ਗੋਰਖਪੁਰ/ਲਖਨਊ, 31 ਅਗਸਤ (ਪੀ. ਟੀ)- ਆਪਣੇ ਭੜਕਾਊ ਅਤੇ ਫਿਰਕੂ ਬਿਆਨਾਂ ਲਈ ਚਰਚਾ ਵਿੱਚ ਰਹਿਣ ਵਾਲੇ ਭਾਰਤੀ ਜਨਤਾ ਪਾਰਟੀ ਦੇ ਮੈਂਬਰ ਪਾਰਲੀਮੈਂਟ ਯੋਗੀ ਅਦਿੱਤਿਆ ਨਾਥ ਇੱਕ ਵਾਰੀ ਫਿਰ ਸੁਰਖੀਆਂ ਵਿੱਚ ਆ ਗਏ ਹਨ। ਯੋਗੀ ਅਦਿੱਤਿਆ ਨਾਥ ਨੇ ਇੱਕ ਆਪਣੇ ਤਾਜ਼ਾ ਬਿਆਨ ਵਿੱਚ ਕਿਹਾ ਹੈ ਕਿ ਮੁਸਲਿਮ ਬਹੁਲ ਇਲਾਕਿਆਂ ਵਿੱਚ ਕੋਈ ਸੁਰੱਖਿਅਤ ਨਹੀਂ ਹੈ। ਨਾਲ ਹੀ ਉਨ੍ਹਾਂ ਕਿਹਾ ਕਿ ਦੰਗੇ ਉਥੇ ਹੀ ਹੁੰਦੇ ਹਨ ਜਿਥੇ ਮੁਸਲਮਾਨਾਂ ਦੀ ਅਬਾਦੀ ਜ਼ਿਆਦਾ ਹੁੰਦੀ ਹੈ। ਉਨ੍ਹਾਂ ਕਿਹਾ ਕਿ ਜੇਕਰ ਦੇਸ਼ ਵਿੱਚ ਦੰਗਿਆਂ ਦਾ ਵਿਸ਼ਲੇਸ਼ਣ ਕੀਤਾ ਜਵੇ ਤਾਂ ਇਹ ਗੱਲ ਸਾਹਮਣੇ ਆਉਂਦੀ ਹੈ ਕਿ ਜਿੱਥੇ ਮੁਸਲਮਾਨਾਂ ਦੀ ਅਬਾਦੀ 10-20 ਪ੍ਰਤੀਸ਼ਤ ਹੁੰਦੀ ਹੈ ਉਥੇ ਸੰਪਰਦਾਇਕ ਤਣਾਅ ਜ਼ਿਆਦਾ ਹੁੰਦਾ ਹੈ। ਯੋਗੀ ਅਦਿੱਤਿਆ ਨਾਥ ਨੇ ਕਿਹਾ ਕਿ ਜਿੱਥੇ ਮੁਸਲਮਾਨਾਂ ਦੀ ਅਬਾਦੀ 40 ਫੀਸਦੀ ਤੋਂ ਜ਼ਿਆਦਾ
ਹੁੰਦੀ ਹੈ, ਉਥੇ ਗੈਰ ਮੁਸਲਿਮਾਂ ਦੇ ਲਈ ਕੋਈ ਜਗ੍ਹਾ ਨਹੀਂ ਹੁੰਦੀ ਹੈ। ਗੈਰ-ਮੁਸਲਿਮਾਂ ਨੂੰ ਜਾਂ ਤਾਂ ਉਥੋਂ ਚਲੇ ਜਾਣ ਲਈ ਦਬਾਅ ਪਾਇਆ ਜਾਂਦਾ ਹੈ ਜਾਂ ਫਿਰ ਉਨ੍ਹਾਂ ਨੂੰ ਉਥੋਂ ਖਦੇੜ ਦਿੱਤਾ ਜਾਂਦਾ ਹੈ। ਅਦਿੱਤਿਆ ਨਾਥ ਨੇ ਕਿਹਾ, ਸਾਨੂੰ ਸੱਚਾਈ ਮੰਨਣੀ ਪਵੇਗੀ। ਮੈਨੂੰ ਲਗਦਾ ਹੈ ਕਿ ਜੇਕਰ ਅਸੀਂ ਸੱਚਾਈ ਨੂੰ ਕਬੂਲ ਨਹੀਂ ਕਰਦੇ ਤਾਂ ਇਹ ਸਾਡੇ ਦੇਸ਼ ਦੇ ਲੋਕਾਂ ਨਾਲ ਨਾਇਨਸਾਫੀ ਹੈ। ਭਾਰਤ ਵਿੱਚ ਅਜਿਹੇ ਇਲਾਕਿਆਂ ਵਿੱਚ ਜਿੱਥੇ ਕਿਤੇ ਵੀ ਹਿੰਦੂ ਰਹਿ ਰਹੇ ਹਨ, ਉਥੇ ਉਨ੍ਹਾਂ ਦੀ ਸ਼ਾਨ ਖਤਰੇ ਵਿੱਚ ਹੈ।
