June 7, 2026 12:18 am

ਛੋਟੇ ਵਪਾਰੀਆਂ ਵੱਲੋਂ ਜਮ੍ਹਾਖੋਰੀ ਜੁਰਮ ਨਹੀਂ : ਮੁੱਖ ਮੰਤਰੀ ਮਾਂਝੀ

ਬਿਆਨ ਨੇ ਛੇੜਿਆ ਨਵਾਂ ਵਿਵਾਦ
Page-1_03 ਪਟਨਾ, 3 ਸਤੰਬਰ -ਇਕ ਨਵਾਂ ਵਿਵਾਦ ਪੈਦਾ ਕਰਦਿਆਂ ਬਿਹਾਰ ਦੇ ਮੁੱਖ ਮੰਤਰੀ ਜੀਤਨ ਰਾਮ ਮਾਂਝੀ ਨੇ ਕਿਹਾ ਹੈ ਕਿ ਛੋਟੇ ਵਪਾਰੀਆਂ ਵੱਲੋਂ ਵਸਤਾਂ ਦੀ ਜਮ੍ਹਾਖੋਰੀ ਤੇ ਕਾਲਾ ਬਾਜ਼ਾਰੀ ਨੂੰ ਜੁਰਮ ਨਹੀਂ ਸਮਝਿਆ ਜਾਵੇਗਾ। ਉਨ੍ਹਾਂ ਨੇ ਵਪਾਰੀਆਂ ਨੂੰ ਕਿਹਾ ਕਿ ਉਹ ਇਸ ਸਬੰਧੀ ਚਿੰਤਾ ਨਾ ਕਰਨ। ਬਿਹਾਰ ਦੇ ਅਨਾਜ ਵਪਾਰੀਆਂ ਦੀ ਐਸੋਸੀਏਸ਼ਨ ਵੱਲੋਂ ਕਰਵਾਏ ਸਮਾਗਮ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਮੈਂ ਜਾਣਦਾ ਹਾਂ ਕਿ ਮੁਨਾਫਾ ਕਮਾਉਣ ਵਾਸਤੇ ਛੋਟੇ ਵਪਾਰੀ ਵਸਤਾਂ ਦੀ ਜਮ੍ਹਾਖੋਰੀ ਤੇ ਕਾਲਾ ਬਾਜ਼ਾਰੀ ਕਰਦੇ ਹਨ। ਉਹ ਅਜਿਹਾ ਆਪਣੇ ਪਰਿਵਾਰਾਂ ਦੀ ਦੇਖਭਾਲ ਤੇ ਬੱਚਿਆਂ ਨੂੰ ਪੜ੍ਹਾਉਣ ਵਾਸਤੇ ਕਰਦੇ ਹਨ। ਉਨ੍ਹਾਂ ਵਪਾਰੀਆਂ ਨੂੰ ਕਿਹਾ ਕਿ ਇਸ ਵਾਸਤੇ ਉਨ੍ਹਾਂ ਨੂੰ ਫਿਕਰ ਕਰਨ ਦੀ ਲੋੜ ਨਹੀਂ ਹੈ ਕਿਉਂਕਿ ਰਾਜ ਸਰਕਾਰ

ਛੋਟੇ ਪੱਧਰ ਉਪਰ ਜਮ੍ਹਾਖੋਰੀ ਤੇ ਕਾਲਾ ਬਾਜ਼ਾਰੀ ਲਈ ਸਜ਼ਾ ਨਹੀਂ ਦੇਵੇਗੀ। ਇਕ ਤਰਾਂ ਮੁੱਖ ਮੰਤਰੀ ਨੇ ਜਮ੍ਹਾਂਖੋਰੀ ਦਾ ਸਮਰਥਨ ਕਰਦਿਆਂ ਕਿਹਾ ਕਿ ਛੋਟੇ ਵਪਾਰੀ ਅਜਿਹਾ ਆਪਣੇ ਪਰਿਵਾਰ ਦੇ ਪਾਲਣ ਪੋਸ਼ਣ ਤੇ ਬੱਚਿਆਂ ਨੂੰ ਪੜ੍ਹਾਉਣ ਦੇ ਨੇਕ ਕਾਰਜ ਲਈ ਕਰਦੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਛੋਟੇ ਵਪਾਰੀਆਂ ਦੀ ਜਮ੍ਹਾਖੋਰੀ ਨਾਲ ਬਾਜ਼ਾਰ ਵਿਚ ਵਸਤਾਂ ਦੀ ਮੰਗ ਤੇ ਸਪਲਾਈ ਉਪਰ ਕੋਈ ਅਸਰ ਨਹੀਂ ਪੈਂਦਾ ਕਿਉਂਕਿ ਛੋਟੇ ਵਪਾਰੀਆਂ ਵੱਲੋਂ ਜਮ੍ਹਾਂ ਕੀਤੀਆਂ ਵਸਤਾਂ ਦੀ ਮਾਤਰਾ ਬਹੁਤ ਥੋੜ੍ਹੀ ਹੁੰਦੀ ਹੈ। ਮੁੱਖ ਮੰਤਰੀ ਦਾ ਇਹ ਵਿਵਾਦਿਤ ਬਿਆਨ ਉਸ ਸਮੇਂ ਆਇਆ ਹੈ ਜਦੋਂ ਕੇਂਦਰ ਸਰਕਾਰ ਨੇ ਰਾਜਾਂ ਨੂੰ ਕਿਹਾ ਹੈ ਕਿ ਉਹ ਮਹਿੰਗਾਈ ਨੂੰ ਰੋਕਣ ਲਈ ਜਮ੍ਹਾਖੋਰਾਂ ਵਿਰੁੱਧ ਕਾਰਵਾਈ ਕਰਨ।

Send this to a friend