Skip to content
Independent perspectives. Global stories.
BREAKING

ਵਿਅੰਗਕਾਰੀ ਦਾ ਇੱਕ ਹੋਰ ਸਾਰਥਿਕ ਉਪਰਾਲਾ

Share this story

ਕਿਤਾਬ ਦੇ ਲੇਖਕ ਐਮ.ਕੇ ਰਾਹੀ
ਹਾਸ ਅਤੇ ਵਿਅੰਗ ਪੰਜਾਬੀ ਸੁਭਾਅ ਅਤੇ ਪੰਜਾਬੀ ਸਾਹਿਤ ਦੋਵਾਂ ਦਾ ਇੱਕ ਮਹੱਤਵਪੂਰਨ ਅੰਗ ਹੈ। ਪੰਜਾਬੀ ਸੁਭਾਅ ਨੂੰ ਇਹ ਇਥੋਂ ਦੀ ਭੂਗੋਲਿਕ ਅਤੇ ਇਤਿਹਾਸਕ ਪ੍ਰਸਥਿਤੀਆਂ ਤੋਂ ਪਰਾਪਤ ਹੋਇਆ ਅਤੇ ਪੰਜਾਬੀ ਲੋਕ ਚੇਤਨਾ ਦੇ ਨੇੜੇ ਹੋਣ ਕਾਰਨ ਇਥੋਂ ਦੇ ਸਾਹਿਤ ਵਿੱਚ ਵੀ ਇਸ ਪ੍ਰਕਿਰਤੀ ਦਾ ਸ਼ਾਮਲ ਹੋਣਾ ਲਾਜ਼ਮੀ ਸੀ। ਹਮੇਸ਼ਾ ਸਰਹੱਦੀ ਸੂਬਾ ਰਹਿਣ ਕਰਕੇ, ਬਾਹਰੀ ਹਮਲਿਆਂ ਦੀ ਲਗਾਤਾਰਤਾ ਕਾਰਨ ਅਤੇ ਨਿਰੰਤਰ ਯੁੱਧ ਦੇ ਮਾਹੌਲ ਵਿਚ ਜਿਉਣ ਕਾਰਨ ਪੰਜਾਬੀ ਲੋਕਾਂ ਦਾ ਸੁਭਾਅ ਬੇਪ੍ਰਵਾਹ, ਤਲਖ਼ ਪ੍ਰਸਥਿਤੀਆਂ ਵਿੱਚ ਵੀ ਹੱਸਣ ਖੇਡਣ ਵਾਲਾ ਅਤੇ ਮੂੰਹ ਉਤੇ ਸਚਾਈ ਕਹਿਣ ਦੀ ਜੁਰਅਤ ਰੱਖਣ ਵਾਲਾ ਬਣ ਗਿਆ। ਪੰਜਾਬੀ ਲੋਕ ਇੱਕੋਂ ਸਮੇਂ ਦੂਜੇ ਉਪਰ ਅਤੇ ਆਪਣੇ ਆਪ ਉਪਰ ਹੱਸਣ ਦਾ ਜੇਰਾ ਰੱਖਦੇ ਹਨ। ਦੂਜਿਆਂ ਦੀਆਂ ਗਲਤੀਆਂ ਉਪਰ ਕਟਾਖਸ਼ਮਈ ਉਂਗਲ ਰੱਖਣ ਦਾ ਇਨ੍ਹਾਂ ਨੂੰ ਵਧੀਆ ਵੱਲ ਆਉਂਦਾ ਹੈ। ਸਿੱਟੇ ਵਜੋਂ ਜਿੱਥੇ ਪੰਜਾਬੀਆਂ ਦੀ ਵਿਹਾਰਕ ਭਾਸ਼ਾ ਵਿਚਲੇ ਮੁਹਾਵਰੇ ਅਖਾਣ ਅਤੇ ਕਟਾਖਸ਼ਮਈ ਸ਼ਬਦ ਇਨ੍ਹਾਂ ਦੀ ਸੁਭਾਵਿਕ ਪ੍ਰਕਿਰਤੀ ਵਿਚੋਂ ਉਪਜੇ ਹਨ ਜੋ ਸਥਿਤੀ ਜਾਂ ਵਿਅਕਤੀ ਨੂੰ ਵਿਅੰਗਮਈ ਅੰਦਾਜ਼ ਨਾਲ ਪੇਸ਼ ਕਰਦਿਆਂ ਉਸ ਵਿੱਚ ਲੋੜੀਂਦਾ ਸੁਧਾਰ ਲਿਆਉਣ ਦਾ ਸੰਦੇਸ਼ ਦਿੰਦੇ ਹਨ। ਉਥੇ ਪੰਜਾਬੀ ਸਾਹਿਤ ਹਾਸ ਵਿਅੰਗ ਨੂੰ ਇਕ ਪ੍ਰਮੁੱਖ ਵਿਧੀ ਵਜੋਂ ਅਪਣਾਉਂਦਾ ਹੈ। ਸਿੱਠਣੀਆਂ, ਟੋਟਕੇ, ਨਕਲਾਂ ਆਦਿ ਸਾਡੇ ਲੋਕ ਸਾਹਿਤ ਦਾ ਅਮੀਰ ਹਿੱਸਾ ਹਨ। ਮਿਰਾਸੀ, ਭੰਡ ਸਾਡੇ ਲੋਕ ਸੱਭਿਆਚਾਰ ਦੇ ਹਸਾਉਣੇ ਪਾਤਰ ਹਨ। ਗੁਰਮਤਿ, ਸੂਫੀ ਕਾਵਿ, ਕਿੱਸਾ ਕਾਵਿ ਆਦਿ ਮੱਧਕਾਲੀ ਕਾਵਿ ਹਾਸਰਸੀ ਪ੍ਰਸੰਗਾਂ ਨਾਲ ਭਰਪੂਰ ਹਨ। ਆਧੁਨਿਕ ਯੁੱਗ ਵਿੱਚ ਜਿੱਥੇ ਹਾਸ ਵਿਅੰਗ ਇੱਕ ਸਸ਼ਕਤ ਜੁਗਤ ਵਜੋਂ ਸਾਹਿਤ ਦੇ ਵੱਖ ਵੱਖ ਰੂਪਾਂ ਅੰਦਰ ਕਾਰਜਸ਼ੀਲ ਰਹਿੰਦਾ ਹੈ ਉਥੇ ਹਾਸ ਵਿਅੰਗ ਇਕ ਵੱਖਰੇ ਵਾਰਤਕ ਸਾਹਿਤ ਰੂਪ ਵਜੋਂ ਹੋਂਦ ਗ੍ਰਹਿਣ ਕਰਦਾ ਅਤੇ ਲੋਕ ਮਨਾਂ ਵਿੱਚ ਆਪਣਾ ਸਥਾਨ ਬਣਾਉਂਦਾ ਹੈ। ਇਸ ਸਾਹਿਤ ਰੂਪ ਨੂੰ ਇਕ ਵਧੀਆ ਸਾਹਿਤ ਰੂਪ ਵਜੋਂ ਸਥਾਪਿਤ ਕਰਨ ਵਿੱਚ ਯਤਨਸ਼ੀਲ ਅਨੇਕਾਂ

ਸਮਰਥ ਲੇਖਕਾਂ ਦੇ ਕਾਫਲੇ ਵਿੱਚ ਐਮ.ਕੇ. ਰਾਹੀਂ ਇਕ ਮਹੱਤਵਪੂਰਨ ਨਾਮ ਹੈ। ਉਹ ਪਿਛਲੇ ਤਿੰਨ ਦਹਾਕਿਆਂ ਤੋਂ ਇਸ ਵਿਧਾ ਨੂੰ ਸਮਰਪਿਤ ਹੈ ਅਤੇ ਇਸ ਨੂੰ ਪੱਕੇ ਪੈਰੀਂ ਕਰਨ ਲਈ ਯਤਨਸ਼ੀਲ ਹੈ।
ਐਮ.ਕੇ. ਰਾਹੀ ਨੇ ਹਾਸ ਵਿਅੰਗ ਲੇਖਕ ਵਜੋਂ ਆਗਾਜ਼ ਆਪਣੇ ਪਹਿਲੇ ਹਾਸ ਵਿਅੰਗ ਸੰਗ੍ਰਹਿ ਤੱਤੀਆਂ ਠੰਡੀਆਂ ਨਾਲ 1986 ਵਿੱਚ ਕੀਤਾ। ਉਹ ਇਸ ਖੇਤਰ ਵਿੱਚ ਆਪਣਾ ਪ੍ਰੇਰਣਾ ਸਰੋਤ ਕੇ.ਐਲ.ਗਰਗ, ਪਿਆਰਾ ਸਿੰਘ ਦਾਤਾ ਆਦਿ ਮਹਾਨ ਵਿਅੰਗਕਾਰਾਂ ਨੂੰ ਮੰਨਦਾ ਹੈ। ਉਸ ਨੇ ਵਿਅੰਗਕਾਰੀ ਵਿਚ ਨਿਰੰਤਰ ਗਤੀਸ਼ੀਲ ਰਹਿੰਦੀਆਂ ‘ਸੌਰੀ ਰੌਂਗ ਨੰਬਰ’, ‘ਅੱਜ ਦੀ ਤਾਜ਼ਾ ਖਬਰ’, ‘ਇੱਕ ਅਜੂਬਾ ਹੋਰ’, ‘ਤਾਏ ਨਿਹਾਲੇ ਦਾ ਜਨ ਸੰਪਰਕ’ ਅਤੇ ‘ਚੋਰਾਂ ’ਚ ਘਿਰਿਆ ਅਲੀ ਬਾਬਾ’ ਹਾਸ ਵਿਅੰਗ ਸੰਗ੍ਰਹਿ ਪੰਜਾਬੀ ਪਾਠਕਾਂ ਦੇ  ਰੂਬਰੂ ਕੀਤੇ ਹਨ। ਭਾਵੇਂ ਉਹ ਹਾਸ ਵਿਅੰਗ ਵਿਧਾ ਨੂੰ ਸਮਰਪਿਤ ਹੈ, ਪਰੰਤੂ ਉਸ ਨੇ ਸਾਹਿਤ ਦੇ ਕੁਝ ਦੂਜੇ ਰੂਪਾਂ ਉਪਰ ਵੀ ਕਲਮ ਅਜ਼ਮਾਈ ਕੀਤੀ ਹੈ। ਬਦਲਦੇ ਮੌਸਮ ਦੇ ਰੰਗ ਉਸ ਦਾ ਕਹਾਣੀ ਸੰਗ੍ਰਹਿ ਹੈ, ਜੋ ਉਸ ਨੂੰ ਇਕ ਸਮਰੱਥ ਕਹਾਣੀਕਾਰ ਵਜੋਂ ਪ੍ਰਸਤੁਤ ਕਰਦਾ ਹੈ। ਉਸ ਨੇ ਆਪਣੀ ਸਵੈ ਜੀਵਨੀ ਵੀ ਲਿਖੀ ਹੈ, ਜੋ ਹਾਲੇ ਅਣਪ੍ਰਕਾਸ਼ਿਤ ਰੂਪ ਵਿੱਚ ਹੈ। ਵਿਅੰਗਕਾਰੀ ਦੀ ਨਿਰੰਤਰਤਾ ਨੂੰ ਕਾਇਮ ਰੱਖਦਿਆਂ ਉਹ ਆਪਣਾ ਨਵਾਂ ਹਾਸ ਵਿਅੰਗ ਸੰਗ੍ਰਹਿ ਕੀ ਬਣੂੰ ਇੰਡੀਆ ਦਾ? ਲੈ ਕੇ ਹਾਜ਼ਰ ਹੈ।
ਹਥਲੇ ਹਾਸ ਵਿਅੰਗ ਸੰਗ੍ਰਹਿ ਵਿੱਚ ਉਸ ਦੀ ਵਿਅੰਗਕਾਰੀ ਦੀ ਵਿਸ਼ਾਗਤ ਅਤੇ ਕਲਾਗਤ ਪੱਖ ਤੋਂ ਨਿਰੰਤਰਤਾ ਵੀ ਸਾਹਮਣੇ ਆਉਂਦੀ ਹੈ ਪਰ ਨਾਲ ਹੀ ਕੁਝ ਪੱਖਾਂ ਤੋਂ ਵਿਲੱਖਣਤਾਵਾਂ ਵੀ ਦ੍ਰਿਸ਼ਟਮਾਨ ਹੁੰਦੀ ਹੈ। ਉਸ ਦੀਆਂ ਦੂਜੀਆਂ ਵਿਅੰਗ ਪੁਸਤਕਾਂ ਵਾਂਗ ਇਸ ਸੰਗ੍ਰਹਿ ਵਿੱਚਲੇ ਵਿਅੰਗ ਨਿਬੰਧਾਂ ਵਿੱਚ ਵੀ ਰਾਜਨੀਤਿਕ ਖੇਤਰ ਦੀਆਂ ਘਟਨਾਵਾਂ ਅਤੇ ਵਿਅਕਤੀਆਂ ਨੂੰ ਵਿਅੰਗ ਦਾ ਵਿਸ਼ਾ ਵਸਤੂ ਬਣਾਇਆ ਗਿਆ ਹੈ। ਉਸ ਦੁਆਰਾ ਪੁਸਤਕ ਦੇ ਲਿਖੇ ਗਏ ਸਮਰਪਣ ਤੋਂ ਉਸ ਦੇ ਵਿਅੰਗ ਖੇਤਰ ਦਾ ਪ੍ਰਮੁੱਖ ਸਰੋਕਾਰ ਰਾਜਨੀਤਿਕ ਖੇਤਰ ਨਾਲ ਜਾ ਜੁੜਦਾ ਹੈ। ‘ਕੀ ਬਣੂ ਇੰਡੀਆ ਦਾ? ’, ‘ਸਰਕਾਰੀ ਬਨਾਮ ਗੈਰ ਸਰਕਾਰੀ ਅੱਤਵਾਦ’, ‘ਰਾਜਨੀਤਿਕ ਜੇਬ ਕਤਰੇ’, ‘ਫਸਲੀ ਬਟੇਰੇ’, ‘ਖਜ਼ਾਨਾ ਖਾਲੀ ਕਿ ਖਜ਼ਾਨਾ ਭਰਿਆ’ ਵਰਗੇ ਨਿਬੰਧ ਸਮਕਾਲੀ ਸਿਆਸਤ ਦੇ ਵੱਖ ਵੱਖ ਪਰਦੇ ਖੋਲ੍ਹ ਕੇ ਇਸ ਵਿਚਲਾ ਖੋਖਲਾਪਣ, ਫਰੇਬ, ਸਵਾਰਥ ਉਜਾਗਰ ਕਰਨ ਦੇ ਆਹਰ ਵਿੱਚ ਹਨ। ਰਾਜਨੀਤੀ ਖੇਤਰ ਦੀ ਵਿਅੰਗਾਤਮਕ ਆਲੋਚਨਾ ਕਰਦਿਆਂ ਉਹ ਸਾਰੀਆਂ ਸਰਗਰਮੀਆਂ ਰਾਜਨੀਤਿਕ ਧਿਰਾਂ ਨੂੰ ਵਿਅੰਗ ਦੇ ਘੇਰੇ ਵਿੱਚ ਲਿਆਉਂਦਾ ਹੈ ਅਤੇ ਸਭ ਨੂੰ ਇਕੋ ਥੈਲੀ ਦੇ ਚੱਟੇ ਵੱਟੇ ਸਿੱਧ ਕਰ ਦਿੰਦਾ ਹੈ। ਦੂਜੀਆਂ ਪੁਸਤਕਾਂ ਵਗਾਂ ਇਸ ਵਿੱਚ ਵੀ ਉਸ ਨੇ ਦੂਜਿਆਂ ਸਮਾਜਿਕ ਸੰਸਥਾਵਾਂ ਜਿਵੇਂ ਸਾਹਿਤਕਾਰ, ਡਾਕਟਰ, ਵਕੀਲ, ਅਫਸਰਸ਼ਾਹੀ, ਅਦਾਲਤਾਂ, ਦਫਤਰੀ ਪ੍ਰਬੰਧ ਆਦਿ ਨੂੰ ਆਪਣੇ ਵਿਅੰਗ ਵਿਸ਼ੇ ਦੇ ਘੇਰੇ ਅਧੀਨ ਲਿਆਂਦਾ ਹੈ। ਉਸ ਨੇ ਇਨ੍ਹਾਂ ਖੇਤਰਾਂ ਵਿੱਚ ਫੈਲੇ ਭ੍ਰਿਸ਼ਟਾਚਾਰ, ਲੁੱਟ ਘਸੁਟ ਅਤੇ ਠੱਗੀ ਦੇ ਤੰਤਰ ਨੂੰ ਪਾਠਕਾਂ ਦੇ ਸਨਮੁਕ ਲਿਆਉਣ ਵਿਚ ਸਫਲਤਾ ਪ੍ਰਾਪਤ ਕੀਤੀ ਹੈ। ਇਸ ਸੰਗ੍ਰਹਿ ਦੀ ਇਕ ਵਿਲੱਖਣਤਾ ਇਹ ਹੈ ਕਿ ਐਮ.ਕੇ. ਰਾਹੀਂ ਨੇ ਕੁਝ ਨਿਬੰਧ ਆਪਣੇ ਪ੍ਰਚਲਤ ਵਿਸ਼ਿਆਂ ਤੋਂ ਹਟਵੇਂ ਵਿਸ਼ਿਆਂ ਵਾਲੇ ਵੀ ਸਿਰਜੇ ਹਨ। ਇਹ ਨਿਬੰਧ ਉਸ ਦੀ ਸ਼ਖਸੀਅਤ ਦੇ ਕੁਝ ਲੁਕਵੇਂ ਪੱਖ ਉਜਾਗਰ ਕਰਦੇ ਹਨ। ਅਜਿਹੇ ਵਿਅੰਗਾਂ ਵਿਚੋਂ ‘ਮੈਂ ਵਿਅੰਗ ਕਿਵੇਂ ਲਿਖਦਾ ਹਾਂ’ ਅਤੇ ‘ਬਾਜ਼ ਆਏ ਅਸੀਂ ਪੁਸਤਕ ਛਪਵਾਉਣ ਤੋਂ’ ਜ਼ਿਕਰ ਯੋਗ ਹਨ। ਪਹਿਲੇ ਨਿਬੰਧ ਵਿੱਚ ਉਸ ਨੇ ਆਪਣੀ ਸਿਰਜਣ ਪ੍ਰਕਿਰਿਆ ਨਾਲ ਵਿਸਥਾਰਪੂਰਵਕ ਜਾਣ ਪਛਾਣ ਕਰਵਾਈ ਅਤੇ ਦੂਜੀ ਨਿਬੰਧ ਵਿੱਚ ਕਿਤਾਬ ਛਪਨਾਉਣ ਦੀ ਇੱਛਾ ਅਤੇ ਛਾਪਣ ਖੇਤਰ ਦੀ ਸਮੱਸਿਆਵਾਂ ਦੇ ਤਣਾਓ ਵਿਚੋਂ ਉਪਜੇ ਮਨੋਭਾਵਾਂ ਨੂੰ ਬਿਆਨ ਕੀਤਾ ਹੈ ਜਿਸ ਅਧੀਨ ਲੇਖਕ ਨੂੰ ਬਾਜ਼ ਆਏ ਅਸੀਂ ਪੁਸਤਕ ਛਪਵਾਉਣ ਤੋਂ ਕਹਿਣ ਦੇ ਨਾਲ ਨਾਲ ‘ਚੜ੍ਹ ਜਾਂ ਬੱਚਾ ਸੂਲੀ’ ਦੇ ਸਿਧਾਂਤ ਉਪਰ ਚਲਦਿਆਂ ‘ਘਰ ਫੂਕ ਤਮਾਸ਼ਾ ਦੇਖ’ ਦੇ ਰਸਤੇ ’ਤੇ ਵੀ ਤੁਰਨਾ ਪੈਂਦਾ ਹੈ।
