ਅੰਮ੍ਰਿਤਸਰ 16 ਸਤੰਬਰ (ਪੀ.ਟੀ.)-ਜੰਮੂ-ਕਸ਼ਮੀਰ ਵਿਖੇ ਆਏ ਭਿਆਨਕ ਹੜ੍ਹਾਂ ਨਾਲ ਨੁਕਸਾਨੀ ਗਈ ਜ਼ਿੰਦਗੀ ਨੂੰ ਦੁਬਾਰਾ ਪੱਟੜੀ ਤੇ ਲਿਆਉਣ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪਹਿਲੇ ਦਿਨ ਤੋਂ ਹੀ ਸ੍ਰੀਨਗਰ ਦੇ ਗੁਰਦੁਆਰਾ ਸ਼ਹੀਦ ਬੁੰਗਾ ਬਡਗਾਮ ਵਿਖੇ ਰਾਹਤ ਕੈਂਪ ਸ਼ੁਰੂ ਕੀਤਾ ਗਿਆ ਹੈ।ਜਿਸ ਵਿੱਚ ਰੋਜ਼ਾਨਾ ਹੜ੍ਹ-ਪੀੜਤਾਂ ਦੀ ਲੋੜ ਮੁਤਾਬਿਕ ਰਾਸ਼ਨ ਅਤੇ ਹੋਰ ਸਮਾਨ ਭੇਜਿਆ ਜਾ ਰਿਹਾ ਹੈ ਤੇ ਜਿੰਨਾ ਚਿਰ ਤੱਕ ਜੰਮੂ-ਕਸ਼ਮੀਰ ਦੇ ਹੜ੍ਹ-ਪੀੜਤਾਂ ਨੂੰ ਸਹਾਇਤਾ ਦੀ ਜ਼ਰੂਰਤ ਹੋਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਗੁਰੂ ਸਾਹਿਬਾਨ ਵੱਲੋਂ ਬਖਸ਼ੇ ਸਿਧਾਂਤ ਮੁਤਾਬਿਕ ਬਿਨਾ ਭੇਦ-ਭਾਵ ਜਾਰੀ ਰੱਖੇਗੀ।ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸ੍ਰੀ ਗੁਰੂ ਰਾਮਦਾਸ
ਅੰਤਰ-ਰਾਸ਼ਟਰੀ ਹਵਾਈ ਅੱਡੇ ਤੇ ਸ੍ਰੀਨਗਰ ਦੇ ਹੜ੍ਹ ਪੀੜਤਾਂ ਲਈ ਦਵਾਈਆਂ ਸਮੇਤ ਮਾਹਰ ਡਾਕਟਰਾਂ ਦੀ ਟੀਮ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਥਾਪਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਸ਼ਵ ਯੂਨੀਵਰਸਿਟੀ ਫਤਹਿਗੜ੍ਹ ਸਾਹਿਬ ਵੱਲੋਂ ਹੜ੍ਹ-ਪੀੜਤਾਂ ਲਈ ਭੇਜੀ ਵੱਖ-ਵੱਖ ਤਰ੍ਹਾਂ ਦੀ ਰਾਹਤ ਸਮੱਗਰੀ ਰਵਾਨਾ ਕਰਨ ਸਮੇਂ ਪੱਤਰਕਾਰ ਵਾਰਤਾ ਦੌਰਾਨ ਕੀਤਾ।
