰਭੀਰ ਕਦਮ ਉਠਾਉਣੇ ਚਾਹੀਦੇ ਹਨ। ਪਾਕਿਸਤਾਨ ਨੇ 15 ਚੌਕੀਆਂ ’ਤੇ ਕੀਤੀ ਫਾਇਰਿੰਗ- ਬੀਤੀ ਰਾਤ ਪਾਕਿਸਤਾਨ ਨੇ ਪਿੱਟਲ, ਚੇਨਾਜ ਅਤੇ ਨਰਾਇਣਪੁਰ ਸਮੇਤ 15 ਭਾਰਤੀ ਚੌਕੀਆਂ ਨੂੰ ਨਿਸ਼ਾਨਾ ਬਣਾਇਆ। ਰਿਹਾਇਸ਼ੀ ਇਲਾਕਿਆਂ ਉਤੇ ਵੀ ਪਾਕਿਸਤਾਨੀ ਰੇਂਜਰਾਂ ਨੇ ਗੋਲਾਬਾਰੀ ਅਤੇ ਫਾਇਰਿੰਗ ਕੀਤੀ। ਈਦ ਨੂੰ ਮੱਦੇਨਜ਼ਰ ਰੱਖਦੇ ਹੋਏ ਬੀ ਐਸ ਐਫ ਦੇ ਜਵਾਨਾਂ ਨੇ ਸ਼ੁਰੂ ਵਿੱਚ ਧੀਰਜ ਦਿਖਾਇਆ। ਪਰ ਜਦ ਪਾਕਿਸਤਾਨ ਦੀ ਗੋਲਾਬਾਰੀ ਨਹੀਂ ਰੁਕੀ ਤਾਂ ਬੀ ਐਸ ਐਫ ਨੇ ਵੀ ਇਸ ਦਾ ਮੂੰਹਤੋੜ ਜਵਾਬ ਦਿੱਤਾ। ਖੁਫੀਆ ਸੂਤਰਾਂ ਅਨੁਸਾਰ ਬੀ ਐਸ ਐਫ ਦੇ ਫਾਇਰਿੰਗ ਨਾਲ ਪਾਕਿਸਤਾਨੀ ਇਲਾਕੇ ਵਿੱਚ ਵੀ ਨੁਕਸਾਨ ਹੋਇਆ ਹੈ। ਇੱਕ ਰਿਪੋਰਟ ਅਨੁਸਾਰ 4 ਪਾਕਿਸਤਾਨੀ ਨਾਗਰਿਕਾਂ ਦੀ ਮੌਤ ਹੋ ਗਈ ਹੈ ਅਤੇ ਤਕਰੀਬਨ ਇੱਕ ਦਰਜ ਜ਼ਖਮੀ ਹੋਏ ਹਨ। ਖੁਫੀਆ ਏਜੰਸੀਆਂ ਨੂੰ ਸ਼ੱਕ ਹੈ ਕਿ ਪਾਕਿਸਤਾਨ ਫਾਇਰਿੰਗ ਦੀ ਆੜ ਵਿੱਚ ਅੱਤਵਾਦੀਆਂ ਦੀ ਘੁੱਸਪੈਠ ਕਰਵਾਉਣ ਦੀ ਫਿਰਾਕ ਵਿੱਚ ਹੈ। ਬੀਤੀ ਇੱਕ ਅਕਤੂਬਰ ਨੂੰ ਜੰਮੂ ਅਤੇ ਕਸ਼ਮੀਰ ਵਿੱਚ ਭਾਰਤ ਪਾਕਿਸਤਾਨ ਸਰਹੱਦ ਉਤੇ ਜੰਗਬੰਦੀ ਉਲੰਘਣਾ ਦੀ ਇਹ ਗਿਆਰਵੀਂ ਘਟਨਾ ਹੈ।



