ਅਟਾਰੀ, 29 ਅਗਸਤ (ਪੀ. ਟੀ)- ਬੀ. ਐਸ. ਐਫ. ਨੇ ਭਾਰਤ-ਪਾਕਿਸਤਾਨ ਸਰਹੱਦ ‘ਤੇ ਸਥਿਤ ਬਾਹਰੀ ਸਰਹੱਦੀ ਚੌਕੀ ਮੁਹਾਵਾ ਨੇੜੇ 4 ਕਿਲੋ ਹੈਰੋਇਨ, ਇਕ ਪਿਸਤੌਲ, ਇਕ ਮੈਗਜ਼ੀਨ ਅਤੇ 6 ਜਿੰਦਾਂ ਕਾਰਤੂਸ ਫੜਨ ਵਿਚ ਸਫਲਤਾ ਹਾਸਲ ਕੀਤੀ ਪਰ ਪਾਕਿਸਤਾਨੀ ਤਸਕਰ ਗੋਲੀਬਾਰੀ ਦੌਰਾਨ ਪਾਕਿਸਤਾਨ ਵਾਪਸ ਭੱਜਣ ਵਿਚ ਸਫਲ ਰਿਹਾ। ਇਸ ਹੈਰੋਇਨ ਦੀ ਅੰਤਰਰਾਸ਼ਟਰੀ ਬਾਜ਼ਾਰ ‘ਚ ਕੀਮਤ 20 ਕਰੋੜ ਰੁਪਏ ਦੇ ਲਗਪਗ ਹੈ। 28-29 ਅਗਸਤ ਦੀ ਦਰਮਿਆਨੀ ਰਾਤ ਨੂੰ ਸਰਹੱਦੀ ਚੌਕੀ ਮੁਹਾਵਾ ਨੇੜੇ ਪੈਂਦੇ ਸਰਹੱਦੀ ਬੁਰਜੀ 108/3-4 ਨੇੜੇ ਗਸ਼ਤ ਰਹੇ ਬੀ. ਐਸ. ਐਫ. ਦੀ 163 ਬਟਾਲੀਅਨ ਦੇ ਜਵਾਨਾਂ ਨੇ ਕੰਡਿਆਲੀ ਤਾਰ ਦੇ ਪਰਲੇ ਬੰਨੇ ਕੁੱਝ ਹਿੱਲ-ਜੁੱਲ ਵੇਖੀ। ਜਿਸ ਪਿੱਛੋਂ ਜਵਾਨਾਂ ਨੇ ਇਕ ਪਾਕਿਸਤਾਨੀ
ਤਸਕਰ ਨੂੰ ਲਲਕਾਰਿਆ ਪਰ ਤਸਕਰ ਸਰਹੱਦ ਵੱਲ ਵਧਦਾ ਰਿਹਾ। ਬੀ.ਐਸ.ਐਫ. ਦੇ ਜਵਾਨਾਂ ਨੇ ਤਿੰਨ ਗੋਲੀਆਂ ਤਸਕਰ ‘ਤੇ ਚਲਾਈਆਂ, ਜਿਸ ‘ਤੇ ਤਸਕਰ ਹਨੇਰੇ ਦਾ ਲਾਭ ਉਠਾਉਂਦਾ ਪਾਕਿਸਤਾਨ ਵੱਲ ਵਾਪਸ ਭੱਜ ਗਿਆ। ਬੀ. ਐਸ. ਐਫ. ਵੱਲੋਂ ਘਟਨਾ ਵਾਲੀ ਥਾਂ ਦੀ ਤਲਾਸ਼ੀ ਲੈਣ ‘ਤੇ 4 ਕਿਲੋ ਹੈਰੋਇਨ ਜੋ ਇਕ-ਇਕ ਕਿਲੋ ਦੇ ਪੈਕਟਾਂ ਦੇ ਵਿਚ ਸੀ ਤੇ ਜਿਨ੍ਹਾਂ ‘ਤੇ ਪੀਲੀ ਟੇਪ ਲਪੇਟੀ ਹੋਈ ਸੀ, ਇਕ ਪਿਸਤੌਲ 9 ਐਮ. ਐਮ, ਇਕ ਮੈਗਜ਼ੀਨ ਅਤੇ ਛੇ ਜਿੰਦਾ ਕਾਰਤੂਸ ਬਰਾਮਦ ਕੀਤੇ। ਬਾਅਦ ਵਿਚ ਡੀ.ਆਈ.ਜੀ., ਐਮ.ਐਫ. ਫਾਰੂਕੀ, ਕਮਾਂਡੈਂਟ ਸੁਖਦੇਵ ਰਾਜ ਅਤੇ ਬੀ.ਐਸ.ਐਫ ਦੇ ਉੱਚ ਅਧਿਕਾਰੀਆਂ ਵੱਲੋਂ ਬਰਾਮਦਗੀ ਵਾਲੀ ਥਾਂ ਦਾ ਦੌਰਾ ਕੀਤਾ ਗਿਆ। ਇਥੇ ਵਰਨਣਯੋਗ ਹੈ ਕਿ ਕੁੱਝ ਦਿਨਾਂ ਪਹਿਲਾਂ ਵੀ ਬੀ.ਐਸ.ਐਫ. ਨੇ ਰੋੜਾਂਵਾਲਾ ਅਤੇ ਰਤਨ ਖੁਰਦ ਨੇੜੇ ਪਾਕਿਸਤਾਨੀ ਤਸਕਰਾਂ ਦੇ ਮਨਸੂਬੇ ਨੂੰ ਅਸਫਲ ਕਰਦਿਆਂ ਪਾਕਿਸਤਾਨੀ ਮੋਬਾਇਲ, ਸਿੰਮਾਂ ਅਤੇ ਭਾਰਤੀ ਕਰੰਸੀ ਬਰਾਮਦ ਕੀਤੀ ਸੀ। ਸਾਲ 2014 ਵਿਚ ਹੁਣ ਤਕ ਬੀ.ਐਸ.ਐਫ. ਵਲੋਂ ਸਰਹੱਦ ਤੋਂ ਸਮਗਲਰਾਂ ਕੋਲੋ 162 ਕਿਲੋ ਹੈਰੋਇਨ, 793000 ਦੀ ਜ਼ਾਅਲੀ ਕਰੰਸੀ ਅਤੇ ਗੋਲੀ ਸਿੱਕਾ ਬਰਾਮਦ ਕੀਤਾ ਗਿਆ ਹੈ।



