ਰਾਜ ਪੱਧਰੀ ਸਮਾਗਮ ਦੌਰਾਨ ਮੁੱਖ ਮੰਤਰੀ ਸਫਾਈ ਦੀ ਚੁੱਕਾਉਣਗੇ ਸਹੁੰ
ਪਰਨੀਤ ਬਰਾੜ- ਕਾਰਜਕਾਰੀ ਸੰਪਾਦਕ ਚੰਡੀਗੜ੍ਹ, 1 ਅਕਤੂਬਰ- ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਸੂਬੇ ਭਰ ਵਿੱਚ ਚਲਾਏ ਜਾਣ ਵਾਲੇ ‘ਸਵੱਛ ਭਾਰਤ’ ਅਭਿਆਨ ਦੀ ਅਗਵਾਈ ਕਰਨਗੇ ਅਤੇ ਇਸ ਸਬੰਧੀ ਉਹ ਭਲਕੇ 2 ਅਕਤੂਬਰ ਨੂੰ ਗਾਂਧੀ ਜੈਅੰਤੀ ਮੌਕੇ ਤਲਵੰਬੀ ਸਾਬੋ ਵਿਖੇ ਰਾਜ ਪੱਧਰੀ ਸਮਾਗਮ ਵਿੱਚ ਇਸ ਮੁਹਿੰਮ ਦਾ ਆਗਾਜ਼ ਕਰਨਗੇ। ਪੰਜਾਬ ਸਰਕਾਰ ਦੇ ਬੁਲਾਰੇ ਵੱਲੋਂ ਅੱਜ ਇਥੇ ਦਿੱਤੀ ਜਾਣਕਾਰੀ ਅਨੁਸਾਰ ਪੰਜਾਬ ਸਰਕਾਰ ਦੇ ਸਮੂਹ ਅਧਿਕਾਰੀਆਂ/ਮੁਲਾਜ਼ਮ ਭਲਕੇ 2 ਅਕਤੂਬਰ ਨੂੰ 9 ਵਜੇ ਤੋਂ 11 ਵਜੇ ਤੱਕ 2 ਘੰਟੇ ਲਈ ਡਿਊਟੀ ’ਤੇ ਹਾਜ਼ਰ ਹੋਣਗੇ ਅਤੇ ਸਫਾਈ ਦੀ ਸਹੁੰ ਚੁੱਕਣਗੇ। ਮੁੱਖ ਮੰਤਰੀ ਭਲਕੇ ਤਲਵੰਡੀ ਸਾਬੋ ਵਿਖੇ ਰਾਜ ਪੱਧਰੀ ਸਮਾਗਮ ਦੌਰਾਨ ਸੂਬੇ ਦੇ ਲੋਕਾਂ, ਸਰਕਾਰੀ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਸਫਾਈ ਦੀ ਸਹੁੰ ਚੁੱਕਾਉਣਗੇ ਜਦੋਂ ਕਿ ਮੰਤਰੀ
ਸਾਹਿਬਾਨ ਵੱਖ-ਵੱਖ ਜ਼ਿਲਾ ਹੈਡ ਕੁਆਟਰਜ਼ ’ਤੇ ਇਹ ਸਹੁੰ ਚੁਕਾਉਣਗੇ। ਇਸੇ ਤਰ੍ਹਾਂ ਮੁੱਖ ਸਕੱਤਰ ਪੰਜਾਬ ਸਿਵਲ ਸਕੱਤਰੇਤ ਦੇ ਸਮੂਹ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਸਕੱਤਰੇਤ ਵਿਖੇ ਸਹੁੰ ਚੁਕਾਉਣਗੇ। ਵੱਖ-ਵੱਖ ਬੋਰਡਾਂ, ਕਾਰਪੋਰੇਸ਼ਨਾਂ ਅਤੇ ਸੰਵਿਧਾਨਕ ਸੰਸਥਾਵਾਂ ਦੇ ਮੁਖੀ ਆਪੋ-ਆਪਣੀਆਂ ਸੰਸਥਾਵਾਂ ’ਤੇ ਸਮਾਗਮ ਕਰਵਾ ਕੇ ਸਹੁੰ ਚੁੱਕਾਉਣਗੇ।
ਸਰਕਾਰੀ ਬੁਲਾਰੇ ਨੇ ਦੱਸਿਆ ਕਿ ਇਸੇ ਤਰ੍ਹਾਂ ਸਾਰੇ ਸਕੂਲਾਂ, ਕਾਲਜਾਂ, ਯੂਨੀਵਰਸਿਟੀਆਂ, ਸਿਖਲਾਈ ਸੰਸਥਾਵਾਂ, ਹਸਪਤਾਲਾਂ ਅਤੇ ਪੁਲਿਸ ਥਾਣਿਆਂ ਵਿੱਚ ਸਹੁੰ ਚੁੱਕ ਸਮਾਗਮ ਕਰਵਾਏ ਜਾਣਗੇ। ਇਸੇ ਤਰ੍ਹਾਂ ਹਰ ਪਿੰਡ ਵਿੱਚ ਉਥੋਂ ਦੇ ਸਰਪੰਚ, ਸ਼ਹਿਰ ਤੇ ਕਸਬੇ ਵਿੱਚ ਨਗਰ ਪੰਚਾਇਤ ਤੇ ਕੌਂਸਲ ਦੇ ਪ੍ਰਧਾਨ ਅਤੇ ਵੱਡੇ ਸ਼ਹਿਰਾਂ ਵਿੱਚ ਨਗਰ ਨਿਗਮ ਦੇ ਮੇਅਰ ਇਹ ਸਹੁੰ ਚੁੱਕਾਉਣਗੇ। ਇਨ੍ਹਾਂ ਸਮਾਗਮਾਂ ਨੂੰ ਕਰਵਾਉਣ ਸਬੰਧੀ ਅਤੇ ਸਫਾਈ ਮੁਹਿੰਮ ਬਾਰੇ ਹਦਾਇਤਾਂ ਜਾਰੀ ਕਰ ਦਿੱਤੀਆਂ ਹਨ।