ਜਥੇਦਾਰ ਅਵਤਾਰ ਸਿੰਘ ਨੇ ਦੱਸਿਆ ਕਿ ਸ਼੍ਰੋਮਣੀ ਕਮੇਟੀ ਦੇ ਸ੍ਰੀ ਗੁਰੂ ਰਾਮਦਾਸ ਚੈਰੀਟੇਬਲ ਹਸਪਤਾਲ ਵੱਲਾ, ਅੰਮ੍ਰਿਤਸਰ ਦੇ ਮਾਹਰ ਡਾਕਟਰ ਜਿਨ੍ਹਾਂ ਵਿੱਚ ਡਾ: ਨਰਿੰਦਰਜੀਤ ਸਿੰਘ ਆਰਥੋ (ਹੱਡੀਆਂ ਦੇ ਮਾਹਰ), ਡਾ: ਸਿਮਰਨਜੀਤ ਸਿੰਘ ਬੱਚਿਆਂ ਦੇ ਮਾਹਰ, ਡਾ: ਰਾਜ ਬਹਾਦਰ ਸਿੰਘ ਮੈਡੀਸਨ, ਸ. ਅੰਗਰੇਜ਼ ਸਿੰਘ ਡਰੈਸਰ (ਮਾਈਨਰ ਓਟੀ) ਅਤੇ ਸ. ਭੁਪਿੰਦਰ ਸਿੰਘ ਫਾਰਮਾਸਿਸਟ ਤੇ ਅਧਾਰਿਤ ਟੀਮ ਹਵਾਈ ਜਹਾਜ ਰਾਹੀਂ ਸ੍ਰੀਨਗਰ ਲਈ ਰਵਾਨਾ ਕੀਤੀ ਗਈ ਹੈ ਜੋ ਗੁਰਦੁਆਰਾ ਸ਼ਹੀਦ ਬੁੰਗਾ ਬਡਗਾਮ ਵਿਖੇ ਮੈਡੀਕਲ ਕੈਂਪ ਲਗਾਏਗੀ।ਉਨ੍ਹਾਂ ਦੱਸਿਆ ਕਿ ਇਹ ਟੀਮ ਦੋ ਲੱਖ ਰੁਪਏ ਤੋਂ ਵੱਧ ਕੀਮਤ ਦੀਆਂ ਵੱਖ-ਵੱਖ ਤਰ੍ਹਾਂ ਦੀਆਂ ਦਵਾਈਆਂ ਆਪਣੇ ਨਾਲ ਲਿਜਾ ਰਹੀ ਹੈ।ਉਨ੍ਹਾਂ ਦੱਸਿਆ ਕਿ ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਸ਼ਵ ਯੂਨੀਵਰਸਿਟੀ ਫਤਹਿਗੜ੍ਹ ਸਾਹਿਬ ਵੱਲੋਂ ਇਕ ਲੱਖ ਬਿਸਕੁਟਾਂ ਦੇ ਪੈਕਟ, 150 ਕਿੱਲੋ ਮੱਠੀਆਂ, 1100 ਪੈਕਟ ਬ੍ਰੈਡ, 2500 ਨਗ ਟੁੱਥ ਬੁਰਸ਼, 2500 ਨਗ ਪੇਸਟਾਂ, 1450 ਟਿੱਕੀਆਂ ਅੰਗਰੇਜ਼ੀ ਸਾਬਨ, 500 ਕਿੱਲੋ ਖੰਡ, 500 ਕਿੱਲੋ ਚੌਲ, 300 ਜੋੜੇ ਚੱਪਲਾਂ, 1000 ਪੈਕਟ ਨਮਕ ਤੇ 50 ਪੇਟੀਆਂ ਸ਼ੁੱਧ ਪਾਣੀ ਦੀਆਂ ਬੋਤਲਾਂ ਭੇਜੀਆਂ ਜਾ ਰਹੀਆਂ ਹਨ।ਪੱਤਰਕਾਰਾਂ ਵੱਲੋਂ ਪੁੱਛੇ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਦੱਸਿਆ ਕਿ ਭਿਆਨਕ ਹੜ੍ਹਾਂ ਦੌਰਾਨ ਓਥੇ ਬਿਮਾਰੀਆਂ ਫੈਲਣ ਦਾ ਖਦਸ਼ਾ ਹੈ ਜਿਸ ਨੂੰ ਕੰਟਰੋਲ ਕਰਨਾ ਜ਼ਰੂਰੀ ਹੈ।ਜਦ ਤੀਕ ਓਥੇ ਜ਼ਰੂਰਤ ਹੋਈ ਸਾਡੀ ਡਾਕਟਰੀ ਟੀਮ ਮਨੁੱਖਤਾ ਦੀ ਸੇਵਾ ਕਰਦੀ ਰਹੇਗੀ।