ਭਾਜਪਾ ਨੇ ਪਿੱਛੇ ਜਿਹੇ ਯੋਗੀ ਦੀ ਹੈਸੀਅਤ ਨੂੰ ਵਧਾ ਕੇ ਉਨ੍ਹਾਂ ਨੂੰ ਜ਼ਿਮਨੀ ਚੋਣਾਂ ਲਈ 11 ਹਲਕਿਆਂ ਦਾ ਇੰਚਾਰਜ ਬਣਾਇਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਯੂਪੀ ਵਿੱਚ ਕੇਂਦਰੀ ਅਰਧਸੈਨਿਕ ਬਲਾਂ ਦੀ ਨਿਗਰਾਨੀ ਵਿੱਚ ਵਿਧਾਨ ਸਭਾ ਉਪ ਚੋਣਾਂ ਕਰਵਾਈਆਂ ਜਾਂਦੀਆਂ ਹਨ ਤਾਂ ਭਾਜਪਾ ਸਾਰੀਆਂ ਸੀਟਾਂ ’ਤੇ ਜਿੱਤ ਦਰਜ ਕਰੇਗੀ। ਯੋਗੀ ਦੇ ਬਿਆਨ ’ਤੇ ਵੱਖ-ਵੱਖ ਸਿਆਸੀ ਦਲਾਂ ਦੇ ਨੇਤਾਵਾਂ ਨੇ ਤਿੱਖੀ ਪ੍ਰਤੀਕਿਰਿਆ ਵਿਅਕਤ ਕੀਤੀ ਹੈ। ਕਾਂਗਰਸ ਦੇ ਬੁਲਾਰੇ ਰਾਸ਼ਿਦ ਅਲਵੀ ਨੇ ਕਿਹਾ ਕਿ ਯੋਗੀ ਅਦਿੱਤਿਆਨਾਥ ਅਜਿਹੇ ਬਿਆਨ ਦਿੰਦੇ ਰਹਿੰਦੇ ਹਨ, ਜਿਨ੍ਹਾਂ ਨਾਲ ਸੰਪਰਦਾਇਕ ਮਹੌਲ ਖਰਾਬ ਹੋਵੇ, ਕੀ ਕੁਝ ਸੀਟਾਂ ਦੀ ਖਾਤਰ ਦੇਸ਼ ਦੇ ਅੰਦਰ ਹਿੰਦੂ-ਮੁਸਲਿਮ ਨੂੰ ਲੜਾਉਣਾ ਜਾਇਜ਼ ਹੈ।ਹਾਲਾਂਕਿ ਬੀਜੇਪੀ ਨੇ ਯੋਗੀ ਅਦਿੱਤਿਆਨਾਥ ਦੇ ਬਿਆਨ ਤੋਂ ਖੁਦ ਨੂੰ ਕਿਨਾਰਾ ਕਰਨ ਦੀ ਕੋਸ਼ਿਸ਼ ਕੀਤੀ ਹੈ। ਬੀਜੇਪੀ ਨੇਤਾ ਮੁਖਤਾਰ ਅੱਬਾਸ ਨੇ ਕਿਹਾ ਕਿ ਅਜਿਹਾ ਬਿਆਨ ਨਹੀਂ ਦਿੱਤਾ ਜਾਣਾ ਚਾਹੀਦਾ, ਕਿਉਂਕਿ ਭਾਜਪਾ ‘ਸਬਕਾ ਸਾਥ, ਸਬਕਾ ਵਿਕਾਸ’ ਦੀ ਗੱਲ ਵਿੱਚ ਯਕੀਨ ਰੱਖਦੀ ਹੈ।