ਕਰਨਾਲ, 6 ਅਕਤੂਬਰ (ਨਾਗਪਾਲ)- ਭਾਰਤੀ ਜਨਤਾ ਪਾਰਟੀ ਦੇ ਪੰਜਾਬ ਪ੍ਰਧਾਨ ਸ੍ਰੀ ਕਮਲ ਸ਼ਰਮਾ ਨੇ ਕਰਨਾਲ ਵਿਖੇ ਪੰਜਾਬ ਤੋਂ ਆਏ ਪਾਰਟੀ ਵਰਕਰਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਹੁੱਡਾ ਨੇ ਭ੍ਰਿਸ਼ਟਾਚਾਰ ਅਤੇ ਇਨੈਲੋ ਨੇ ਗੁੰਡਾਗਰਦੀ ਵਿੱਚ ਹਰਿਆਣਾ ਨੂੰ ਨੰਬਰ ਵੰਨ ਬਣਾਇਆ ਹੈ। ਜ਼ਿਕਰਯੋਗ ਹੈ ਕਿ ਹਰਿਆਣਾ ਵਿਧਾਨ ਸਭਾ ਚੋਣਾਂ ਵਿੱਚ ਕਰਨਾਲ ਅਤੇ ਪਾਣੀਪਤ ਵਿੱਚ ਭਾਜਪਾ ਉਮੀਦਵਾਰਾਂ ਦੀ ਚੋਣ ਮੁਹਿੰਮ ਦੀ ਜ਼ਿੰਮੇਵਾਰੀ ਪੰਜਾਬ ਭਾਜਪਾ ਨੂੰ ਸੌਂਪੀ ਗਈ ਹੈ। ਇਸੇ ਦੇ ਮੱਦੇਨਜ਼ਰ ਪਿਛਲੇ ਕੁਝ ਦਿਨਾਂ ਤੋਂ ਪੰਜਾਬ ਭਾਜਪਾ ਦੇ ਮੰਤਰੀਆਂ-ਵਿਧਾਇਕਾਂ ਅਤੇ ਅਹੁਦੇਦਾਰਾਂ ਨੇ ਇਥੇ ਡੇਰੇ ਜਮਾਏ ਹੋਏ ਹਨ। ਅੱਜ ਸ੍ਰੀ ਕਮਲ ਸ਼ਰਮਾ ਨੇ ਹਾਲੇ ਤੱਕ ਚੱਲੇ ਚੋਣ ਪ੍ਰਚਾਰ ਮੁਹਿੰਮ ਦੀ ਸਮੀਖਿਆ ਕੀਤੀ ਅਤੇ ਭਵਿੱਖ ਦੀ ਰਣਨੀਤੀ ਤੈਅ ਕਰਨ ਦੇ ਲਈ ਇਹ ਮੀਟਿੰਗ
ਸੱਦੀ ਸੀ। ਮੀਟਿੰਗ ਵਿੱਚ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਤੋਂ ਆਏ ਵਰਕਰਾਂ ਨੇ ਭਾਗ ਲਿਆ। ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਪੰਜਾਬ ਭਾਜਪਾ ਪ੍ਰਧਾਨ ਸ੍ਰੀ ਕਮਲ ਸ਼ਰਮਾ ਨੇ ਵਰਕਰਾਂ ਨੂੰ ਸ੍ਰੀ ਮੋਦੀ ਦੇ ਨਾਂਅ ਉਤੇ ਵੋਟ ਮੰਗਣ ਅਤੇ ਕੇਂਦਰ ਸਰਕਾਰ ਵੱਲੋਂ ਪਿਛਲੇ 4 ਮਹੀਨਿਆਂ ਵਿੱਚ ਕੀਤੇ ਗਏ ਸ਼ਲਾਘਾਯੋਗ ਕੰਮਾਂ ਦੇ ਬਾਰੇ ਜਨਤਾ ਨੂੰ ਜਾਗਰੂਕ ਕਰਨ ਲਈ ਕਿਹਾ। ਉਨ੍ਹਾਂ ਨੇ ਸਾਰੇ ਮੰਤਰੀਆਂ, ਵਿਧਾਇਕਾਂ ਅਤੇ ਅਹੁਦੇਦਾਰਾਂ ਨੂੰ ਚੋਣਾਂ ਤੱਕ ਹਰਿਆਣਾ ਵਿੱਚ ਹੀ ਡਟੇ ਰਹਿਣ ਦਾ ਆਦੇਸ਼ ਵੀ ਜਾਰੀ ਕੀਤਾ। ਉਨ੍ਹਾਂ ਨੇ ਹਰ ਬੂਥ ’ਤੇ ਪੰਜਾਬ ਭਾਜਪਾ ਦੇ ਵਰਕਰਾਂ ਦੀ ਮੌਜੂਦਗੀ ਨੂੰ ਵੀ ਸੁਨਿਸ਼ਚਿਤ ਕਰਨ ਲਈ ਰਣਨੀਤੀ ਬਣਾਈ।
ਉਨ੍ਹਾਂ ਨੇ ਕਿਹਾ ਕਿ ਹੁੱਡਾ ਸਰਕਾਰ ਦੇ 10 ਸਾਲਾਂ ਦੇ ਕਾਰਜਕਾਲ ਦੌਰਾਨ ਹਰਿਆਣਾ ਵਿਕਾਸ ਦੇ ਮਾਮਲੇ ਵਿੱਚ ਬਹੁਤ ਪਿੱਛੇ ਰਹਿ ਗਿਆ ਹੈ। ਵਿਕਾਸ ਦੇ ਨਾਂਅ ’ਤੇ ਕੇਵਲ ਸੱਤਾਧਾਰੀ ਵਿਅਕਤੀਆਂ ਦੀਆਂ ਤਜੌਰੀਆਂ ਹੀ ਭਰੀਆਂ ਹਨ ਅਤੇ ਕੁਝ ਖਾਸ ਪਰਿਵਾਰਾਂ ਦੇ ਲੋਕਾਂ ਨੇ ਇੱਥੋਂ ਦੀ ਕੁਦਰਤੀ ਧਨਸੰਪਦਾ ਨੂੰ ਜੀਅ ਭਰ ਕੇ ਲੁੱਟਿਆ ਹੈ। ਦੂਜੇ ਪਾਸੇ ਰਾਜ ਦੇ ਲੋਕਾਂ ਨੇ ਇਨੈਲੋ ਨੂੰ ਵੀ ਅਜਮਾ ਕੇ ਦੇਖਿਆ ਹੈ ਜਿਸ ਦੇ ਨੇਤਾਵਾਂ ਨੇ ਆਪਣੇ ਕਾਰਜਕਾਲ ਵਿੱਚ ਸਿਵਾਏ ਗੁੰਡਾਗਰਦੀ ਦੇ ਕੁਝ ਨਹੀਂ ਕੀਤਾ।