ਉਨ੍ਹਾਂ ਕਿਹਾ ਕਿ ਡਾਕਟਰੀ ਟੀਮ ਨੂੰ ਕਿਹਾ ਗਿਆ ਹੈ ਕਿ ਜਦੋਂ ਵੀ ਕਿਸੇ ਦਵਾਈ ਦੀ ਹੋਰ ਜ਼ਰੂਰਤ ਹੋਵੇ ਇਕ ਦਿਨ ਪਹਿਲਾਂ ਸੂਚਿਤ ਕੀਤਾ ਜਾਵੇ ਤਾਂ ਜੋ ਤੁਰੰਤ ਲੋੜੀਂਦੀ ਦਵਾਈ ਓਥੇ ਪੁੱਜਦੀ ਕੀਤੀ ਜਾਵੇ।
ਪੱਤਰਕਾਰਾਂ ਵੱਲੋਂ ਪੁੱਛੇ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਦੱਸਿਆ ਕਿ ਮੌਜੂਦਾ ਹਾਲਾਤਾਂ ਵਿੱਚ ਸਕਿਉਰਟੀ ਪੱਖ ਨੂੰ ਮਜ਼ਬੂਤ ਰੱਖਣਾ ਜ਼ਰੂਰੀ ਹੈ ਤੇ ਮਿਲੀਆਂ ਕੁਝ ਸੂਚਨਾਵਾਂ ਦੇ ਅਧਾਰ ਤੇ ਰੂਹਾਨੀਅਤ ਦੇ ਕੇਂਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅੰਦਰ ਦਰਸ਼ਨ ਕਰਨ ਜਾਣ ਸਮੇਂ ਹੈਂਡ ਬੈਗ ਲਿਜਾਣ ਤੇ ਪਾਬੰਦੀ ਲਗਾਈ ਗਈ ਹੈ।
ਇਸੇ ਦੌਰਾਨ ਬਾਰਾਂਮੁੱਲਾ (ਜੰਮੂ-ਕਸ਼ਮੀਰ) ਤੋਂ ਸੰਸਦ ਮੈਂਬਰ ਏ ਆਰ ਸ਼ਾਹੀਨ ਨੇ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਫੋਨ ਕਰਕੇ ਸ਼੍ਰੋਮਣੀ ਕਮੇਟੀ ਵੱਲੋਂ ਹੜ੍ਹ-ਪੀੜਤਾਂ ਦੀ ਕੀਤੀ ਜਾ ਰਹੀ ਨਿਰੰਤਰ ਸਹਾਇਤਾ ਤੇ ਧੰਨਵਾਦ ਕੀਤਾ ਤੇ ਸਹਾਇਤਾ ਇਸੇ ਤਰ੍ਹਾਂ ਜਾਰੀ ਰੱਖਣ ਲਈ ਬੇਨਤੀ ਕੀਤੀ।ਉਨ੍ਹਾਂ ਯਕੀਨ ਦਿਵਾਇਆ ਕਿ ਜਿੰਨਾ ਚਿਰ ਤੱਕ ਜੰਮੂ-ਕਸ਼ਮੀਰ ਵਿੱਚ ਜ਼ਰੂਰਤ ਹੋਵੇਗੀ ਸ਼੍ਰੋਮਣੀ ਕਮੇਟੀ ਵੱਲੋਂ ਸਹਾਇਤਾ ਜਾਰੀ ਰਹੇਗੀ।ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸਮੇਤ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਵਾਲੇ ਸੈਕਸ਼ਨ (85) ਦੇ ਗੁਰਦੁਆਰਾ ਸਾਹਿਬਾਨਾਂ ਵਿੱਚ ਹੜ੍ਹ-ਪੀੜਤਾਂ ਲਈ ਰਾਹਤ ਸਮੱਗਰੀ ਜਮਾਂ ਕਰਨ ਲਈ ਦਫ਼ਤਰ ਖੋਹਲੇ ਜਾ ਰਹੇ ਹਨ।