ਪੰਜਾਬ ਵਿੱਚ ਕੇਵਲ 2-3 ਦਿਨ ਦਾ ਕੋਲਾ ਬਾਕੀ
ਨਵੀਂ ਦਿੱਲੀ, 3 ਸਤੰਬਰ (ਪੀ. ਟੀ. ਲਾਇਵ)- ਆਉਣ ਵਾਲੇ ਦਿਨਾਂ ਵਿੱਚ ਬਿਜਲੀ ਦਾ ਭਾਰੀ ਸੰਕਟ ਪੈਦਾ ਹੋ ਸਕਦਾ ਹੈ। ਕੋਲੇ ਦੀ ਕਮੀ ਅਤੇ ਕੁਝ ਰਾਜਾਂ ਵਿਚ ਬਿਜਲੀ ਦਰਾਂ ਨੂੰ ਲੈਕੇ ਚਲ ਰਹੇ ਵਿਵਾਦ ਦੇ ਚਲਦਿਆਂ ਦੇਸ਼ ਦੇ ਕੁਝ ਰਾਜਾਂ ਦੀ ਬਿਜਲੀ ਗੁਲ ਹੋ ਸਕਦੀ ਹੈ। ਅਧਿਕਾਰਿਤ ਅੰਕੜਿਆਂ ਅਨੁਸਾਰ ਘੱਟ ਸਪਲਾਈ ਕਾਰਨ ਤੇਜੀ ਨਾਲ ਖਤਮ ਹੋ ਰਹੇ ਕੋਲੇ ਕਾਰਨ ਉਤਰੀ ਖੇਤਰ ਵਿਚ ਪੰਜ ਹਜ਼ਾਰ ਮੈਗਾਵਾਟ ਬਿਜਲੀ ਦੀ ਕਮੀ ਹੈ। ਮਹਾਂਰਾਸ਼ਟਰ, ਰਾਜਸਥਾਨ, ਹਰਿਆਣਾ, ਪੰਜਾਬ ਅਤੇ ਗੁਜਰਾਤ ਵਿਚ ਸਥਿਤੀ ਬਹੁਤ ਖਰਾਬ ਹੈ। ਇਨ੍ਹਾਂ ਵਿਚੋਂ ਅਡਾਨੀ ਪਾਵਰ ਨੇ ਬਕਾਇਆ ਪੈਸਿਆਂ ਨੂੰ ਲੈਕੇ ਹਰਿਆਣਾ ਨੂੰ ਬਿਜਲੀ ਦੇਣੀ ਬੰਦ ਕਰ ਦਿੱਤੀ ਹੈ। ਜਦ ਕਿ ਪੰਜਾਬ ਵਿਚ ਕੇਵਲ 2-3 ਦਿਨ ਦਾ ਕੋਲਾ ਬਾਕੀ ਹੈ ਤੇ ਉਹ
ਬਿਜਲੀ ਖਰੀਦਣ ਦੀ ਯੋਜਨਾ ਬਣਾ ਰਿਹਾ ਹੈ। ਮਹਾਂਰਾਸ਼ਟਰ ਵਿਚ ਬਿਜਲੀ ਕੰਪਨੀਆਂ ਕਹਿ ਚੁਕੀਆਂ ਹਨ ਕਿ ਉਹ ਕੋਲੇ ਦੀ ਕਮੀ ਅਤੇ ਅਡਾਨੀ ਪਾਵਰ ਕੰਪਨੀ ਨਾਲ ਦਰਾਂ ਨੂੰ ਲੈਕੇ ਮਤਭੇਦ ਦੇ ਚਲਦਿਆਂ ਬਿਜਲੀ ਸਪਲਾਈ ਨਹੀਂ ਕਰ ਸਕਦੀਆਂ ਹਨ। ਖਦਸ਼ਾ ਹੈ ਕਿ ਜਲਦ ਹੀ ਉਥੇ ਬਿਜਲੀ ਸਪਲਾਈ ਪੂਰੀ ਤਰਾਂ ਠੱਪ ਹੋ ਸਕਦੀ ਹੈ। ਹਾਲਾਂਕਿ ਗੁਜਰਾਤ ਕੋਲ ਬਿਜਲੀ ਦੇ ਕੁਝ ਬਦਲਵੇਂ ਸਰੋਤ ਹਨ। ਪਰ ਰਾਜ ਕਹਿ ਚੁਕਿਆ ਹੈ ਕਿ ਕੋਲੇ ਦੀ ਭਾਰੀ ਕਮੀ ਸਪਲਾਈ ‘ਤੇ ਅਸਰ ਪਾਵੇਗੀ। ਇਸ ਮਾਮਲੇ ਵਿਚ ਕੇਂਦਰੀ ਊਰਜਾ ਮੰਤਰੀ ਪਿਯੂਸ਼ ਗੋਇਲ ਦਾ ਕਹਿਣਾ ਹੈ ਕਿ ਮੌਨਸੂਨ ਵਿਚ ਕਮੀ ਦੇ ਚਲਦਿਆਂ ਜਲ ਸਰੋਤਾਂ ਤੋਂ ਬਿਜਲੀ ਦਾ ਘੱਟ ਉਤਪਾਦਨ ਅਤੇ ਕੋਲੇ ਦੀ ਲੁੜੀਂਦੀ ਉਪਲਬਧਤਾ ਨਾਲ ਬਿਜਲੀ ਸਪਲਾਈ ‘ਤੇ ਅਸਰ ਪਿਆ ਹੈ।