ਇਸ ਪੁਸਤਕ ਦੀ ਕਲਾਤਮਿਕ ਪੱਖ ਤੋਂ ਵੀ ਵਿਲੱਖਣਤਾ ਹੈ। ਭਾਵੇਂ ਪਤੀ ਪਤਨੀ ਦੀ ਨੋਕ ਝੋਕ ਉਸਦੀ ਪ੍ਰਮੁੱਖ ਕਲਾ ਜੁਗਤ ਵਜੋਂ ਇਸ ਪੁਸਤਕ ਦੀ ਵੀ ਪ੍ਰਮੁੱਖ ਕਲਾ ਜੁਗਤ ਸਥਾਪਿਤ ਹੁੰਦੀ ਹੈ। ਪਰੰਤੂ ਇਸ ਪੁਸਤਕ ਵਿੱਚ ਕੁਝ ਨਵੀਆਂ ਕਲਾਤਮਿਕ ਜੁਗਤਾਂ ਵੀ ਵੇਖਣ ਨੂੰ ਮਿਲਦੀਆਂ ਹਨ। ਕੁਝ ਨਿਬੰਧਾਂ ਵਿੱਚ ਉਸ ਨੇ ਵੱਖ ਵੱਖ ਸਥਿਤੀਆਂ ਜਾਂ ਮਾਹੌਲ ਨੂੰ ਉਸਾਰਨ ਲਈ ਬਿਰਤਾਂਤਕ, ਵਿਸ਼ਲੇਸ਼ਣੀ ਅਤੇ ਵਿਆਕਿਆ ਜੁਗਤਾਂ ਵੀ ਵਰਤੀਆਂ ਹਨ। ਉਸ ਨੇ ਲੋਕ ਟੋਟਕਿਆਂ  ਦੇ ਸੱਭਿਆਚਾਰਕ ਵਿਰਸੇ ਦਾ ਕਈ ਥਾਵਾਂ ’ਤੇ ਸਦਉਪਯੋਗ ਵੀ ਕੀਤਾ ਹੈ। ਉਸ ਦੀ ਪ੍ਰਮੁੱਖ ਵਿਲੱਖਣਤਾ ਉਸ ਦੁਆਰਾ ਸਿਰਜਿਤ ਲਘੂ ਨਿਬੰਧਾਂ ਵਿੱਚ ਨਿਹਿਤ ਹੈ, ਜੋ ਆਪਣੀ ਸੰਖੇਪਤਾ, ਬਿਰਤਾਂਤਕਤਾ ਅਤੇ ਸਸ਼ਕਤ ਵਿਅੰਗ ਪੰਚ ਹੋਣ ਕਾਰਨ ਉਸ ਦੀਆਂ ਵੱਡੀਆਂ ਤੋਪਾਂ ਨਾਲੋਂ ਕਿਤੇ ਵਧੇਰੇ ਮਾਰ ਕਰਨ ਵਾਲੇ ਬੰਬ ਸਾਬਿਤ ਹੁੰਦੇ ਹਨ।
ਇਸ ਤਰ੍ਹਾਂ ਇਹ ਵਿਅੰਗ ਪੁਸਤਕ ਉਸ ਦੀ ਵਿਅੰਗ ਸਿਰਜਣਾ ਦੀ ਨਿਰੰਤਰਤਾ ਵਿਚ ਰਹਿੰਦਿਆਂ ਅਨੇਕ ਪੱਖਾਂ ਤੋਂ ਵਿਲੱਖਣਤਾ ਵੀ ਸਥਾਪਿਤ ਕਰਦੀ ਹੈ। ਹਾਸ ਵਿਅੰਗ ਸਾਹਿਤ ਵਿੱਚ ਇਹ ਪੁਸਤਕ ਇਕ ਮੁੱਲਵਾਨ ਵਾਧਾ ਕਰਦੀ ਹੈ।
ਝ ਪ੍ਰੋ. ਜਸਪਾਲ ਘਈ
ਮੁੱਖੀ, ਪੰਜਾਬੀ ਵਿਭਾਗ,
ਆਰ.ਐਸ.ਡੀ. ਕਾਲਜ
ਫਿਰੋਜ਼ਪੁਰ 

WRITTEN BY