- ਕਾਂਗਰਸ ਵੱਲੋਂ ਬਾਦਲਾਂ ਨੂੰ ਘੇਰਨ ਦੀ ਤਿਆਰੀ
ਤਲਵੰਡੀ ਸਾਬੋ, 24 ਜੁਲਾਈ-ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸ. ਪ੍ਰਤਾਪ ਸਿੰਘ ਬਾਜਵਾ ਵੱਲੋਂ ਬੀਤੀ ਦੇਰ ਰਾਤ ਸਿੱਖ ਧਰਮ ਦੇ ਉੇੱਘੇ ਪ੍ਰਚਾਰਕ ਅਤੇ ਪੰਥਕ ਸੇਵਾ ਲਹਿਰ ਦੇ ਮੁਖੀ ਸੰਤ ਬਾਬਾ ਬਲਜੀਤ ਸਿੰਘ ਜੀ ਖਾਲਸਾ ਦਾਦੂਵਾਲ ਸਾਹਿਬ ਨਾਲ ਉਨ੍ਹਾਂ ਦੇ ਹੈੱਡਕੁਆਰਟਰ ਗੁਰਦੁਆਰਾ ਗ੍ਰੰਥਸਰ ਸਾਹਿਬ ਦਾਦੂਵਾਲ ਵਿਖੇ ਲਗਭਗ 2 ਘੰਟੇ ਲੰਬੀ ਗੁਪਤ ਮੁਲਾਕਾਤ ਕੀਤੀ ਗਈ।

ਲੋਕ ਸਭਾ ਚੋਣਾਂ ਸਿਰ ‘ਤੇ ਹੋਣ ਕਾਰਨ ਸਿਆਸੀ ਹਲਕੇ ਇਸ ਮੁਲਾਕਾਤ ਨੂੰ ਕਾਫੀ ਮਹੱਤਵ ਦੇ ਰਹੇ ਹਨ। ਸਮਝਿਆ ਜਾ ਰਿਹਾ ਹੈ ਕਿ ਕਾਂਗਰਸ ਬਾਦਲਾਂ ਨੂੰ ਘੇਰਨ ਦੀ ਤਿਆਰੀ ਦੇ ਹਿੱਸੇ ਵਜੋਂ ਅਤੇ ਬਠਿੰਡਾ ਲੋਕ ਸਭਾ ਹਲਕੇ ਵਿੱਚ ਬਾਦਲ ਪਰਿਵਾਰ ਨੂੰ ਹਰਾਉਣ ਲਈ ਘੇਰਾ ਵੱਲ ਰਹੀ ਹੈ। ਬਾਬਾ ਸੰਤ ਦਾਦੂਵਾਲ ਦਾ ਬਠਿੰਡਾ ਅਤੇ ਨਾਲ ਲਗਦੇ ਕਈ ਜ਼ਿਲ੍ਹਿਆਂ ਵਿੱਚ ਕਾਫੀ ਪ੍ਰਭਾਵ ਹੈ। ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਸ. ਬਾਜਵਾ ਅਤੇ ਸੰਤ ਦਾਦੂਵਾਲ ਜ਼ਿਲ੍ਹਾ ਗੁਰਦਾਸਪੁਰ ਨਾਲ ਸਬੰਧ ਰੱਖਦੇ ਹਨ। ਇਸ ਤੋਂ ਪਹਿਲਾਂ ਪੀਪਲਜ਼ ਪਾਰਟੀ ਵੱਲੋਂ ਵੀ ਬਾਬਾ ਜੀ ਤੱਕ ਰਸਾਈ ਕਰਨ ਦੀਆਂ ਰਿਪੋਰਟਾਂ ਹਨ।