ਗੁਰਭਿੰਦਰ ਸਿੰਘ ਗੁਰੀ
ਸੰਪਰਕ : 9592321299
ਅਜ਼ਾਦ ਹਿੰਦ ਫੌਜ ਦੇ ਮੁਖੀ ਨੇਤਾ ਜੀ ਸੁਭਾਸ਼ ਚੰਦਰ ਬੋਸ ਦੇ ਅਤਿ ਨਜ਼ਦੀਕੀ ਅਜ਼ਾਦੀ ਘੁਲਾਟੀਏ ਬਾਬਾ ਗੁਰਦਿਆਲ ਸਿੰਘ ਦਾ ਜਨਮ 1 ਜਨਵਰੀ, 1922 ਨੂੰ ਮਹਿਲ ਕਲਾਂ ਦੀ ਧਰਤੀ ’ਤੇ ਨਾਨਕੇ ਘਰ ਹੋਇਆ, ਜਿੱਥੇ ਇਨ੍ਹਾਂ ਨੇ ਆਪਣੇ ਬਚਪਨ ਦੇ ਜਵਾਨੀ ਦਾ ਆਨੰਦ ਮਾਣਿਆ। ਉਨ੍ਹਾਂ ਦਾ ਜੱਦੀ ਪਿੰਡ ਭੋਤਨਾ, (ਬਰਨਾਲਾ) ਹੈ।
ਬਾਬਾ ਗੁਰਦਿਆਲ ਸਿੰਘ ਦੇ ਪਿਤਾ ਸ. ਸੱਜਣ ਸਿੰਘ ਜੋ 1927 ’ਚ ਮਲੇਸ਼ੀਆ ’ਚ ਪੀ. ਡਬਲਯੂ. ਦੀ ਨੌਕਰੀ ਕਰਨ ਚਲੇ ਗਏ। ਜਿਸ ਵਕਤ ਬਾਬਾ ਗੁਰਦਿਆਲ ਸਿੰਘ ਦੀ ਉਮਰ ਸਿਰਫ 5 ਸਾਲ ਸੀ। ਬਾਬਾ ਗੁਰਦਿਆਲ ਸਿੰਘ 1937 ’ਚ ਆਪਣੇ ਪਿਤਾ ਕੋਲ ਮਲੇਸ਼ੀਆ ਪਹੁੰਚ ਕੇ ਉ¤ਥੇ ਮੋਟਰ ਗੱਡੀ ਚਲਾਉਣ ਦੀ ਨੌਕਰੀ ਕਰਨ ਲੱਗ ਪਏ। ਮਲੇਸ਼ੀਆ ’ਚ ਨੌਕਰੀ ਕਰਦੇ ਰੇਡੀਓ ਸੁਣਨ ਦੇ ਸ਼ੌਂਕੀ ਬਾਬਾ ਗੁਰਦਿਆਲ ਸਿੰਘ ਨੇ ਅੰਗਰੇਜ਼ਾਂ ਨੂੰ ਭਾਰਤ ’ਚੋਂ ਕੱਢਣ ਲਈ ਆਪਣੀ ਨੌਕਰੀ ਨੂੰ ਛੱਡ ਕੇ ਨੇਤਾ ਜੀ ਦੀ ਤਕਰੀਰ ਤੋਂ ਭਾਵੁਕ ਹੋ ਕੇ ਆਪਣੀ ਜੱਦੀ- ਪੁਸ਼ਤੀ ਜ਼ਮੀਨ- ਜ਼ਾਇਦਾਦ ਅਜ਼ਾਦ ਹਿੰਦ ਫੌਜ ਨੂੰ ਦਿੰਦੇ ਹੋਏ ਅਜ਼ਾਦੀ ਦੀ ਲਹਿਰ ’ਚ ਕੁੱਦ ਪਏ। ਪਰ ਇਹ ਉਤਸ਼ਾਹ ਹੀ ਅੱਜ ਬਾਬਾ ਗੁਰਦਿਆਲ ਸਿੰਘ ਨੂੰ ਜਲੀਲ ਕਰ ਰਿਹਾ ਹੈ। ਨਾ ਕੋਈ ਜ਼ਮੀਨ- ਜ਼ਾਇਦਾਦ ਨਾ ਆਪਣਾ ਘਰ ਬਲਕਿ ਇੱਕ ਛੋਟੇ ਜਿਹੇ ਘਰ ’ਚ ਆਪਣੀ ਜ਼ਿੰਦਗੀ ਬਸਰ ਕਰ ਰਹੇ ਨੇਤਾ ਜੀ ਦੇ ਨੇੜਲੇ ਸਾਥੀ ਨੂੰ ਵਡੇਰੀ ਉਮਰ ਦੇ ਬਾਵਜ਼ੂਦ ਬੱਚਿਆਂ ਦਾ ਪੇਟ ਪਾਲਣ ਲਈ ਪਹਿਲਾਂ ਦਿੱਲੀ ਟੈਕਸੀ ਚਲਾਉਣੀ ਪਈ। ਫਿਰ 1960 ਤੋਂ 1993 ਤੱਕ ਪ੍ਰਾਇਵੇਟ ਬੱਸ ’ਤੇ ਡਰਾਇਵਰੀ ਕੀਤੀ। ਜਦੋਂ ਬਿਰਧ ਸਰੀਰ ਡਰਾਇਵਰੀ ਕਰਨ ਤੋਂ ਅਸਮਰੱਥ ਹੋ ਗਿਆ ਤਾਂ ਸੰਗਰੂਰ ਬੱਸ ਅੱਡੇ ’ਤੇ ਹਾਕਰ ਦਾ ਕੰਮ ਕੀਤਾ। ਬਿਰਧ ਸਰੀਰ ਸਾਰਾ ਦਿਨ ਸਵਾਰੀਆਂ ਨੂੰ ਹਾਕਾਂ ਮਾਰਦਾ ਥੱਕ- ਟੁੱਟ ਜਾਂਦਾ ਸੀ। ਜਦੋਂ ਬਾਬਾ ਗੁਰਦਿਆਲ ਸਿੰਘ ਅਜ਼ਾਦੀ ਦੀ ਲਹਿਰ ’ਚ ਕੁੱਦਿਆ ਸੀ, ਉਸ ਵਕਤ ਮਲੇਸ਼ੀਆ ’ਚ ਚੰਗੀ- ਭਲੀ ਵਧੀਆ ਨੌਕਰੀ ਕਰ ਰਿਹਾ ਸੀ। ਰੇਡੀਓ ਸੁਣਨ ਦੇ ਸ਼ੌਕੀਨ ਬਾਬਾ ਜੀ ਨੇ ਸੁਭਾਸ਼ ਚੰਦਰ ਬੋਸ ਦੀ ਰੇਡੀਓ ’ਤੇ ਤਕਰੀਰ ਸੁਣ ਕੇ ਭਾਵੁਕ ਹੋ ਕੇ ਅਜ਼ਾਦ ਹਿੰਦ
ਫੌਜ ’ਚ ਬਤੌਰ ਡਰਾਇਵਰ ਨੰਬਰ- 34328 ਭਰਤੀ ਹੋ ਗਿਆ। ਉਸ ਸਮੇਂ ਬਾਬਾ ਗੁਰਦਿਆਲ ਸਿੰਘ ਜਵਾਨੀ ਦੇ ਪਹਿਲੇ ਪੜਾਅ ’ਤੇ ਮਸਾਂ 20 ਕੁ ਸਾਲ ਦਾ ਸੀ। ਬਾਬਾ ਗੁਰਦਿਆਲ ਸਿੰਘ ਨੂੰ ਅਜ਼ਾਦ ਹਿੰਦ ਫੌਜ ਵੱਲੋਂ ਲਾਇਸੈਂਸ ਨੰਬਰ 462 ਜਾਰੀ ਕੀਤਾ ਗਿਆ, ਫਿਰ ਜਦੋਂ ਜਪਾਨ ਅਤੇ ਮਲੇਸ਼ੀਆ ਗਿਆ ਤਾਂ ਫਿਰ ਜਪਾਨੀ ਲਾਇਸੈਂਸ ਜਾਰੀ ਕੀਤਾ ਗਿਆ। ਕੁੱਲ ਤਿੰਨ ਲਾਇਸੈਂਸ ਅਜ਼ਾਦ ਹਿੰਦ ਫੌਜ ਦੌਰਾਨ ਥਾਈਲੈਂਡ, ਮਲੇਸ਼ੀਆ ਅਤੇ ਜਪਾਨ ਵੱਲੋਂ ਜਾਰੀ ਕੀਤੇ ਗਏ। ਬਾਬਾ ਗੁਰਦਿਆਲ ਸਿੰਘ ਨੂੰ ਅਜ਼ਾਦ ਹਿੰਦ ਫੌਜ ਵੱਲੋਂ 4 ਮੈਡਲ ਦਿੱਤੇ ਗਏ। ਜਿੰਨ੍ਹਾਂ ਨੂੰ ਦੇਖ- ਦੇਖ ਬਾਬਾ ਗੁਰਦਿਆਲ ਸਿੰਘ ਭਾਵੁਕ ਹੁੰਦਾ ਹੋਇਆ ਅੱਖਾਂ ਭਰ ਆਉਂਦਾ ਹੈ। ਬਹੁਤਾ ਸਮਾਂ ਨੇਤਾ ਜੀ ਨਾਲ ਬ੍ਰਹਮਾ, ਸਿੰਗਾਪੁਰ ਅਤੇ ਮਲੇਸ਼ੀਆ ਦੀ ਧਰਤੀ ’ਤੇ ਰਹਿੰਦਿਆਂ ਅਜ਼ਾਦ ਹਿੰਦ ਫੌਜ ’ਚ ਬਗ਼ੈਰ ਤਨਖ਼ਾਹ ਤੋਂ ਦੇਸ਼ ਅਜ਼ਾਦ ਕਰਾਉਣ ਲਈ ਨੇਤਾ ਜੀ ਸੁਭਾਸ਼ ਚੰਦਰ ਬੋਸ ਜੀ ਨਾਲ ਕੰਮ ਕੀਤਾ। ਨੇਤਾ ਜੀ ਸੁਭਾਸ਼ ਚੰਦਰ ਬੋਸ ਜੋ ਬਾਬਾ ਗੁਰਦਿਆਲ ਸਿੰਘ ਨਾਲ ਆਪਣੇ ਦਿਲ ਦੀਆਂ ਗੱਲਾਂ ਸਾਂਝੀਆਂ ਕਰਦੇ ਸਨ, ਨੂੰ ਅੱਜ ਵੀ ਉਸ ਪਲ ਨੂੰ ਯਾਦ ਕਰਕੇ ਪੁਰਾਣੀਆਂ ਯਾਦਾਂ ’ਚ ਗੁਆਚ ਜਾਂਦੇ ਹਨ। ਬਾਬਾ ਗੁਰਦਿਆਲ ਸਿੰਘ ਨੇ ਦੱਸਿਆ ਕਿ ਬ੍ਰਿਟਿਸ਼ ਸਰਕਾਰ ਜੋ ਭਾਰਤ ’ਤੇ ਆਪਣਾ ਰਾਜ ਕਰਦੀ ਸੀ, ਨੇ ਜਪਾਨ ਨੂੰ ਵੀ ਗੁਲਾਮ ਕਰ ਲਿਆ ਸੀ। ਜਪਾਨ ਇੰਡੀਆ ਦੀ ਮੱਦਦ ਕਰਦਾ ਸੀ। ਉਸ ਵਕਤ ਨੇਤਾ ਜੀ ਸੁਭਾਸ਼ ਚੰਦਰ ਬੋਸ ਭਾਰਤ ’ਚ ਜੱਜ ਦੇ ਅਹੁੱਦੇ ’ਤੇ ਬਿਰਾਜਮਾਨ ਸਨ ਨੇ ਆਪਣਾ ਅਹੁੱਦਾ ਤਿਆਗ ਕੇ ਅੰਗਰੇਜ਼ਾਂ ਨੂੰ ਭਾਰਤ ’ਚੋਂ ਕੱਢਣ ਲਈ ਬਗ਼ਾਵਤ ਸ਼ੁਰੂ ਕਰ ਦਿੱਤੀ। ਬ੍ਰਿਟਿਸ਼ ਅੰਗਰੇਜ਼ਾਂ ਨੇ ਨੇਤਾ ਜੀ ਸੁਭਾਸ਼ ਚੰਦਰ ਬੋਸ ਨੂੰ ਗ੍ਰਿਫ਼ਤਾਰ ਕਰਕੇ ਕਾਲ ਕੋਠੜੀ ’ਚ ਨਜ਼ਰਬੰਦ ਕਰ ਦਿੱਤਾ ਸੀ ਤਾਂ ਨੇਤਾ ਜੀ ਸੁਭਾਸ਼ ਚੰਦਰ ਬੋਸ ਭੇਸ ਬਦਲ ਕੇ ਕਿਸੇ ਨਾ ਕਿਸੇ ਤਰ੍ਹਾਂ ਅੰਗਰੇਜ਼ਾਂ ਦੇ ਚੁੰਗਲ ’ਚੋਂ ਨਿਕਲ ਕੇ ਅਫਗਾਨਿਸਤਾਨ ਹੁੰਦਿਆਂ ਹੋਇਆਂ ਰੂਸ ਪਹੁੰਚ ਗਏ। ਰੂਸ ਨੇ ਨੇਤਾ ਜੀ ਨੂੰ ਜਰਮਨ ਨੂੰ ਸੌਂਪ ਦਿੱਤਾ, ਜਿੱਥੇ ਨੇਤਾ ਜੀ ਨੇ ਜਰਮਨੀ ਕੁੜੀ ਨਾਲ ਵਿਆਹ ਰਚਾ ਲਿਆ ਤੇ ਉ¤ਥੇ ਉਨ੍ਹਾਂ ਦੇ ਘਰ ਇੱਕ ਲੜਕੀ ਪੈਦਾ ਹੋਈ। ਜਦੋਂ ਨੇਤਾ ਜੀ ਜਰਮਨ ਤੋਂ ਮਲੇਸ਼ੀਆ ਅਜ਼ਾਦ ਹਿੰਦ ਫੌਜ ਦੀ ਕਮਾਂਡ ਸਾਂਭਣ ਲਈ 1943 ’ਚ ਮਲੇਸ਼ੀਆ ਆਏ ਤਾਂ ਉਸ ਵਕਤ ਨੇਤਾ ਜੀ ਦੀ ਬੱਚੀ ਮਸਾਂ ਡੇਢ ਕੁ ਸਾਲ ਦੀ ਸੀ (ਇਹ ਬੱਚੀ ਜਵਾਨ ਹੋਣ ’ਤੇ ਇੱਕ ਵਾਰ ਭਾਰਤ ਆ ਕੇ ਵੀ ਗਈ ਹੈ)। ਅਜ਼ਾਦ ਹਿੰਦ ਫੌਜ ਦੀ ਕਮਾਂਡ ਸਾਂਭਣ ਉਪਰੰਤ ਨੇਤਾ ਜੀ ਸੁਭਾਸ਼ ਚੰਦਰ ਬੋਸ ਨੇ ਇੱਕ ਨਾਅਰਾ ਭਾਰਤ ਦੇਸ਼ਵਾਸੀਆਂ ਨੂੰ ਦਿੱਤਾ, ‘ਤੁਸੀਂ ਮੈਨੂੰ ਖੂਨ ਦਿਓ, ਮੈਂ ਹਿੰਦੁਸਤਾਨ ਅਜ਼ਾਦ ਕਰਵਾਉਂਗਾ’। ਉਸ ਵਕਤ ਬਾਬਾ ਗੁਰਦਿਆਲ ਸਿੰਘ 1942 ਤੋਂ 1945 ਤੱਕ ਨੇਤਾ ਜੀ ਦੇ ਨਾਲ ਰਹਿੰਦਿਆਂ ਨੇਤਾ ਜੀ ਦੀ ਹੈਲਮਨ ਪੈਟਰੋਲ ਗੱਡੀ ਡਰਾਈਵ ਕਰਦੇ ਸਨ। ਬਾਬਾ ਗੁਰਦਿਆਲ ਸਿੰਘ ਨੇ ਦੱਸਿਆ ਕਿ ਮੋਹਨ ਸਿੰਘ ਨੇ ਆਈ. ਐਨ. ਏ. ਖੜੀ ਕੀਤੀ ਸੀ, ਜਪਾਨ, ਇੰਡੀਆ ਦੀ ਬ੍ਰਿਟਿਸ਼ ਅੰਗਰੇਜ਼ਾਂ ਨਾਲ ਲੜਾਈ ਸੀ, ਜਦੋਂ ਜਨਰਲ ਮੋਹਨ ਸਿੰਘ ਨੇ ਸ਼ਰਤਾਂ ਨਾ ਮੰਨੀਆਂ ਤਾਂ ਜਪਾਨ ਨੇ ਜਨਰਲ ਮੋਹਨ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ। ਉਸ ਵਕਤ ਨੇਤਾ ਜੀ ਜਰਮਨੀ ’ਚ ਸਨ। ਜਪਾਨ ਸਰਕਾਰ ਨੇ ਵਿਸ਼ੇਸ਼ ਤੌਰ ’ਤੇ ਆਪਣਾ ਦੂਤ ਭੇਜ ਕੇ ਨੇਤਾ ਜੀ ਸੁਭਾਸ਼ ਚੰਦਰ ਬੋਸ ਨੂੰ ਜਰਮਨੀ ਤੋਂ ਮਲੇਸ਼ੀਆ ਅਜ਼ਾਦ ਹਿੰਦ ਫ਼ੌਜ ਦੀ ਕਮਾਂਡ ਦੇਣ ਲਈ ਬੁਲਾਇਆ। ਨੇਤਾ ਜੀ ਨੂੰ ਕਮਾਂਡ ਦੇਣ ਤੋਂ ਪਹਿਲਾਂ ਜਪਾਨ ਸਰਕਾਰ ਨੇ ਰਾਜ ਬਿਹਾਰੀ ਬੋਸ ਨੂੰ ਅਜ਼ਾਦ ਹਿੰਦ ਫੌਜ ਦੀ ਕਮਾਂਡ ਸਾਂਭਣ ਦਾ ਸੱਦਾ ਦਿੱਤਾ ਸੀ। ਪਰ ਰਾਜ ਬਿਹਾਰੀ ਬੋਸ ਨੇ ਆਪਣੇ ਬੁਢਾਪੇ ਦਾ ਵਾਸਤਾ ਪਾ ਕੇ ਕਮਾਂਡ ਸਾਂਭਣ ਤੋਂ ਨਾਂਹ ਕਰ ਦਿੱਤੀ। 