June 17, 2026 7:47 am

ਭੜਕਾਊ ਭਾਸ਼ਨ ਮਾਮਲੇ ਵਿੱਚ ਅਮਿਤ ਸ਼ਾਹ ਵਿਰੁੱਧ ਚਾਰਜਸ਼ੀਟ

ਦੋਸ਼ੀ ਪਾਏ ਜਾਣ ’ਤੇ ਹੋ ਸਕਦੀ ਹੈ 3 ਸਾਲ ਦੀ ਸਜ਼ਾ

Page-1_06 ਲਖਨਊ, 10 ਸਤੰਬਰ (ਪੀ. ਟੀ. ਲਾਇਵ)-  ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਅਮਿਤ ਸ਼ਾਹ ਦੇ ਵਿਰੁੱਧ ਮੁਜ਼ੱਫਰਨਗਰ ਦੀ ਅਦਾਲਤ ਵਿੱਚ ਭੜਕਾਊ ਭਾਸ਼ਨ ਦੇਣ ਦੇ ਮਾਮਲੇ ਵਿੱਚ ਚਾਰਜਸ਼ੀਟ ਦਾਇਰ ਕੀਤੀ ਗਈ ਹੈ। ਜੇਕਰ ਸ਼ਾਹ ਇਸ ਮਾਮਲੇ ’ਚ ਦੋਸ਼ੀ ਪਾਏ ਜਾਂਦੇ ਹਨ ਤਾਂ ਉਨ੍ਹਾਂ ਨੂੰ 3 ਸਾਲ ਦੀ ਸਜ਼ਾ ਹੋ ਸਕਦੀ ਹੈ।ਜ਼ਿਕਰਯੋਗ ਹੈ ਕਿ ਦੰਗਾ ਪ੍ਰਭਾਵਿਤ ਮੁਜ਼ੱਫਰਨਗਰ ਵਿੱਚ ਲੋਕਸਭਾ ਚੋਣ ਦੇ ਦੌਰਾਨ 4 ਅਪ੍ਰੈਲ ਨੂੰ ਅਮਿਤ ਸ਼ਾਹ ਨੇ ਚੋਣ ਰੈਲੀ ਨੂੰ ਸੰਬੋਧਨ ਕੀਤਾ ਸੀ। ਜਿਸ ਉਪਰ ਇਤਰਾਜ਼ ਪ੍ਰਗਟ ਕਰਦੇ ਹੋਏ ਉਨ੍ਹਾਂ ਦੇ ਵਿਰੁੱਧ ਮਾਮਲਾ ਦਰਜ ਕਰਵਾਇਆ ਗਿਆ ਸੀ। ਸ਼ਾਹ ਦੇ ਵਿਰੁੱਧ ਮੁਜ਼ੱਫਰਨਗਰ ਅਦਾਲਤ ਵਿੱਚ ਦਾਇਰ ਚਾਰਜਸ਼ੀਟ ਵਿੱਚ ਉਨ੍ਹਾਂ ਦੇ ਵਿਰੁੱਧ ਧਾਰਮਿਕ ਭਾਵਨਾਵਾਂ ਭੜਕਾਉਣ ਦਾ ਦੋਸ਼ ਲਾਇਆ ਗਿਆ ਹੈ। ਵਿਰੋਧੀ

ਪਾਰਟੀਆਂ ਦਾ ਦੋਸ਼ ਸੀ ਕਿ ਭਾਜਪਾ ਆਗੂ ਨੇ ਵੋਟਾਂ ਦਾ ਧਰੁਵੀਕਰਨ ਕਰਨ ਲਈ ਜਾਣਬੁੱਝ ਕੇ ਅਜਿਹੇ ਬਿਆਨ ਦਿੱਤੇ ਸਨ।
ਸੂਤਰਾਂ ਦੇ ਅਨੁਸਾਰ ਸ਼ਾਹ ਦੇ ਵਿਰੁੱਧ ਦਾਇਰ ਚਾਰਜਸ਼ੀਟ ਵਿੱਚ ਕਈ ਗੰਭੀਰ ਧਾਰਾਵਾਂ ਲਾਈਆਂ ਗਈਆਂ ਹਨ। ਲੋਕਸਭਾ ਚੋਣ ਪ੍ਰਚਾਰ ਦੇ ਦੌਰਾਨ ਸ਼ਾਹ ਨੇ ਦਵਾਰਕਾ ਪੁਰੀ ਸਥਿਤ ਇੱਕ ਜੰਜਘਰ ਵਿਖੇ ਹੋਈ ਇੱਕ ਸਭਾ ਵਿੱਚ ਵਿਵਾਦ ਵਾਲਾ ਬਿਆਨ ਦਿੱਤਾ ਸੀ। ਇਸ ਦੇ ਬਾਅਦ ਨਵੀਂ ਮੰਡੀ ਵਿੱਚ ਇਹ ਮਾਮਲਾ ਦਰਜ ਕਰਵਾਇਆ ਗਿਆ ਸੀ। ਉਸ ਵੇਲੇ ਅਮਿਤ ਸ਼ਾਹ ਭਾਜਪਾ ਦੇ ਯੂਪੀ ਚੋਣ ਦੇ ਮੁਖੀ ਸਨ। ਦੂਜੇ ਪਾਸੇ ਭਾਜਪਾ ਨੇ ਇਸ ਮਾਮਲੇ ਨੂੰ ਅਮਿਤ ਸ਼ਾਹ ਅਤੇ ਪਾਰਟੀ ਦੇ ਵਿਰੁੱਧ ਇੱਕ ਸਾਜ਼ਿਸ਼ ਕਰਾਰ ਦਿੱਤਾ ਹੈ।
ਪ੍ਰਾਪਤ ਵੇਰਵੇ ਅਨੁਸਾਰ ਅਮਿਤ ਸ਼ਾਹ ਉਪਰ ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਅਤੇ ਜਾਤ-ਧਰਮ ਦੇ ਆਧਾਰ ’ਤੇ ਵੋਟ ਮੰਗਣ ਦੇ ਦੋਸ਼ ਵਿੱਚ ਦੋ ਮੁਕੱਦਮੇ ਦਰਜ ਕੀਤੇ ਗਏ ਹਨ। ਬੰਦੋਬਸਤ ਅਧਿਕਾਰੀ ਚੱਕਬੰਦੀ ਦੇ ਸਹਾਇਕ ਸੁਪਰਡੈਂਟ ਰਾਮ ਕੁਮਾਰ ਨੂੰ ਨਵੀਂ ਮੰਡੀ ਵਿੱਚ ਦਰਜ ਕਰਵਾਈ ਰਿਪੋਰਟ ਵਿੱਚ ਕਿਹਾ ਹੈ ਕਿ 4 ਅਪ੍ਰੈਲ ਨੂੰ ਦਵਾਰਕਾਪੁਰੀ ਸਥਿਤ ਭਾਵਨਾ ਪੈਲਸ ਵਿੱਚ ਭਾਜਪਾ ਆਗੂ ਅਮਿਤ ਸ਼ਾਹ ਨੇ ਲੋਧੀ, ਗੁੱਜਰ, ਖੱਤਰੀ ਆਦਿ ਬਿਰਾਦਰੀਆਂ ਦੀ ਸਭਾ ਵਿੱਚ ਜਾਤ-ਧਰਮ ਦੇ ਆਧਾਰ ’ਤੇ ਲਾਮਬੰਦੀ ਕਰਕੇ ਭਾਜਪਾ ਦੇ ਲਈ ਵੋਟ ਮੰਗੇ ਸਨ। ਉਸ ਵੇਲੇ ਸਭਾ ਦੀ ਵੀਡੀਓਗ੍ਰਾਫੀ ਵੀ ਕਰਵਾਈ ਗਈ ਸੀ।

Send this to a friend