Skip to content
Independent perspectives. Global stories.
BREAKING

ਪਿੰਡ ਨਥੇਹਾ ਦਾ ਸੰਖੇਪ ਇਤਿਹਾਸ ਅਤੇ ਗੁਰੂ ਘਰ

Share this story

ਹਰਿੰਦਰ ਸਿੰਘ ਚਹਿਲ
ਆਈ.ਪੀ.ਐਸ. , ਸਾਬਕਾ ਡੀ.ਆਈ.ਜੀ., ਪੰਜਾਬ ਪੁਲਿਸ
ਸੰਪਰਕ :98789-91911

ਸਤਾਰਵੀਂ ਸਦੀ ਦੇ ਅੱਧ ਵਿਚ ਬੱਝੇ ਸਾਡੇ ਪਿੰਡ ਨਥੇਹਾ (ਨੇੜੇ ਤਲਵੰਡੀ ਸਾਬੋ) ਵਿਖੇ ਸੰਨ 1945 ਤੱਕ ਅਜਿਹਾ ਕੋਈ ਅਸਥਾਨ ਨਹੀਂ ਸੀ, ਜਿਸ ਨੂੰ ਲੋਕ ਗੁਰੂ ਘਰ ਕਹਿ ਸਕਦੇ। ਪਿੰਡ ਵਿਚ ਇਕ ਡੇਰਾ ਜ਼ਰੂਰ ਸੀ। ਜਿਸਦੇ ਸੰਚਾਲਕ ਬਾਬਾ ਪ੍ਰੇਮ ਦਾਸ ਜੀ ਸਨ। ਸਮੇਂ ਸਮੇਂ ਤੇ ਭੀਖੀ, ਕੋਟੜਾ, ਅਤਲਾ ਅਤੇ ਖਿਆਲਾ ਪਿੰਡਾਂ ਤੋਂ ਆ ਕੇ ਲੋਕਾਂ ਨੇ ਇਥੇ ਵਸਣਾ ਸ਼ੁਰੂ ਕਰ ਦਿੱਤਾ। ਜਲਦੀ ਹੀ ਇਹ ਪਿੰਡ ਇਕ ਚੰਗੇ ਨਗਰ ਦਾ ਰੂਪ ਧਾਰਨ ਕਰ ਗਿਆ। ਨੌਵੀਂ ਥੇਹ ਤੋਂ ਇਹਦਾ ਨਾਂ ਨਥੇਹਾ ਪਿਆ।
ਸ. ਅਮਰ ਸਿੰਘ ਚਹਿਲ ਸਾਡਾ ਵੱਡਾ ਵਡੇਰਾ ਸੀ। ਜੋਗੇ ਰੱਲੇ ਦਾ ਬਾਬਾ ਜੋਗੀ ਪੀਰ ਚਹਿਲ ਸੀ। ਵੱਡੇ ਵਡੇਰੇ ਖਿਆਲੇ ਤੋਂ ਉਠ ਕੇ ਗਏ. ਜਿਸ ਨੂੰ ਚਹਿਲਾਂ ਦਾ ਮੱਕਾ ਕਹਿੰਦੇ ਹਨ। ਇਹ ਮੰਨਤਾ ਬਣੀ ਹੋਈ ਹੈ ਕਿ ਚਹਿਲ ਜਾਤੀ ਨਾਲ ਸਬੰਧਤ ਵਿਆਹ ਮਗਰੋਂ ਜਿਹੜਾ ਉਥੇ ਜਾ ਕੇ ਚਾਰ ਲਾਵਾਂ ਨਹੀਂ ਲੈਂਦਾ ਉਹਦੇ ਮੁੰਡਾ ਨਹੀਂ ਹੁੰਦਾ। ਉਨ੍ਹਾਂ ਦੇ ਮੈਂ ਗਿਆ ਨਹੀਂ ਸੀ ਵਿਆਹ ਮਗਰੋ.. ਮੇਰੀ ਬੇਟੀ ਹੋਈ. ਬੇਬੇ ਤੇ ਦਾਦੀ ਹੁਰੀਂ ਮੈਨੂੰ ਲੜਨ ਕਿ ਤੂੰ ਜਾਂਦਾ ਕਿਉਂ ਨਹੀ। ਵਡੇਰੇ ਦੀ ਮੰਨਤਾ ਹੁੰਦੀ ਐ.