ਤਰਨ ਤਾਰਨ, 20 ਸਤੰਬਰ (ਵਿਜੇ ਸਾਹਿਲ)- ਪੰਜਾਬ ਸਰਕਾਰ ਵੱਲੋਂ ਚਲਾਏ ਜਾ ਰਹੇ ਨਸ਼ਾ ਛੁਡਾਊ ਕੇਂਦਰਾਂ ਦਾ ਨਰੀਖਣ ਕਰਨ ਲਈ ਵਿਸ਼ੇਸ਼ ਤੌਰ ’ਤੇ ਪਹੁੰਚੇ ਸਾਬਕਾ ਆਈ ਪੀ ਐਸ ਅਧਿਕਾਰੀ ਕਿਰਨ ਬੇਦੀ ਅਤੇ ਬਾਰਡਰ ਰੇਂਜ ਆਈ ਜੀ ਅੰਮ੍ਰਿਤਸਰ ਈਸ਼ਵਰ ਚੰਦ ਤੇ ਉਚ ਅਧਿਕਾਰੀਆਂ ਨੇ ਤਰਨਤਾਰਨ ਸਿਵਲ ਹਸਪਤਾਲ ਵਿੱਚ ਚਲਾਏ ਜਾ ਰਹੇ ਨਸ਼ਾ ਛੁਡਾਊ ਕੇਂਦਰ ਦਾ ਜਾਇਜ਼ਾ ਲਿਆ। ਇਸ ਮੌਕੇ ਕੇਂਦਰ ਵਿੱਚ ਇਲਾਜ ਕਰਵਾਉਣ ਲਈ ਵੱਖ-ਵੱਖ ਪੰਜਾਬ ਦੇ ਜ਼ਿਲ੍ਹਿਆਂ, ਸ਼ਹਿਰਾਂ, ਕਸਬਿਆਂ ਤੋਂ ਆਏ ਮਰੀਜ਼ਾਂ ਨਾਲ ਗੱਲਬਾਤ ਕੀਤੀ ਅਤੇ ਇਸ ਕੇਂਦਰ ਨੂੰ ਚਲਾ ਰਹੇ ਨਸ਼ਾ ਛੁਡਾਉਣ ਦੇ ਮਾਹਿਰ ਡਾਕਟਰ ਰਾਣਾ ਰਣਬੀਰ ਸਿੰਘ ਨਾਲ ਇਸ ਕੇਂਦਰ ਦੇ ਫਾਇਦਿਆਂ ਅਤੇ ਸਹੂਲਤਾਂ ਬਾਰੇ ਜਾਣਕਾਰੀ ਪ੍ਰਾਪਤ ਕੀਤੀ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ
ਹੋਏ ਸ੍ਰੀਮਤੀ ਬੇਦੀ ਨੇ ਕਿਹਾ ਕਿ ਪੰਜਾਬ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਵੱਲੋਂ ਚਲਾਈ ਜਾ ਰਹੀ ਨਸ਼ਾ ਰੋਕੂ ਮੁਹਿੰਮ ਪੂਰੀ ਤਰ੍ਹਾਂ ਨਾਲ ਕਾਮਯਾਬ ਹੋ ਰਹੀ ਹੈ, ਜਿਸ ਦਾ ਨਤੀਜਾ ਸਾਫ ਨਜ਼ਰ ਆ ਰਿਹਾ ਹੈ। ਉਨ੍ਹਾਂ ਕਿਹਾ ਕਿ ਨਸ਼ਾ ਨਾ ਮਿਲਣਾ ਅਤੇ ਮਹਿੰਗਾ ਹੋਣ ਕਰਕੇ ਵੀ ਨੌਜਵਾਨ ਇਹਨਾਂ ਕੇਂਦਰਾਂ ਵਿੱਚ ਆ ਰਹੇ ਹਨ। ਉਨ੍ਹਾਂ ਕਿਹਾ ਕਿ ਸਮੇਂ-ਸਮੇਂ ’ਤੇ ਇਨ੍ਹਾਂ ਕੇਂਦਰਾਂ ਦਾ ਦੌਰਾ ਕੀਤਾ ਜਾਵੇਗਾ ਅਤੇ ਜੋ ਖਾਮੀਆਂ ਪਾਈਆਂ ਜਾਣਗੀਆਂ ਉਨ੍ਹਾਂ ’ਤੇ ਵਿਚਾਰ ਕਰਕੇ ਹੱਲ ਨੂੰ ਅਮਲ ਵਿੱਚ ਲਿਆਂਦਾ ਜਾਵੇਗਾ ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਜੋ ਪੰਜਾਬ ਸਰਕਾਰ ਵੱਲੋਂ 181 ਹੈਲਪ ਲਾਇਨ ਚਲਾਈ ਹੋਈ ਹੈ ਉਸ ਉਪਰ ਵੀ ਨਸ਼ਾ ਤਸਕਰਾਂ ਦੀ ਇਤਲਾਹ ਦਿੱਤੀ ਜਾ ਸਕਦੀ ਹੈ ਅਤੇ ਇਤਲਾਹ ਦੇਣ ਵਾਲੇ ਦਾ ਨਾਮ ਗੁਪਤ ਰੱਖਿਆ ਜਾਵੇਗਾ। ਇਸ ਮੌਕੇ ਉਹਨਾਂ ਨਾਲ ਸਿਵਲ ਸਰਜਨ ਡਾਕਟਰ ਵਾਰਿੰਦਰਾ ਸਿੰਘ, ਐਸ ਐਸ ਓ ਡਾਕਟਰ ਸ਼ਮਸ਼ੇਰ ਸਿੰਘ, ਡਾਕਟਰ ਰਾਣਾ ਰਣਬੀਰ ਸਿੰਘ, ਏ ਡੀ ਸੀ ਬਖਤਾਵਰ ਸਿੰਘ, ਐਸ ਪੀ ਹੈੱਡਕੁਆਰਟਰ ਬਲਜੀਤ ਸਿੰਘ ਆਦਿ ਉਚ ਅਧਿਕਾਰੀ ਹਾਜ਼ਰ ਸਨ।