ਇੱਥੇ ਦੱਸਣਾ ਬਣਦਾ ਹੈ ਕਿ ਸ. ਬਾਜਵਾ ਬੀਤੀ ਦੇਰ ਰਾਤ ਅਚਾਨਕ ਗੁਰਦੁਆਰਾ ਗ੍ਰੰਥਸਰ ਸਾਹਿਬ ਪੁੱਜੇ ਅਤੇ ਉਨ੍ਹਾਂ ਸੰਤ ਦਾਦੂਵਾਲ ਜੀ ਨਾਲ ਦੋ ਘੰਟਿਆਂ ਤੋਂ ਵੀ ਵੱਧ ਸਮੇਂ ਤੱਕ ਬੰਦ ਕਮਰਾ ਮੁਲਾਕਾਤ ਕੀਤੀ। ਭਾਵੇਂ ਦੋਵੇਂ ਹੀ ਧਿਰਾਂ ਇਸ ਮੀਟਿੰਗ ਨੂੰ ਦੋਵਾਂ ਧਿਰਾਂ ਦੀ ਪੁਰਾਣੀ ਜਾਣ-ਪਛਾਣ ਦੇ ਚਲਦਿਆਂ ਮਹਿਜ ਸੁਭਾਵਿਕ ਮੁਲਾਕਾਤ ਦਾ ਨਾਂਅ ਦੇ ਰਹੀਆਂ ਹਨ ਪ੍ਰੰਤੂ ਸਿਆਸੀ ਵਿਸ਼ਲੇਸ਼ਕਾਂ ਵੱਲੋਂ ਇਸਨੂੰ ਬਾਜਵਾ ਦੇ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਨ ਤੋਂ ਬਾਅਦ ਉਨ੍ਹਾਂ ਵੱਲੋਂ ਕਾਂਗਰਸ ਪਾਰਟੀ ਨੂੰ ਮਜ਼ਬੂਤ ਕਰਨ ਦੇ ਮਕਸਦ ਨਾਲ ਸ਼ੁਰੂ ਕੀਤੀਆਂ ਸਰਗਰਮੀਆਂ ਦੇ ਚਲਦਿਆਂ ਆਗਾਮੀ ਲੋਕ ਸਭਾ ਚੋਣਾਂ ਤੱਕ ਲੋਕਾਂ ਵਿੱਚ ਆਪਣਾ ਵਿਸ਼ੇਸ ਥਾਂ ਰੱਖਣ ਵਾਲੀਆਂ ਸਖਸ਼ੀਅਤਾਂ ਨਾਲ ਮੇਲਜੋਲ ਵਧਾ ਕੇ ਚੋਣਾਂ ਵਿੱਚ ਫਾਇਦਾ ਲੈਣ ਦੀ ਕੜੀ ਦੇ ਰੂਪ ਵਿੱਚ ਦੇਖਿਆ ਜਾ ਰਿਹਾ ਹੈ।ਜ਼ਿਕਰਯੋਗ ਹੈ ਕਿ ਸਿੱਖ ਧਰਮ ਵਿੱਚ ਇੱਕ ਧੜੱਲੇਦਾਰ ਧਾਰਮਿਕ ਆਗੂ ਦੀ ਆਪਣੀ ਵੱਖਰੀ ਪਹਿਚਾਣ ਰੱਖਣ ਵਾਲੇ ਸੰਤ ਦਾਦੂਵਾਲ ਜੀ ਨੇ ਦੁਨੀਆ ਭਰ ਵਿੱਚ ਸਿੱਖੀ ਪ੍ਰਚਾਰ ਕਰਦਿਆਂ ਸਿੱਖ ਹਲਕਿਆਂ ਵਿੱਚ ਆਪਣਾ ਵੱਡਾ ਨਾਂਅ ਤਾਂ ਬਣਾਇਆ ਹੀ ਹੈ ਪ੍ਰੰਤੂ ਮਾਲਵੇ ਦੇ ਇਸ ਖਿੱਤੇ ਵਿੱਚ ਉਨ੍ਹਾਂ ਦਾ ਖਾਸ ਪ੍ਰਭਾਵ ਦੇਖਣ ਨੂੰ ਮਿਲਦਾ ਰਿਹਾ ਹੈ। ਇਕੱਲੇ ਮਾਲਵੇ ਜਾਂ ਪੰਜਾਬ ਵਿੱਚ ਹੀ ਨਹੀਂ ਸਗੋਂ ਹਰਿਆਣਾ ਦੇ ਪੰਜਾਬੀ ਬੋਲਦੇ ਇਲਾਕਿਆਂ ਵਿੱਚ ਵੀ ਉਨ੍ਹਾਂ ਦਾ ਮਾਣ ਸਤਿਕਾਰ ਹੋਣ ਕਰਕੇ ਉਹ ਇਨ੍ਹਾਂ ਇਲਾਕਿਆਂ ਦੇ ਵੋਟ ਬੈਂਕ ਨੂੰ ਪ੍ਰਭਾਵਿਤ ਕਰਨ ਦੀ ਕਾਫੀ ਸਮਰੱਥਾ ਰੱਖਦੇ ਹਨ।