ਗੰਗਟੋਕ, 25 ਸਤੰਬਰ (ਪੀ. ਟੀ.)- ਸਰਹੱਦ ’ਤੇ ਚੀਨੀ ਫੌਜ ਦੀਆਂ ਨਾਪਾਕ ਹਰਕਤਾਂ ਵੱਧਦੀਆਂ ਜਾ ਰਹੀਆਂ ਹਨ। ਅਰੁਣਾਚਲ ਪ੍ਰਦੇਸ਼ ਤੇ ਜੰਮੂ-ਕਸ਼ਮੀਰ ਦੇ ਲੱਦਾਖ ਸਰਹੱਦੀ ਖੇਤਰ ਤੋਂ ਬਾਅਦ ਹੁਣ ਡ੍ਰੈਗਨ ਨੇ ਸਿੱਕਿਮ ਨਾਲ ਲੱਗਦੀ ਸਰਹੱਦ ’ਤੇ ਘੁਸਪੈਠ ਦੀ ਕੋਸ਼ਿਸ ਕੀਤੀ ਹੈ, ਹਾਲਾਂਕਿ ਭਾਰਤੀ ਫੌਜ ਦੇ ਸਖ਼ਤ ਵਿਰੋਧ ਕਾਰਨ ਉਨ੍ਹਾਂ ਦਾ ਇਰਾਦਾ ਨਾਕਾਮ ਹੋ ਗਿਆ। ਰਿਪੋਰਟ ਅਨੁਸਾਰ ਗੰਗਟੋਕ ਤੋਂ ਮਹਿਜ਼ 56 ਕਿਲੋਮੀਟਰ ਦੂਰ 14,400 ਫੁੱਟ ਦੀ ਉੱਚਾਈ ‘ਤੇ ਸਥਿਤ ਨਾਥੁਲਾ ਵਿਚ ਭਾਰਤ-ਚੀਨ ਸਰਹੱਦ ‘ਤੇ ਮੰਗਲਵਾਰ ਨੂੰ ਚੀਨ ਦੀ ਪੀਪਲਜ਼ ਲਿਬਰੇਸ਼ਨ ਆਰਮੀ ਦੇ ਜਵਾਨਾਂ ਨਾਲ ਭਾਰਤੀ ਫੌਜ ਦੇ ਜਵਾਨਾਂ ਦੀ ਹੱਥੋਪਾਈ ਦੀ ਖ਼ਬਰ ਹੈ। ਜਾਣਕਾਰੀ ਅਨੁਸਾਰ ਗਸ਼ਤ ਦੌਰਾਨ ਦੋਵਾਂ ਦੇਸ਼ਾਂ ਦੀਆਂ ਫੌਜਾਂ ਆਹਮੋ-ਸਾਹਮਣੇ ਆ ਗਈਆਂ। ਸਰਹੱਦ ‘ਤੇ ਰੇਖਾ ਨਿਰਧਾਰਿਤ ਕਰਨ ਲਈ ਵਿਛਾਈ ਗਈ ਵਾੜ ਦੇ ਦੂਜੇ ਪਾਸੇ ਮੌਜੂਦ ਚੀਨੀ ਫੌਜੀਆਂ ਨੇ ਹਮਲਾਵਰ ਤੇਵਰ ਦਿਖਾਉਂਦਿਆਂ ਭਾਰਤੀ ਸਰਹੱਦ ਵਿਚ ਘੁਸਪੈਠ
ਦੀ ਕੋਸ਼ਿਸ ਵੀ ਕੀਤੀ ਪਰ ਭਾਰਤੀ ਫੌਜ ਦੇ ਜਵਾਨਾਂ ਨੇ ਮੂੰਹ ਤੋੜਵਾਂ ਜਵਾਬ ਦਿੰਦਿਆਂ ਇਸ ਨੂੰ ਨਾਕਾਮ ਕਰ ਦਿੱਤਾ।