1943 ’ਚ ਸੁਭਾਸ਼ ਚੰਦਰ ਬੋਸ ਜੀ ਨੇ ਆ ਕੇ ਆਰਮੀ ਦੀ ਕਮਾਂਡ ਸੰਭਾਲੀ। ਚਾਂਦਾ ਗਾਓਂ, ਮਨੀਪੁਰ ਤੇ ਤਿਰੋਸੀਆ ਤੇ ਨਾਗਾਸਾਕੀ ’ਤੇ ਉਸ ਵਕਤ ਜੇਕਰ ਅਮਰੀਕਾ ਬੰਬ ਨਾ ਸੁੱਟਦਾ ਤਾਂ ਅਸੀਂ ਲਗਭੱਗ ਭਾਰਤ ’ਤੇ ਆਪਣਾ ਕਬਜ਼ਾ ਨੇਤਾ ਜੀ ਦੀ ਕਮਾਂਡ ਹੇਠ ਕਰ ਲਿਆ ਸੀ। 1000 ਹਜ਼ਾਰ ਲੜਕੀਆਂ ਦੀ ਫ਼ੌਜ ਸਾਡੇ ਨਾਲ ਲੜਾਈ ’ਚ ਸਾਥ ਦੇ ਰਹੀ ਸੀ। ਝਾਂਸੀ ਦੀ ਰਾਣੀ ਉਸ ਵਕਤ ਸਾਡੇ ਨਾਲ ਸੀ। ਉਹ ਇੱਕ ਬਹੁਤ ਅਗਾਂਹਵਧੂ ਅਤੇ ਦਲੇਰ ਔਰਤ ਸੀ। 1945 ’ਚ ਅੰਗਰੇਜ਼ਾਂ ਨੇ ਸਾਨੂੰ ਗ੍ਰਿਫ਼ਤਾਰ ਕਰ ਲਿਆ। ਪਹਿਲਾਂ ਸਾਨੂੰ ਸਿੰਗਾਪੁਰ ’ਚ ਫਿਰ ਦਿੱਲੀ ਲਾਲ ਕਿਲੇ ਅੰਦਰ ਕੈਦ ਰੱਖਿਆ ਗਿਆ। ਸਾਡੇ ’ਤੇ ਕੇਸ ਚੱਲਿਆ, ਜਵਾਹਰ ਲਾਲ ਨਹਿਰੂ ਜੀ ਨੇ ਸਾਡੇ ਕੇਸ ਦੀ ਵਕਾਲਤ ਕੀਤੀ। ਨੇਤਾ ਜੀ ਸੁਭਾਸ਼ ਚੰਦਰ ਬੋਸ ਅੰਗਰੇਜ਼ਾਂ ਦੇ ਹੱਥ ਨਹੀਂ ਲੱਗੇ ਸਨ, ਉਹ ਉ¤ਥੋਂ ਨਿਕਲ ਗਏ ਸਨ। ਸਾਡੀ ਸਾਰੀ ਫ਼ੌਜ ਨੂੰ ਅੰਗਰੇਜ਼ਾਂ ਨੇ ਬੰਦੀ ਬਣਾ ਲਿਆ ਸੀ। ਜਿਸ ਵਿੱਚ ਨਹਿਰੂ ਬ੍ਰਿਗੇਡ, ਗਾਂਧੀ ਬ੍ਰਿਗੇਡ, ਸੁਭਾਸ਼ ਚੰਦਰ ਬੋਸ ਬ੍ਰਿਗੇਡ ਸ਼ਾਮਿਲ ਸੀ।
ਨੇਤਾ ਜੀ ਸੁਭਾਸ਼ ਚੰਦਰ ਬੋਸ ਦੇ ਬਾਰੇ ਤਰ੍ਹਾਂ- ਤਰ੍ਹਾਂ ਦੇ ਜੋ ਸ਼ੰਕੇ ਅੱਜ ਤੱਕ ਚੱਲ ਰਹੇ ਹਨ, ਸਾਡੀ ਸਰਕਾਰ ਵੀ ਲੋਕਾਂ ਨੂੰ ਸੱਚ ਨਹੀਂ ਦੱਸ ਰਹੀ, ਪਰ ਨੇਤਾ ਜੀ ਦੇ ਨੇੜਲੇ ਸਾਥੀ ਬਾਬਾ ਗੁਰਦਿਆਲ ਸਿੰਘ ਨੇ ਦੱਸਿਆ ਕਿ 1945 ’ਚ ਜਦੋਂ ਅੰਗਰੇਜ਼ਾਂ ਅਜ਼ਾਦ ਹਿੰਦ ਫ਼ੌਜ ਨੂੰ ਬੰਦੀ ਬਣਾਇਆ ਤਾਂ ਨੇਤਾ ਜੀ ਉ¤ਥੋਂ ਅੰਗਰੇਜ਼ਾਂ ਦੇ ਹੱਥ ਨਹੀਂ ਲੱਗੇ। ਜਪਾਨ ਨੇ ਬ੍ਰਿਟਿਸ਼ ਅੰਗਰੇਜ਼ ਸਰਕਾਰ ਤੋਂ ਨੇਤਾ ਜੀ ਸੁਭਾਸ਼ ਚੰਦਰ ਬੋਸ ਨੂੰ ਛੁਪਾਉਂਦੇ ਹੋਏ ਇੱਕ ਵਿਸ਼ੇਸ਼ ਜਹਾਜ਼ ਰਾਹੀਂ ਜਪਾਨ ਸਰਕਾਰ ਆਪਣੇ ਨਾਲ ਆਪਣੇ ਮੁਲਕ ਲੈ ਗਈ। ਬਾਕੀ ਦਾ ਜੀਵਨ ਨੇਤਾ ਜੀ ਨੇ ਉ¤ਥੇ ਬਸ਼ਰ ਕੀਤਾ। ਨੇਤਾ ਜੀ ਨੇ ਆਪਣਾ ਪੂਰਾ ਜੀਵਨ ਭੋਗਿਆ। ਜਿਹੜਾ ਨੇਤਾ ਜੀ ਦਾ ਜਹਾਜ਼ ਹਾਦਸਾ ਦਿਖਾਇਆ ਗਿਆ, ਉਹ ਪੂਰਾ ਝੂਠ ਸੀ, ਅਸਲ ਵਿੱਚ ਨੇਤਾ ਜੀ ਨੂੰ ਛੁਪਾਉਣ ਲਈ ਇਹ ਡਰਾਮਾ ਰਚਿਆ ਸੀ। ਕਿਉਂਕਿ ਇੰਗਲੈਂਡ ਦੀ ਫ਼ੌਜ ਨੇਤਾ ਜੀ ਨੂੰ ਮਾਰਨਾ ਚਾਹੁੰਦੀ ਸੀ। ਜਪਾਨ ਨੇ ਕਿਹਾ ਕਿ ਹਵਾਈ ਹਾਦਸੇ ’ਚ ਨੇਤਾ ਜੀ ਸੁਭਾਸ਼ ਚੰਦਰ ਬੋਸ ਮਰ ਗਏ। ਉਸ ਵਕਤ ਜਨਰਲ ਸ਼ਾਹ ਨਵਾਜ਼ ਜੋ ਨੇਤਾ ਜੀ ਦੇ ਨਾਲ ਸਨ, ਉਸ ਨੇ ਆਪਣੇ ਸੜੇ ਹੋਏ ਹੱਥ ਵਿਖਾਏ ਕਿ ਮੈਂ ਨੇਤਾ ਜੀ ਨੂੰ ਬਚਾ ਰਿਹਾ ਸੀ, ਜਿਸ ਨਾਲ ਮੇਰੇ ਹੱਥ ਸੜ ਗਏ। ਪਰ ਹੁਣ ਸਾਡੀ ਸਰਕਾਰ ਅਜੇ ਤੱਕ ਨੇਤਾ ਜੀ ਦੀ ਮੌਤ ਦਾ ਕੋਈ ਪ੍ਰਮਾਣ- ਪੱਤਰ ਨਹੀਂ ਦੇ ਸਕੀ। ਸਗੋਂ ਜਨਤਾ ਨੂੰ ਭੁਲੇਖੇ ’ਚ ਰੱਖ ਰਹੀ ਹੈ। ਬਾਬਾ ਗੁਰਦਿਆਲ ਸਿੰਘ ਨੇ ਦੱਸਿਆ ਕਿ ਅਜ਼ਾਦ ਹਿੰਦ ਫ਼ੌਜ ਦਾ ਹੈ¤ਡ ਐਾਫ਼ਿਸ ਬੈਂਕਾਕ ’ਚ ਸੋਲ੍ਹਾਪੁਰੀ ਕੈਂਪ ਸੀ। ਵਿਦਿਆਪਾਰੀ ਕੈਂਪ ਸਿੰਗਾਪੁਰ ’ਚ ਸੀ। ਨੇਤਾ ਜੀ ਦੇ ਨੇੜਲੇ ਸਾਥੀ ਨੇ ਦੱਸਿਆ ਕਿ ਨੇਤਾ ਜੀ ਸੁਭਾਸ਼ ਚੰਦਰ ਬੋਸ ਦੇ ਨਾਲ ਗੰਨਮੈਨ ਸ. ਸ਼ਮਸ਼ੇਰ ਸਿੰਘ ਜੋ ਹੁਸ਼ਿਆਰਪੁਰ ਜ਼ਿਲ੍ਹੇ ਤੋਂ ਸੀ ਦੇ ਡਰਾਈਵਰ ਦੇ ਤੌਰ ’ਤੇ ਮੈਂ ਬਾਬਾ ਗੁਰਦਿਆਲ ਸਿੰਘ ਹਮੇਸ਼ਾਂ ਸੁਭਾਸ਼ ਚੰਦਰ ਬੋਸ ਦੇ ਨਾਲ ਰਹਿੰਦੇ ਸੀ। ਦੇਸ਼ ਦੀ ਅਜ਼ਾਦੀ ’ਚ ਹਿੱਸਾ ਪਾਉਣ ਵਾਲੇ ਬਾਬਾ ਗੁਰਦਿਆਲ ਸਿੰਘ ਨੂੰ ਉਦੋਂ ਬਹੁਤਾ ਜ਼ਲੀਲ ਹੋਣਾ ਪਿਆ, ਜਦੋਂ ਅਜ਼ਾਦੀ ਤੋਂ ਬਾਅਦ ਭਾਰਤ ਸਰਕਾਰ ਨੇ ਅਜ਼ਾਦ ਹਿੰਦ ਫ਼ੌਜ ਨੂੰ ਫ਼ੌਜ ਹੀ ਨਹੀਂ ਮੰਨਦੀ ਸੀ, ਸਗੋਂ ਅੱਤਵਾਦੀ ਕਹਿ ਕੇ ਜ਼ਲੀਲ ਕਰਦੀ ਸੀ। ਦੇਸ਼ ਅਜ਼ਾਦ ਹੋਣ ਤੋਂ ਬਾਅਦ 1947 ਤੋਂ ਲੈ ਕੇ 1996 ਕੋਈ ਪੈਨਸ਼ਨ ਜਾਂ ਭੱਤਾ ਨਹੀਂ ਦਿੱਤਾ ਗਿਆ। ਜਦੋਂ ਬਾਬਾ ਗੁਰਦਿਆਲ ਸਿੰਘ ਨੂੰ ਪੈਨਸ਼ਨ ਦੇਣ ਤੋਂ ਕੋਰਾ ਇਨਕਾਰ ਕਰ ਦਿੱਤਾ ਤਾਂ ਬਾਬਾ ਗੁਰਦਿਆਲ ਸਿੰਘ ਨੇ ਇੱਕ ਰਿੱਟ ਨੰਬਰ 12350 ਸਾਲ 1996 ’ਚ ਮਾਣਯੋਗ ਪੰਜਾਬ ਐਂਡ ਹਰਿਆਣਾ ਹਾਈਕੋਰਟ ’ਚ ਦਾਇਰ ਕੀਤੀ। ਕਾਨੂੰਨੀ ਫ਼ੈਸਲਾ ਬਾਬਾ ਗੁਰਦਿਆਲ ਸਿੰਘ ਦੇ ਹੱਕ ’ਚ ਹੋ ਗਿਆ। ਹਾਈਕੋਰਟ ਨੇ ਭਾਰਤ ਸਰਕਾਰ ਨੂੰ ਹੁਕਮ ਜਾਰੀ ਕੀਤਾ ਕਿ ਬਾਬਾ ਗੁਰਦਿਆਲ ਸਿੰਘ ਨੂੰ ਪੈਨਸ਼ਨ ਦਿੱਤੀ ਜਾਵੇ। ਪੈਨਸ਼ਨ ਸ਼ੁਰੂ ਹੋਣ ਤੋਂ ਬਾਅਦ ਬਾਬਾ ਗੁਰਦਿਆਲ ਸਿੰਘ ਨੇ ਜਦੋਂ ਫਿਰ 1998 ’ਚ ਇੱਕ ਰਿੱਟ ਬਕਾਇਆ ਲੈਣ ਲਈ ਹਾਈਕੋਰਟ ਦਰਜ਼ ਕੀਤੀ ਤਾਂ ਕੋਰਟ ਨੇ ਪਹਿਲਾਂ ਲਾਗੂ ਪੈਨਸ਼ਨ ਵੀ ਬੰਦ ਕਰ ਦਿੱਤੀ ਤਾਂ ਬਾਬਾ ਗੁਰਦਿਆਲ ਸਿੰਘ ਨੇ ਸੁਪਰੀਮ ਕੋਰਟ ’ਚ 05-09-2001 ਨੂੰ ਰਿੱਟ ਪਾਈ ਤਾਂ ਮਾਣਯੋਗ ਸੁਪਰੀਮ ਕੋਰਟ ਨੇ 1996 ਤੋਂ ਭਾਰਤ ਸਰਕਾਰ ਨੂੰ ਬਾਬਾ ਗੁਰਦਿਆਲ ਸਿੰਘ ਨੂੰ ਬਕਾਇਆ ਦੇਣ ਲਈ ਕਹਿ ਦਿੱਤਾ। ਬਾਬਾ ਗੁਰਦਿਆਲ ਸਿੰਘ ਦਾ ਨਾਂ ਮਾਣਯੋਗ ਸੁਪਰੀਮ ਕੋਰਟ ’ਚ ਦੇਸ਼ ਭਗਤਾਂ ਦੀ ਸੂਚੀ ’ਚ 282 ਨੰਬਰ ’ਤੇ ਦਰਜ਼ ਹੈ। ਬਾਬਾ ਗੁਰਦਿਆਲ ਸਿੰਘ ਕਹਿੰਦਾ ਹੈ ਕਿ ਦੇਸ਼ ਤਾਂ ਅਜ਼ਾਦ ਹੋ ਗਿਆ, ਪਰ ਸਾਡੇ ਦੇਸ਼ ਦੀ ਸਰਕਾਰ ਨੇ ਜੋ ਸਾਨੂੰ ਜ਼ਲੀਲ ਕੀਤਾ, ਉਹ ਅਸੀਂ ਕਦੇ ਨਹੀਂ ਭੁੱਲ ਸਕਦੇ।
