17 ਹੋਰ ਫੂਡ ਪਾਰਕ ਸਥਾਪਿਤ ਕੀਤੇ ਜਾਣਗੇ : ਹਰਸਿਮਰਤ ਕੌਰ ਬਾਦਲ
ਪਰਨੀਤ ਬਰਾੜ- ਕਾਰਜਕਾਰੀ ਸੰਪਾਦਕ ਜਲੰਧਰ/ਤੁਮਕਰ(ਕਰਨਾਟਕ), 24 ਸਤੰਬਰ- ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵਲੋਂ ਨੇ ਅੱਜ ਕਿਹਾ ਹੈ ਕਿ ਕੇਂਦਰ ਸਰਕਾਰ ਵਲੋਂ ਫਸਲੀ ਉਤਪਾਦਨ ਦੀ ਪ੍ਰੋਸੈਸਿੰਗ ਜ਼ਰੀਏ ਮੁੱਲ ਵਾਧੇ ਤੇ ਬੁਨਿਆਦੀ ਢਾਂਚੇ ਦੇ ਨਾਲ-ਨਾਲ ਪੇਂਡੂ ਸੜਕੀ ਸੰਪਰਕ, ਸਟੋਰਜ਼ ਸਮਰੱਥਾ ਆਦਿ ਵਿਚ ਵਾਧਾ ਕਰਕੇ ਖੇਤੀ ਅਰਥ ਵਿਵਸਥਾ ਨੂੰ ਹੁਲਾਰਾ ਦਿੱਤਾ ਜਾਵੇਗਾ। ਉਹ ਅੱਜ ਕਰਨਾਟਕ ਦੇ ਤੁਮਕੁਰ ਵਿਖੇ ਇੰਡੀਆ ਫੂਡ ਪਾਰਕ ਦਾ ਉਦਘਾਟਨ ਕਰ ਰਹੇ ਸਨ। ਇਸ ਪ੍ਰਾਜੈਕਟ ਬਾਰੇ ਬੋਲਦਿਆਂ ਸ਼੍ਰੀ ਮੋਦੀ ਨੇ ਕਿਹਾ ਕਿ ਕੇਂਦਰ ਸਰਕਾਰ ਵੈਲਿਯੂ ਐਡੀਸ਼ਨ ਰਾਹੀਂ ਕਿਸਾਨਾਂ ਨੂੰ ਫਸਲਾਂ ਦੇ ਹੋਰ ਵਿੱਤੀ ਲਾਭ ਦੇਣ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਮੂਲ ਮੰਤਰ ਹੈ ਕਿ ਅੰਨ ਭਗਵਾਨ ਹੈ ਤੇ ਸਾਰੇ ਦੇਸ਼ ਨੂੰ ਭੋਜਨ
ਮੁਹੱਈਆ ਕਰਵਾਉਣ ਵਾਲੇ ਕਿਸਾਨ ਨੂੰ ਖੁਦ ਵੀ ਉਸਦੀ ਫਸਲ ਦਾ ਚੰਗਾ ਮੁੱਲ ਮਿਲਣਾ ਚਾਹੀਦਾ ਹੈ। ਉਨ੍ਹਾਂ ਨਾਲ ਹੀ ਕਿਹਾ ਕਿ ਜੇਕਰ ਦੇਸ਼ ਨੇ ਤਰੱਕੀ ਕਰਨੀ ਹੈ ਤਾਂ ਕੇਂਦਰ ਤੇ ਰਾਜਾਂ ਨੂੰ ਮਿਲਕੇ ਕੰਮ ਕਰਨਾ ਹੋਵੇਗਾ ਤੇ ਜੇਕਰ ਸੂਬੇ ਤਾਕਤਵਰ ਹੋਣਗੇ ਤਾਂ ਹੀ ਦੇਸ਼ ਸ਼ਕਤੀਸ਼ਾਲੀ ਹੋਵੇਗਾ। ਸ੍ਰੀ ਮੋਦੀ ਨੇ ਕਿਹਾ ਕਿ ਉਹ ਦੇਸ਼ ਦੇ ਵਿਕਾਸ ਲਈ ਸੰਘੀ ਢਾਂਚੇ ਦੇ ਸਰੂਪ ਦੀ ਪਾਲਣਾ ਕਰਨਗੇ। ਇਸ ਮੌਕੇ ਕਰਨਾਟਕ ਦੇ ਰਾਜਪਾਲ ਵਜੂਭਾਈ ਵੱਲਾ, ਮੁੱਖ ਮੰਤਰੀ ਸਿੱਧਾ ਰਮਈਆ, ਕੇਂਦਰੀ ਮੰਤਰੀ ਅਨੰਤ ਕੁਮਾਰ, ਸਦਾਨੰਦ ਗੌੜਾ ਤੇ ਸ੍ਰੀਮਤੀ ਹਰਸਿਮਰਤ ਕੌਰ ਬਾਦਲ ਵੀ ਹਾਜ਼ਰ ਸਨ। ਇਸ ਮੌਕੇ ਸੰਬੋਧਨ ਕਰਦਿਆਂ ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਸ੍ਰੀਮਤੀ ਹਰਸਿਮਰਤ ਕੌਰ ਬਾਦਲ ਨੇ ਦੱਸਿਆ ਕਿ ਦੇਸ਼ ਅੰਦਰ 5 ਵੱਡੇ ਫੂਡ ਪਾਰਕਾਂ ਨੂੰ ਪ੍ਰਵਾਨਗੀ ਦੇ ਦਿੱਤੀ ਗਈ ਹੈ ਅਤੇ 17 ਹੋਰ ਮੈਗਾ ਫੂਡ ਪਾਰਕਾਂ ਨੂੰ ਪ੍ਰਵਾਨਗੀ ਦੇਣ ਸਬੰਧੀ ਕਾਰਵਾਈ ਚੱਲ ਰਹੀ ਹੈ। ਉਨ੍ਹਾਂ ਕਿਹਾ ਕਿ ਫੂਡ ਪ੍ਰੋਸੈਸਿੰਗ ਨਾਲ ਸਿਰਫ ਕਿਸਾਨਾਂ ਦੀ ਆਮਦਨ ਹੀ ਨਹੀਂ ਵਧੇਗੀ ਬਲਕਿ ਖੇਤੀ ਉਤਪਾਦਾਂ ਨੂੰ ਨਸ਼ਟ ਹੋਣ ਤੋਂ ਵੀ ਬਚਾਇਆ ਜਾ ਸਕੇਗਾ। ਦੁੱਧ, ਫਲ ਤੇ ਸਬਜ਼ੀਆਂ ਦੇ ਉਤਪਾਦਨ ’ਚ ਭਾਰਤ ਦੁਨੀਆ ਦਾ ਦੂਸਰਾ ਸੱਭ ਤੋਂ ਵੱਡਾ ਦੇਸ਼ ਹੋਣ ਬਾਰੇ ਚਰਚਾ ਕਰਦਿਆਂ ਸ੍ਰੀਮਤੀ ਬਾਦਲ ਨੇ ਕੇਂਦਰ ਸਰਕਾਰ ਵੱਲੋਂ ਫੂਡ ਪ੍ਰੋਸੈਸਿੰਗ ਦੇ ਖੇਤਰ ਦੇ ਵਿਕਾਸ ਲਈ ਪੁੱਟੇ ਗਏ ਕਦਮਾਂ ’ਤੇ ਵੀ ਚਾਨਣ ਪਾਇਆ। ਇੰਡੀਆ ਫੂਡ ਪਾਰਕ ਬਾਰੇ ਚਰਚਾ ਕਰਦਿਆਂ ਸ੍ਰੀਮਤੀ ਬਾਦਲ ਨੇ ਕਿਹਾ ਕਿ ਇਹ ਪ੍ਰੋਜੈਕਟ ਕੇਂਦਰ, ਰਾਜ ਸਰਕਾਰ ਅਤੇ ਨਿੱਜੀ ਖੇਤਰ ਦੀ ਭਾਈਵਾਲੀ ਦਾ ਸੁਮੇਲ ਹੈ। ਉਨ੍ਹਾਂ ਜੋਰ ਦਿੰਦਿਆਂ ਕਿਹਾ ਕਿ ਕੇਂਦਰ ਸਰਕਾਰ ਖੇਤੀਬਾੜੀ ਅਤੇ ਫੂਡ ਪ੍ਰੋਸੈਸਿੰਗ ਖੇਤਰ ਦੀਆਂ ਲੋੜਾਂ ਅਨੁਸਾਰ ਮੁਢਲਾ ਢਾਂਚਾ ਤੇ ਹੋਰ ਸੇਵਾਵਾਂ ਦਾ ਸਰਕਾਰੀ-ਨਿੱਜੀ ਭਾਈਵਾਲੀ ਰਾਹੀਂ ਵਿਕਾਸ ਕਰਨ ’ਤੇ ਜੋਰ ਦੇ ਰਹੀ ਹੈ। ਕਰਨਾਟਕ ’ਚ ਤੁਮਕੁਰ ਵਿਖੇ ਇੰਡੀਆ ਫੂਡ ਪਾਰਕ ਜਿਸ ਦਾ ਕਿ ਅੱਜ ਉਦਘਾਟਨ ਕੀਤਾ ਗਿਆ ਕੁਲ 110 ਏਕੜ ਖੇਤਰ ’ਚ ਫੈਲਿਆ ਹੋਇਆ ਹੈ। ਇਸ ਪਾਰਕ ’ਚ ਸਰਵੋਤਮ ਮੁਢਲੇ ਢਾਂਚੇ ਅਤੇ ਤਕਨੀਕ ਦੀ ਵਰਤੋਂ ਕਰਦਿਆਂ ਖੇਤ ਤੋਂ ਪਲੇਟ ਤੱਕ ਦੀ ਪ੍ਰਕ੍ਰਿਆ ਨੂੰ ਵਿਸ਼ਵ ਪੱਧਰੀ ਫੂਡ ਪ੍ਰੋਸੈਸਿੰਗ ਸੁਵਿਧਾਵਾਂ ਨਾਲ ਯਕੀਨੀ ਬਣਾਇਆ ਗਿਆ ਹੈ।



