ਡਿਪਟੀ ਡਾਇਰੈਕਟਰ, ਡੀ.ਸੀ.ਐਫ.ਏ., ਲਾਅ ਅਫਸਰ, ਐਸ.ਈਜ਼, ਐਕਸੀਅਨ ਪਾਏ ਗਏ ਗੈਰਹਾਜ਼ਰ
ਚੰਡੀਗੜ੍ਹ, 9 ਸਤੰਬਰ (ਪੀ. ਟੀ)- ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਵੱਲੋਂ ਸਰਕਾਰੀ ਦਫਤਰਾਂ ਵਿੱਚ ਸਰਕਾਰੀ ਅਧਿਕਾਰੀਆਂ ਤੇ ਕਰਮਚਾਰੀਆਂ ਦੀ ਹਾਜ਼ਰੀ ਯਕੀਨੀ ਬਣਾਉਣ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਮੁੱਖ ਸਕੱਤਰ ਦੀ ਟੀਮ ਵੱਲੋਂ ਸ਼ੁਰੂ ਕੀਤੀ ਨਿਰੰਤਰ ਚੈਕਿੰਗ ਦੀ ਲੜੀ ਵਿੱਚ ਅੱਜ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਦੇ ਮੁਹਾਲੀ ਸਥਿਤ ਮੁੱਖ ਦਫਤਰ ‘ਵਿਕਾਸ ਭਵਨ’ ਦੀ ਚੈਕਿੰਗ ਕੀਤੀ ਗਈ ਜਿਸ ਵਿੱਚ 146 ਅਧਿਕਾਰੀ/ਕਰਮਚਾਰੀ ਗੈਰ ਹਾਜ਼ਰ ਪਾਏ ਗਏ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਸਰਕਾਰ ਦੇ ਬੁਲਾਰੇ ਨੇ ਦੱਸਿਆ ਕਿ ਅੱਜ ਵਿਸ਼ੇਸ਼ ਸਕੱਤਰ (ਪ੍ਰਸੋਨਲ) ਮਿਸ ਗੁਰਪ੍ਰੀਤ ਸਪਰਾ ਦੀ ਅਗਵਾਈ ਹੇਠ ਉੱਚ ਪੱਧਰੀ ਟੀਮ ਨੇ ਮੁਹਾਲੀ ਦੇ ਸੈਕਟਰ 62 ਸਥਿਤ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਦੇ ਮੁੱਖ ਦਫਤਰ ਦੀ ਅਚਨਚੇਤੀ ਚੈਕਿੰਗ ਕੀਤੀ। ਟੀਮ ਵਿੱਚ ਸੰਯੁਕਤ ਸਕੱਤਰ (ਵਿਜੀਲੈਂਸ) ਸ੍ਰੀ ਹਾਕਮ ਸਿੰਘ ਵੀ ਹਾਜ਼ਰ ਸਨ। ਟੀਮ ਵੱਲੋਂ ਡਾਇਰੈਕਟਰ, ਡਿਪਟੀ
ਡਾਇਰੈਕਟਰ ਤੇ ਪ੍ਰਬੰਧਕੀ ਸ਼ਾਖਾਵਾਂ ਦੇ ਮੁਖੀਆਂ ਸਣੇ ਉੱਚ ਅਧਿਕਾਰੀਆਂ ਦੇ ਦਫਤਰਾਂ ਦੀ ਚੈਕਿੰਗ ਕੀਤੀ ਗਈ ਜਿਸ ਵਿੱਚ ਡਿਪਟੀ ਡਾਇਰੈਕਟਰ, ਡੀ.ਸੀ.ਐਫ.ਏ., ਲਾਅ ਅਫਸਰ, ਐਸ.ਈਜ਼, ਐਕਸੀਅਨਜ਼ ਸਣੇ 146 ਅਧਿਕਾਰੀ ਤੇ ਕਰਮਚਾਰੀ ਗੈਰ ਹਾਜ਼ਰ ਪਾਏ ਗਏ। ਟੀਮਾਂ ਵੱਲੋਂ ਸਵੇਰੇ 9:20 ਵਜੇ ਤੋਂ 9:50 ਤੱਕ ਚੈਕਿੰਗ ਕੀਤੀ ਗਈ। ਚੈਕਿੰਗ ਟੀਮ ਵੱਲੋਂ ਚੈਕਿੰਗ ਦੌਰਾਨ ਸਾਰੇ ਹਾਜ਼ਰੀ ਰਜਿਸਟਰ ਇਕੱਠੇ ਕੀਤੇ ਗਏ ਅਤੇ ਪੰਜਾਬ ਦੇ ਮੁੱਖ ਸਕੱਤਰ ਸ੍ਰੀ ਸਰਵੇਸ਼ ਕੌਸ਼ਲ ਨੂੰ ਰਿਪੋਰਟ ਸੌਂਪ ਦਿੱਤੀ। ਮੁੱਖ ਸਕੱਤਰ ਨੇ ਵਿੱਤ ਕਮਿਸ਼ਨਰ ਪੇਂਡੂ ਵਿਕਾਸ ਤੇ ਪੰਚਾਇਤ ਸ੍ਰੀ ਐਮ.ਐਸ. ਸੰਧੂ ਨੂੰ ਗੈਰ ਹਾਜ਼ਰ ਪਾਏ ਗਏ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਜਵਾਬਤਲਬੀ ਕਰਨ ਦੇ ਆਦੇਸ਼ ਜਾਰੀ ਕਰਦਿਆਂ 7 ਦਿਨਾਂ ਦੇ ਅੰਦਰ ਬਣਦੀ ਕਾਰਵਾਈ ਕਰਨ ਦੇ ਹੁਕਮ ਜਾਰੀ ਕਰ ਦਿੱਤੇ। ਗੈਰ ਹਾਜ਼ਰ ਪਾਏ ਜਾਣ ਵਾਲੇ ਅਧਿਕਾਰੀਆਂ/ਕਰਮਚਾਰੀਆਂ ਨੂੰ ਸਮਰੱਥ ਅਧਿਕਾਰੀਆਂ ਵੱਲੋਂ ਚਾਰਜਸ਼ੀਟ ਕੀਤੇ ਜਾਣਗੇ। ਇਸ ਤੋਂ ਇਲਾਵਾ ਮੁੱਖ ਸਕੱਤਰ ਨੇ ਵਿਭਾਗ ਦੇ ਮੁੱਖ ਚੌਕਸੀ ਅਧਿਕਾਰੀ (ਸੀ.ਵੀ.ਓ.) ਨੂੰ ਤਾੜਨਾ ਕੀਤੀ ਹੈ ਜਿਹੜੇ ਵਿਭਾਗ ਵਿੱਚ ਅਨੁਸ਼ਾਸਨ ਕਾਇਮ ਰੱਖਣ ਲਈ ਨਾਕਾਮ ਹੋਏ ਹਨ।