ਕਿੰਨੀਆਂ 26 ਜਨਵਰੀਆਂ ਅਤੇ ਕਿੰਨੇ 15 ਅਗਸਤ ਲੰਘੇ, ਪਰ ਸਾਡੀ ਕਿਸਮਤ ਵਾਲਾ ਸੂਰਜ ਕਿਉਂ ਹੈ ਅਸਤ।
ਹਰ ਵਾਰ ਸਾਡੇ ਕੋਲੋਂ ਮੂੰਹ ਫਿਰ ਲੈਨੀਏਂ, ਸਾਡੀਏ ਅਜ਼ਾਦੀਏ ਦੱਸ ਕਿੱਥੇ ਰਹਿਨੀਏ।
ਬਾਬਾ ਗੁਰਦਿਆਲ ਸਿੰਘ ਕਹਿੰਦਾ ਹੈ ਕਿ ਸਾਨੂੰ ਤਾਂ ਸਰਕਾਰ ਸਿਰਫ ਸਾਲ ’ਚ ਦੋ ਵਾਰ 15 ਅਗਸਤ ਅਤੇ 26 ਜਨਵਰੀ ਨੂੰ ਯਾਦ ਕਰਦੀ ਹੈ। ਉਂਝ ਸਾਡੀ ਕੋਈ ਸਾਰ ਨਹੀਂ ਲੈਂਦੀ। ਇੱਕ ਟੁੱਟੇ- ਫੁੱਟੇ ਘਰ ’ਚ ਜੋ ਹਰ ਵਕਤ ਡਿੱਗੂੰ- ਡਿੱਗੂੰ ਕਰਦਾ ਹੈ, ਵਿੱਚ ਆਪਣੀ ਜ਼ਿੰਦਗੀ ਬਸ਼ਰ ਕਰ ਰਹੇ ਨੇਤਾ ਜੀ ਦੇ ਨੇੜਲੇ ਸਾਥੀ ਬਾਬਾ ਗੁਰਦਿਆਲ ਸਿੰਘ ਦੀਆਂ ਹੁਣ ਦੋਵੇਂ ਲੱਤਾਂ ਜਵਾਬ ਦੇ ਗਈਆਂ ਹਨ, ਚੱਲ- ਫਿਰ ਨਹੀਂ ਸਕਦੇ। ਸਾਰਾ ਦਿਨ ਘਰ ਦੇ ਇੱਕ ਛੋਟੇ ਜਿਹੇ ਕਮਰੇ ਵਿੱਚ ਗਰਮੀ- ਸਰਦੀ ਸਹਿੰਦੇ ਹੋਏ ਅਖ਼ਬਾਰ ਪੜ੍ਹਦੇ ਰੇਡੀਓ ਸੁਣਦੇ ਤੇ ਸਵੇਰੇ- ਸ਼ਾਮੀਂ ਪਾਠ ਕਰਕੇ ਸਮਾਂ ਲੰਘਾਉਂਦੇ ਹਨ। ਬਾਬਾ ਗੁਰਦਿਆਲ ਸਿੰਘ ਨੇ ਕਿਹਾ ਕਿ ਅੱਜ ਤੱਕ ਸਿਰਫ਼ ਸੰਗਰੂਰ ਦੇ ਡੀ. ਸੀ. ਸਾਬ੍ਹ ਨੇ ਇੱਕ ਵਾਰ ਮੇਰੇ ਘਰ ਆ ਕੇ ਮੇਰੇ ਕੋਲ ਬੈਠ ਕੇ ਗੱਲਬਾਤ ਕੀਤੀ। ਕੋਈ ਅਫ਼ਸਰ ਜਾਂ ਨੇਤਾ ਅੱਜ ਤੱਕ ਮੇਰਾ ਹਾਲ- ਚਾਲ ਪੁੱਛਣ ਨਹੀਂ ਆਇਆ।
ਅਫ਼ਸੋਸ ਸਾਡੀਆਂ ਸਰਕਾਰਾਂ ਦੇਸ਼ ਭਗਤਾਂ ਨਾਲ ਇਹੋ ਜਿਹਾ ਘਟੀਆ ਵਤੀਰਾ ਕਰਕੇ ਜ਼ਲੀਲ ਕਰ ਰਹੀਆਂ ਹਨ। ਸਗੋਂ ਸਰਕਾਰਾਂ ਨੂੰ ਚਾਹੀਦਾ ਹੈ ਕਿ ਕੌਮ ਦੇ ਹੀਰਿਆਂ ਨੂੰ ਸਾਂਭੇ ਤੇ ਉਨ੍ਹਾਂ ਨੂੰ ਬਣਦਾ ਮਾਣ- ਸਤਿਕਾਰ ਦਿੱਤਾ ਜਾਵੇ।