ਸਮੇਂ-ਸਮੇਂ ‘ਤੇ ਹੋਣ ਵਾਲੀਆਂ ਚੋਣਾਂ ਤੋਂ ਪਹਿਲਾਂ ਅਤੇ ਕਈ ਪੰਥਕ ਮੁੱਦਿਆਂ ਨੂੰ ਸਫਲਤਾ ਨਾਲ ਹੱਲ ਕਰਨ ਤੋਂ ਬਾਅਦ ਪੰਜਾਬ ਦੇ ਵੱਡੇ ਸਿਆਸੀ ਆਗੂ ਸੰਤ ਦਾਦੂਵਾਲ ਕੋਲ ਪੁੱਜਦੇ ਰਹੇ ਹਨ। ਭਾਂਵੇਂ ਕਿ ਅੱਜ ਤੱਕ ਉਨ੍ਹਾਂ ਦੇ ਕਿਸੇ ਵਿਸ਼ੇਸ਼ ਧਿਰ ਦੇ ਹੱਕ ਵਿੱਚ ਭੁਗਤਣ ਦੀ ਗੱਲ ਸਾਹਮਣੇ ਤਾਂ ਨਹੀਂ ਆਈ ਪ੍ਰੰਤੂ ਸਿਆਸੀ ਆਗੂਆਂ ਵੱਲੋਂ ਅਜਿਹੀਆਂ ਕੋਸ਼ਿਸ਼ਾਂ ਲਗਾਤਾਰ ਜਾਰੀ ਰਹੀਆਂ ਹਨ ਅਤੇ ਤਾਜਾ ਘਟਨਾਕ੍ਰਮ ਵਿੱਚ ਵੀ ਸ. ਬਾਜਵਾ ਵੱਲੋਂ ਉਨ੍ਹਾਂ ਨਾਲ ਉਸ ਸਮੇਂ ਮੁਲਾਕਾਤ ਕਰਨਾ ਜਦੋਂ ਆਗਾਮੀ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਉਨ੍ਹਾਂ ਨੇ ਜਨ ਸੰਪਰਕ ਮੁਹਿੰਮ ਸ਼ੁਰੂ ਕੀਤੀ ਹੋਈ ਹੈ ਵਿਸ਼ਲੇਸ਼ਕਾਂ ਦਾ ਧਿਆਨ ਆਪਣੇ ਵੱਲ ਖਿੱਚਣ ਵਿੱਚ ਸਫਲ ਹੋਈ ਹੈ। ਸੂਤਰ ਦੱਸਦੇ ਹਨ ਕਿ ਸ. ਬਾਜਵਾ ਇਸ ਬੰਦ ਕਮਰਾ ਮੁਲਾਕਾਤ ਦੌਰਾਨ ਲੰਬਾ ਸਮਾਂ ਸੰਤ ਦਾਦੂਵਾਲ ਨਾਲ ਕਈ ਵਿਸ਼ਿਆਂ ‘ਤੇ ਗੱਲਬਾਤ ਕਰਦੇ ਰਹੇ। ਦੋਹਾਂ ਹੀ ਧਿਰਾਂ ਵੱਲੋਂ ਇਸ ਗੱਲਬਾਤ ਦੇ ਵੇਰਵੇ ਹਾਲੇ ਗੁਪਤ ਰੱਖੇ ਜਾ ਰਹੇ ਹਨ। ਇਸ ਗੁਪਤ ਮੁਲਾਕਾਤ ਨਾਲ ਪੰਜਾਬ ਦੀ ਸਿਆਸਤ ਵਿੱਚ ਗਰਮੀ ਆਉਣ ਦੀ ਸੰਭਾਵਨਾ ਪ੍ਰਗਟ ਕੀਤੀ ਜਾ ਰਹੀ ਹੈ। ਉਂਝ ਸੰਤ ਦਾਦੂਵਾਲ ਸਿਆਸੀ ਧੜੇਬੰਦੀ ਤੋਂ ਹਮੇਸ਼ਾ ਪਰੇ ਰਹੇ ਹਨ ਉਨ੍ਹਾਂ ਵੱਲੋਂ ਕਿਸੇ ਵੀ ਸਿਆਸੀ ਧਿਰ ਦੇ ਹੱਕ ਵਿੱਚ ਖੁੱਲ੍ਹੇਆਮ ਸਾਹਮਣੇ ਆਉਣ ਦੀ ਸੰਭਾਵਨਾ ਘੱਟ ਹੈ। ਦੱਸਿਆ ਜਾਂਦਾ ਹੈ ਕਿ ਕਾਂਗਰਸ ਆਗੂ ਕਾਫੀ ਸਮੇਂ ਤੋਂ ਸੰਤ ਦਾਦੂਵਾਲ ਨਾਲ ਨੇੜਤਾ ਬਣਾਉਣ ਦੀ ਕੋਸ਼ਿਸ਼ ਵਿੱਚ ਸਨ। ਸ. ਬਾਜਵਾ ਦੀ ਉਨ੍ਹਾਂ ਨਾਲ ਮੀਟਿੰਗ ਇਸ ਦਾ ਸਿਖਰ ਦੱਸੀ ਜਾ ਰਹੀ ਹੈ। ਭਾਂਵੇਂ ਸਿਆਸੀ ਆਗੂਆਂ ਦੀ ਸੰਤ ਦਾਦੂਵਾਲ ਨਾਲ ਮੁਲਾਕਾਤ ਨੂੰ ਪਹਿਲਾਂ ਸਿਆਸਤ ਪੱਖੋਂ ਘੱਟ ਹੀ ਦੇਖਿਆ ਜਾਂਦਾ ਸੀ ਪਰ ਪਰ ਨਵੇਂ ਹਾਲਾਤਾਂ ਵਿੱਚ ਇਸ ਦੇ ਵੱਡੇ ਸਿਆਸੀ ਅਰਥ ਕੱਢੇ ਜਾ ਰਹੇ ਹਨ। ਕੁਝ ਹਲਕੇ ਇਹ ਵੀ ਆਖ ਰਹੇ ਹਨ ਕਿ ਸ. ਬਾਜਵਾ ਅਤੇ ਸੰਤ ਦਾਦੂਵਾਲ ਦਰਮਿਆਨ ਮੀਟਿੰਗ ਨਿੱਜੀ ਅਤੇ ਪਰਿਵਾਰਿਕ ਸੀ ਕਿਉਂਕਿ ਦੋਵਾਂ ਪਰਿਵਾਰਾਂ ਵਿੱਚ ਲੰਬੇ ਸਮੇਂ ਤੋਂ ਨਿੱਘੇ ਸੰਬੰਧ ਸਨ। ਇਸ ਸਬੰਧ ਵਿੱਚ ਸੰਤ ਦਾਦੂਵਾਲ ਜੀ ਵੱਲੋਂ ਹਾਲੇ ਆਪਣੀ ਮੂੰਹ ਨਹੀਂ ਖੋਲ੍ਹਿਆ ਗਿਆ। ਇਹ ਆਉਣ ਵਾਲੇ ਸਮੇਂ ਵਿੱਚ ਹੀ ਪਤਾ ਲੱਗੇਗਾ ਕਿ ਉਹ ਪਹਿਲਾਂ ਦੀ ਤਰ੍ਹਾਂ ਚੋਣਾਂ ਵਿੱਚ ਸਿਆਸੀ ਪਾਰਟੀਆਂ ਤੋਂ ਦੂਰੀ ਬਣਾ ਕੇ ਰੱਖਣਗੇ ਜਾਂ ਫੇਰ ਕਿਸੇ ਸਿਆਸੀ ਧਿਰ ਨਾਲ ਆਪਣਾ ਸਬੰਧ ਬਣਾਉਣ ਨੂੰ ਪਹਿਲ ਦੇਣਗੇ। ਬਠਿੰਡਾ ਲੋਕ ਸਭਾ ਹਲਕੇ ਵਿੱਚ ਸੰਤ ਦਾਦੂਵਾਲ ਦਾ ਵੱਡਾ ਪ੍ਰਭਾਵ ਹੈ ਅਤੇ ਉਹ ਆ ਰਹੀ ਲੋਕ ਸਭਾ ਵਿੱਚ ਬਹੁਤ ਅਹਿਮੀਅਤ ਰੱਖਦੇ ਹਨ।