ਜਦ ਅਸੀਂ ਗਏ. ਬੇਬੇ ਗੁੜ ਦੀ ਭੇਲੀ ਭੰਨਿਆ ਕਰੇ ਤੇ ਸਾਡੇ ਮੂੰਹਾਂ ਵਿਚ ਪਾ ਦਿਆ ਕਰੇ। ਉਥੇ ਝਿੜੀ ਦੀ ਕੋਈ ਟਾਹਣ ਤੋੜਦਾ ਹੈ। ਉਸਦਾ ਵੱਡਾ ਨੁਕਸਾਨ ਹੁੰਦਾ ਹੈ। ਭਾਵੇਂ ਕੁਝ ਘਰਾਂ ਸਰਾਂ, ਰੰਧਾਵਾ ਆਦਿ ਗੋਤਾਂ ਨਾਲ ਵੀ ਸਬੰਧ ਰੱਖਦੇ ਹਨ ਪਰ ਪਿੰਡ ਵਿਚ ਬਹੁ ਗਿਣਥੀ ਚਹਿਲ ਗੋਤ ਦੇ ਲੋਕਾਂ ਦੀ ਸੀ, ਜੋ ਅੱਜ ਵੀ ਹੈ। ਪਿੰਡ ਕਰੋੜਾਂ ਦੇ ਸਰਦਾਰ ਸਰਦੂਲ ਸਿੰਘ ਦੇ ਸਪੁੱਤਰ ਬਾਬਾ ਚੇਤ ਸਿੰਘ ਅਤੇ ਬਾਬਾ ਖੇਤਾ ਸਿੰਘ ਵੀ ਇਥੇ ਆ ਵਸੇ। ਬਾਬਾ ਚੇਤ ਸਿੰਘ ਆਪਣੇ ਸਮੇਂ ਦੇ ਪ੍ਰਸਿੱਧ ਪਹਿਲਵਾਨ ਸਨ। ਆਪ ਜੀ ਕੁਝ ਸਾਥੀਆਂ ਸਮੇਤ ਡੇਰੇ ਜਾ ਕੇ ਪੜ੍ਹਿਆ ਕਰਦੇ ਸਨ। ਉਨ੍ਹਾਂ ਨੇ ਛੇਤੀ ਹੀ ਪੰਜ ਗ੍ਰੰਥੀ ਦਾ ਪਾਠ ਕਰ ਲਿਆ ਅਤੇ ਚਾਲੀ ਸਾਲ ਦੀ ਉਮਰ ਵਿਚ 5 ਬਾਣੀਆਂ ਕੰਠ ਕਰ ਲਈਆਂ। ਬਾਬਾ ਚੇਤ ਸਿੰਘ ਜੀ ਦਮਦਮਾ ਸਾਹਿਬ, ਤਲਵੰਡੀ ਸਾਬੋ ਬੂੰਗਾ ਨੰਦ ਸਿੰਘ ਵਿਚ ਗੁਰਬਾਣੀ ਦੀ ਮੁੰਕਮਲ ਸੰਥਿਆ ਕੀਤੀ। ਬਾਬਾ ਨੰਦ ਸਿੰਘ ਪਿੰਡ ਕੇਵਲ (ਸਿਰਸਾ) ਦੇ ਰਹਿਣ ਵਾਲੇ ਸਨ। ਬਾਬਾ ਚੇਤ ਸਿੰਘ ਜੀ ਆਪਣੇ ਸਾਥੀਆਂ ਦਲੀਪ ਸਿੰਘ, ਹਜੂਰਾ ਸਿੰਘ ