ਵਾਸ਼ਿੰਗਟਨ ਡੀ ਸੀ, 30 ਸਤੰਬਰ (ਡਾ. ਗਿੱਲ)- ਵਿਦੇਸ਼ ਵਿੱਚ ਬੈਠੇ ਸਿੱਖਾਂ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਵਫਦ ਦੇ ਰੂਪ ਵਿੱਚ ਮਿਲਣ ਕਰਕੇ ਥੋੜ੍ਹੀ ਰਾਹਤ ਦੀ ਸ਼ੁਰੂਆਤ ਮਹਿਸੂਸ ਕੀਤੀ ਜਾ ਰਹੀ ਹੈ। ਜਿੱਥੇ ਮੋਦੀ ਵੱਲੋਂ ਸਿੱਖ ਗੁਰੂਆਂ ਦਾ ਜ਼ਿਕਰ ਕੀਤਾ ਗਿਆ ਉਥੇ ਸਿੱਖ ਜਰਨੈਲਾਂ ਦਾ ਫੌਜ ਵਿੱਚ ਨਿਭਾਏ ਕਾਰਜਾਂ ਅਤੇ ਸੂਰਬੀਰਤਾ ਦੀ ਸਰਾਹਨਾ ਕੀਤੀ ਗਈ। ਭਾਵੇਂ ਉਨ੍ਹਾਂ ਵੱਲੋਂ ਆਪਣੇ ਭਾਸ਼ਣ ਦੌਰਾਨ ਨੌਜਵਾਨ ਸ਼ਕਤੀ ਅਤੇ ਕਾਨੂੰਨਾਂ ਵਿੱਚ ਤਰਮੀਮ ਦੀ ਗੱਲ ਨੂੰ ਅਹਿਮੀਅਤ ਦਿੱਤੀ। ਪਰ ਉਨ੍ਹਾਂ ਪੂੰਜੀਨਿਵੇਸ਼ ਸਬੰਧੀ ਭਾਰਤ ਨੂੰ ਸੰਸਾਰ ਦਾ ਮੋਹਰੀ ਦੇਸ਼ ਬਣਾਉਣ ਦਾ ਜ਼ਿਕਰ ਕੀਤਾ। ਭਾਰਤ ਦਾ ਮਾਣ ਅਤੇ ਗੌਰਵ ਹਮੇਸ਼ਾ ਬਰਕਰਾਰ ਰੱਖਿਆ ਜਾਵੇਗਾ ਅਤੇ ਕਦੇ ਵੀ ਸਿਰ ਨੀਵਾਂ ਨਹੀਂ ਹੋਣ ਦਿੱਤਾ ਜਾਵੇਗਾ।
ਸ੍ਰੀ ਮੋਦੀ ਦੀ ਲੰਬੇ ਸਮੇਂ ਦੀ ਯੋਜਨਾ ਵਿੱਚ ਸਫਾਈ, ਮਕਾਨਾਂ ਅਤੇ ਟਾਇਲਟ ਸਕੀਮ ਦੀ ਸੰਪੂਰਨਤਾ ਮਹਾਤਮਾ ਗਾਂਧੀ ਦੀ ਜਯੰਤੀ ਦੇ ਪੰਝਤਰਵੇਂ ਸਾਲ 2022 ਤੱਕ ਨੇਪੜੇ ਚਾੜ੍ਹਣ ’ਤੇ ਜ਼ੋਰ ਦਿੱਤਾ। ਭਾਸ਼ਣ ਦੇ ਅੰਤ ਵਿੱਚ ਉਨ੍ਹਾਂ ਨੇ ਵੀਜ਼ਾ ਸਬੰਧੀ ਆਉਂਦੀਆਂ ਦਿੱਕਤਾਂ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਭਾਰਤ ਆਉਣ ਵਾਲੇ ਵਿਅਕਤੀ ਨੂੰ ਏਅਰਪੋਰਟ ’ਤੇ ਵੀਜ਼ਾ ਮੁਹੱਈਆ ਕਰਵਾਇਆ ਜਾਵੇਗਾ। ਓ ਸੀ ਆਈ ਅਤੇ ਪੀ ਆਈ ਓ ਕਾਰਡ ਨੂੰ ਇਕੱਠਿਆਂ ਕਰਕੇ ਪੂਰੀ ਜ਼ਿੰਦਗੀ ਲਈ ਭਾਰਤ ਦਾ ਵੀਜ਼ਾ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਆਉਂਦੀਆਂ ਮੁਸ਼ਕਿਲਾਂ ਨੂੰ ਹੱਲ ਕਰਨ ਸਬੰਧੀ ਵੀਜ਼ਾ ਸਟਾਫ ਭਾਵ ਜੋ ਪੇਪਰ ਚੈਕਿੰਗ ਸਿਸਟਮ ਕੰਪਨੀਆਂ ਦੀ ਨਫਰੀ ਵਿੱਚ ਵਾਧਾ ਕਰਕੇ ਪ੍ਰੇਸ਼ਾਨੀ ਨੂੰ ਦੂਰ ਕੀਤਾ ਜਾਵੇਗਾ। ਭਾਵੇਂ ਉਨ੍ਹਾਂ ਵੱਲੋਂ ਪਾਸਪੋਰਟ ਸਬੰਧੀ ਰਾਜਸੀ ਸ਼ਰਨ ਵਾਲਿਆਂ ਦਾ ਜ਼ਿਕਰ ਨਹੀਂ ਕੀਤਾ ਗਿਆ ਪਰ ਰਾਤਰੀ ਭੋਜ ਸਮੇਂ ਉਨ੍ਹਾਂ ਨੇ ਵਫਦ ਦੇ ਆਗੂ ਜਸਦੀਪ ਸਿੰਘ ਜੱਸੀ ਨੂੰ ਕਿਹਾ ਕਿ ਇਹ ਸ਼ੁਰੂਆਤ ਹੈ ਅਤੇ ਅੱਗੇ ਜਾ ਕੇ ਬਹੁਤ ਕੁਝ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਕਈ ਮੁਸ਼ਕਿਲਾਂ ਸਬੰਧੀ ਐਲਾਨ ਨਹੀਂ ਕੀਤਾ ਜਾ ਸਕਦਾ ਪਰ ਨੀਤੀਆਂ ਵਿੱਚ ਤਰਮੀਮ, ਮਾੜੇ ਕਾਨੂੰਨ ਦਾ ਖਾਤਮਾ ਕਰਕੇ ਰਾਹਤ ਨੂੰ ਅੰਜਾਮ ਦੇਣਾ ਉਨ੍ਹਾਂ ਦੀ ਪਹਿਲਕਦਮੀ ਹੋਵੇਗੀ। ਵੱਖ-ਵੱਖ ਸੰਸਥਾਵਾਂ ਦਾ ਕਹਿਣਾ ਹੈ ਕਿ ਜੇਕਰ ਸਿੱਖ ਵਫਦ ਮਿਲਿਆ ਹੈ ਤਾਂ ਕੁਝ ਆਸਾਂ ਬੱਝੀਆਂ ਹਨ, ਪਰ ਵਿਰੋਧ ਵਿੱਚ ਖੜ੍ਹੇ ਹੋ ਕੇ ਕੁਝ ਵੀ ਪ੍ਰਾਪਤ ਨਹੀਂ ਕੀਤਾ ਜਾ ਸਕਦਾ। ਸਗੋਂ ਨਮੋਸ਼ੀ ਅਤੇ ਗੈਰਜ਼ਿੰਮੇਵਾਰੀ ਦਾ ਸਬੂਤ ਬਣਦੇ ਕੰਮਾਂ ਵਿੱਚ ਵਿਘਨ ਦਾ ਕਾਰਣ ਬਣ ਸਕਦੇ ਹਨ। ਮੋਦੀ ਸਾਹਿਬ ਬਹੁਤ ਹੀ ਦੂਰਅੰਦੇਸ਼ੀ ਵਾਲੇ ਵਿਅਕਤੀ ਹਨ। ਪ੍ਰਧਾਨ ਮੰਤਰੀ ਦਾ ਅਹੁਦਾ ਉਨ੍ਹਾਂ ਲਈ ਪਾਰਟੀ ਤੋਂ ਉਪਰ ਉਠ ਕੇ ਵਿਚਰਨ ਨੂੰ ਤਰਜੀਹ ਦਿੰਦਾ ਹੈ ਜਿਸ ਲਈ ਉਹ ਕੰਮ ਕਰ ਰਹੇ ਹਨ। ਪਰ ਸਾਡੇ ਸਿੱਖ ਮਿਲਣੀ ਨੂੰ ਵੀ ਮਾੜੀ ਕਾਰਗੁਜ਼ਾਰੀ ਦੱਸ ਕੇ ਆਪਣੀ ਹਊਮੈ ਨੂੰ ਪੱਠੇ ਪਾ ਰਹੇ ਹਨ ਜਿਵੇਂ ਭਾਰਤ ਦੇ ਉਹ ਖੁਦ ਠੇਕੇਦਾਰ ਹੋਣ। ਅਜਿਹੀ ਸਥਿਤੀ ਜਿੱਥੇ ਸਿੱਖ ਭਾਈਚਾਰੇ ਨੂੰ ਅਸਲ ਲੀਹਾਂ ਤੋਂ ਪਾਸੇ ਕਰ ਰਹੀ ਹੈ ਉਥੇ ਪ੍ਰਧਾਨ ਮੰਤਰੀ ਨੂੰੇ ਵੀ ਕੁੜੱਤਣ ਵੱਲ ਧਕੇਲਣ ਦਾ ਮਨਸੂਬਾ ਬਣ ਰਿਹਾ ਹੈ। ਕੋਸ਼ਿਸ਼ ਹੋਣੀ ਚਾਹੀਦੀ ਹੈ ਕਿ ਪ੍ਰਧਾਨ ਮੰਤਰੀ ਦਾ ਦਿਲ ਜਿੱਤ ਕੇ ਆਪਣੀਆਂ ਮੰਗਾਂ ਨੂੰ ਮਨਵਾਇਆ ਜਾਵੇ। ਉਨ੍ਹਾਂ ਨੇ ਆਪਣੀ ਵੈ¤ਬਸਾਈਟ ਦਾ ਜ਼ਿਕਰ ਵੀ ਕੀਤਾ ਜਿਸ ਰਾਹੀਂ ਹਰੇਕ ਵਿਅਕਤੀ ਉਨ੍ਹਾਂ ਤੱਕ ਪਹੁੰਚ ਕਰ ਸਕਦਾ ਹੈ। ਅਤੇ ਨਿਵੇਸ਼ ਦੇ ਰਾਹਾਂ ਨੂੰ ਅਖਤਿਆਰ ਕਰ ਸਕਦਾ ਹੈ।
ਉਨ੍ਹਾਂ ਕਿਹਾ ਕਿ ਹਰੇਕ ਭਾਰਤੀ ਆਪਣੇ ਆਖਰੀ ਸਾਹ ਆਪਣੇ ਮੁਲਕ ਵਿੱਚ ਲੈਣਾ ਚਾਹੁੰਦਾ ਹੈ। ਇਸ ਲਈ ਭਾਰਤ ਦੇ ਦਰਵਾਜੇ ਖੁੱਲ੍ਹੇ ਹਨ ਸੋ ਆਪ ਬੇਝਿਜਕ ਆ ਕੇ ਨਿਵੇਸ਼ ਕਰੋ, ਭਾਰਤ ਤੁਹਾਡਾ ਸਵਾਗਤ ਕਰੇਗਾ। ਕੁਲ ਮਿਲਾ ਕੇ ਇੱਕ ਗੱਲ ਸਾਹਮਣੇ ਆਈ ਹੈ ਕਿ ਚੰਗੀ ਸ਼ੁਰੂਆਤ ਅਤੇ ਰਾਜਸੀ ਸ਼ਰਨ ਵਾਲਿਆਂ ਦੇ ਨਾਲ-ਨਾਲ ਦੂਸਰੀਆਂ ਸ਼੍ਰੇਣੀਆਂ ਨੂੰ ਵੀ ਰਾਹਤ ਮਿਲੀ ਹੈ। ਆਸ ਕੀਤੀ ਜਾ ਰਹੀ ਹੈ ਕਿ ਇਸ ਸ਼ੁਰੂਆਤ ਦੇ ਨਾਲ-ਨਾਲ ਕਈ ਕੁਝ ਹੋਰ ਵੀ ਹੋਵੇਗਾ ਜਿਸ ਦਾ ਜਵਾਬ ਮੁੜ ਸਿੱਖ ਪ੍ਰਧਾਨ ਮੰਤਰੀ ਦੀ ਅਗਲੀ ਫੇਰੀ ਜਨਵਰੀ 2015 ਵਿੱਚ ਐਲਾਨ ਕੀਤੇ ਕਾਰਜਾਂ ਅਤੇ ਅੰਕਿਤ ਕੀਤੀਆਂ ਮੁਸ਼ਕਿਲਾਂ (ਮੈਮੋਰੰਡਮ) ਦਾ ਹਿਸਾਬ ਮੁੜ ਮੰਗਣਗੇ।