ਉਨ੍ਹਾਂ ਸੰਗਤਾਂ ਨੂੰ ਪੁਰਜੋਰ ਅਪੀਲ ਕੀਤੀ ਕਿ ਜੰਮੂ-ਕਸ਼ਮੀਰ ਵਿੱਚ ਆਏ ਭਿਆਨਕ ਹੜ੍ਹਾਂ ਨਾਲ ਭਾਰੀ ਨੁਕਸਾਨ ਹੋਇਆ ਹੈ ਤੇ ਮਨੁੱਖਤਾ ਦੇ ਅਧਾਰ ਤੇ ਜੰਮੂ-ਕਸ਼ਮੀਰ ਦੇ ਹੜ੍ਹ-ਪੀੜਤਾਂ ਦੀ ਮਦਦ ਦਿਲ ਖੋਹਲ ਕੇ ਕਰਨ ਲਈ ਕੱਪੜੇ, ਗਰਮ ਅਤੇ ਠੰਡੇ (ਪੁਰਾਣੇ ਨਹੀਂ), ਰਾਸ਼ਨ, ਨਗਦ (ਕੈਸ਼) ਗੁਰੁ-ਘਰਾਂ ‘ਚ ਵੱਧ ਤੋਂ ਵੱਧ ਪਹੁੰਚਾਉਣ ਤੇ ਰਸੀਦ ਪ੍ਰਾਪਤ ਕਰਨ।ਉਨ੍ਹਾਂ ਸੰਗਤਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜੰਮੂ-ਕਸ਼ਮੀਰ ਦੇ ਹੜ੍ਹ-ਪੀੜਤਾਂ ਦੀ ਮਦਦ ਲਈ ਐਚ ਡੀ ਐਫ ਸੀ ਬੈਂਕ ਵਿੱਚ ਖਾਤਾ ਨੰਬਰ 02631770000013 ਖੋਲ੍ਹਿਆ ਗਿਆ ਹੈ, ਜਿਸ ਦਾ ਆਈ ਐਫ ਸੀ ਕੋਡ ਐਚ ਡੀ ਐਫ ਸੀ 000263 ਹੈ, ਇਸ ਖਾਤੇ ਵਿੱਚ ਆਪਣੀ ਨੇਕ ਕਮਾਈ ਵਿੱਚੋਂ ਸਿੱਧੇ ਤੌਰ ਤੇ ਪੈਸੇ ਜਮ੍ਹਾਂ ਕਰਵਾ ਕੇ ਸਮੁੱਚੀ ਇਨਸਾਨੀਅਤ ਦਾ ਭਲਾ ਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨ।
ਇਸ ਮੌਕੇ ਸ. ਦਲਮੇਘ ਸਿੰਘ, ਸ. ਸਤਬੀਰ ਸਿੰਘ, ਸ. ਰੂਪ ਸਿੰਘ ਤੇ ਸ. ਮਨਜੀਤ ਸਿੰਘ ਸਕੱਤਰ, ਸ. ਸਤਿੰਦਰ ਸਿੰਘ ਨਿੱਜੀ ਸਹਾਇਕ, ਸ. ਸਕੱਤਰ ਸਿੰਘ ਮੀਤ ਸਕੱਤਰ, ਸ. ਪ੍ਰਤਾਪ ਸਿੰਘ ਮੈਨੇਜਰ, ਸ. ਕੁਲਵਿੰਦਰ ਸਿੰਘ ਰਮਦਾਸ ਇੰਚਾਰਜ ਪਬਲੀਸਿਟੀ ਤੇ ਸ. ਅਮਨਦੀਪ ਸਿੰਘ ਇੰਚਾਰਜ ਟਰੱਸਟ ਸ੍ਰੀ ਗੁਰੁ ਰਾਮਦਾਸ ਮੈਡੀਕਲ ਕਾਲਜ ਆਦਿ ਹਾਜ਼ਰ ਸਨ।