ਚੰਡੀਗੜ੍ਹ, 29 ਸਤੰਬਰ (ਪੀ. ਟੀ.)- ਪੰਜਾਬ ਦੇ ਸਿੱਖਿਆ ਵਿਭਾਗ ਵੱਲੋਂ ਸਕੂਲਾਂ ਵਿੱਚ ਅਨੁਸਾਸ਼ਣ ਬਣਾਈ ਰੱਖਣ ਅਤੇ ਅਧਿਆਪਕਾਂ ਦੀ 100 ਫੀਸਦੀ ਹਾਜ਼ਰੀ ਯਕੀਨੀ ਬਣਾਏ ਰੱਖਣ ਦੇ ਉਦੇਸ਼ ਨਾਲ ਕਾਇਮ ਕੀਤੇ ਵਿਸ਼ੇਸ਼ ਨਿਰੀਖਣ ਸੈਲ ਵੱਲੋਂ ਕੀਤੀ ਜਾ ਰਹੀ ਸਕੂਲਾਂ ਦੀ ਅਚਨਚੇਤੀ ਚੈਕਿੰਗ ਨੂੰ ਜਾਰੀ ਰੱਖਦਿਆਂ ਅੱਜ ਸੂਬੇ ਦੇ 674 ਸਕੂਲਾਂ ਦੀ ਚੈਕਿੰਗ ਕੀਤੀ ਗਈ। ਇਸ ਚੈਕਿੰਗ ਦੌਰਾਨ 54 ਅਧਿਆਪਕ ਗੈਰ ਹਾਜ਼ਰ, 64 ਲੇਟ ਹਾਜ਼ਰ ਅਤੇ 36 ਲੰਬੇ ਸਮੇਂ ਤੋਂ ਗੈਰ ਹਾਜ਼ਰ ਪਾਏ ਗਏ। ਸਿੱਖਿਆ ਮੰਤਰੀ ਡਾ.ਦਲਜੀਤ ਸਿੰਘ ਚੀਮਾ ਨੇ ਵਿਸ਼ੇਸ਼ ਨਿਰੀਖਣ ਸੈਲ ਨੂੰ ਇਹ ਵੀ ਆਦੇਸ਼ ਦਿੱਤੇ ਗਏ ਕਿ ਇਸ ਚੈਕਿੰਗ ਤਹਿਤ ਸੂਬੇ ਦਾ ਹਰ ਸਕੂਲ ਕਵਰ ਕੀਤਾ ਜਾਵੇ ਅਤੇ ਸਕੂਲਾਂ ਦੀ ਦੁਬਾਰਾ ਚੈਕਿੰਗ ਵੀ ਕੀਤੀ ਜਾਵੇ। ਅੱਜ ਇਥੇ ਜਾਰੀ ਪ੍ਰੈਸ ਬਿਆਨ ਰਾਹੀਂ ਜਾਣਕਾਰੀ ਦਿੰਦਿਆਂ ਸਿੱਖਿਆ ਮੰਤਰੀ ਡਾ.ਚੀਮਾ ਨੇ ਦੱਸਿਆ ਕਿ ਗੈਰ ਹਾਜ਼ਰ ਪਾਏ ਗਏ ਅਧਿਆਪਕਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਜਾਵੇਗਾ ਜਦੋਂ ਕਿ ਲੰਬੇ
ਸਮੇਂ ਤੋਂ ਗੈਰ ਹਾਜ਼ਰ ਅਧਿਆਪਕਾਂ ਨੂੰ ਚਾਰਜਸ਼ੀਟ ਜਾਰੀ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਲੰਬੇ ਸਮੇਂ ਤੋਂ ਗੈਰ ਹਾਜ਼ਰ ਅਧਿਆਪਕਾਂ ਨੂੰ ਪਹਿਲਾਂ ਹੀ ਚਾਰਜਸ਼ੀਟ ਜਾਰੀ ਕੀਤੀ ਜਾ ਚੁੱਕੀ ਹੈ ਜਦੋਂ ਕਿ ਇਸ ਚੈਕਿੰਗ ਮੁਹਿੰਮ ਦੌਰਾਨ ਅਜਿਹੇ ਨਵੇਂ ਅਧਿਆਪਕਾਂ ਬਾਰੇ ਪਤਾ ਲੱਗਣ ’ਤੇ ਉਨ੍ਹਾਂ ਨੂੰ ਵੀ ਚਾਰਜਸ਼ੀਟ ਜਾਰੀ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਇਸ ਚੈਕਿੰਗ ਦਾ ਮੰਤਵ ਜਿੱਥੇ ਸਕੂਲਾਂ ਵਿੱਚ ਅਨੁਸ਼ਾਸਣ ਕਾਇਮ ਕਰਨਾ ਅਤੇ ਅਧਿਆਪਕਾਂ ਦੀ 100 ਫੀਸਦੀ ਗਿਣਤੀ ਯਕੀਨੀ ਬਣਾਉਣਾ ਹੈ ਉਥੇ ਲੰਬੇ ਸਮੇਂ ਤੋਂ ਗੈਰ ਹਾਜ਼ਰ ਅਧਿਆਪਕਾਂ ਦੀ ਅਸਲ ਗਿਣਤੀ ਦਾ ਪਤਾ ਲਗਾਉਣਾ ਹੈ।
ਸਿੱਖਿਆ ਮੰਤਰੀ ਨੇ ਦੱਸਿਆ ਕਿ ਅੱਜ ਸੂਬੇ ਦੇ 674 ਸਕੂਲਾਂ ਦੀ ਚੈਕਿੰਗ ਕੀਤੀ ਗਈ। ਮੰਡਲ ਅਨੁਸਾਰ ਵੇਰਵੇ ਦਿੰਦਿਆਂ ਉਨ੍ਹਾਂ ਦੱਸਿਆ ਕਿ ਜਲੰਧਰ ਮੰਡਲ ਦੇ 203 ਸਕੂਲਾਂ ਦੀ ਚੈਕਿੰਗ ਕੀਤੀ ਗਈ ਜਿਸ ਵਿੱਚ 9 ਅਧਿਆਪਕ ਗੈਰ ਹਾਜ਼ਰ, 31 ਲੇਟ ਹਾਜ਼ਰ ਅਤੇ 8 ਲੰਬੇ ਸਮੇਂ ਤੋਂ ਗੈਰ ਹਾਜ਼ਰ ਪਾਏ ਗਏ। ਇਸੇ ਦੌਰਾਨ ਫਰੀਦਕੋਟ ਮੰਡਲ ਵਿੱਚ 241 ਸਕੂਲਾਂ ਦੀ ਚੈਕਿੰਗ ਵਿੱਚ 33 ਅਧਿਆਪਕ ਗੈਰ ਹਾਜ਼ਰ, 25 ਲੇਟ ਹਾਜ਼ਰ ਅਤੇ 12 ਲੰਬੇ ਸਮੇਂ ਤੋਂ ਗੈਰ ਹਾਜ਼ਰ ਪਾਏ ਗਏ ਜਦੋਂ ਕਿ ਨਾਭਾ (ਪਟਿਆਲਾ) ਮੰਡਲ ਦੇ 230 ਸਕੂਲਾਂ ਦੀ ਚੈਕਿੰਗ ਵਿੱਚ 12 ਅਧਿਆਪਕ ਗੈਰ ਹਾਜ਼ਰ, 8 ਲੇਟ ਹਾਜ਼ਰ ਅਤੇ 16 ਲੰਬੇ ਸਮੇਂ ਤੋਂ ਗੈਰ ਹਾਜ਼ਰ ਪਾਏ ਗਏ।



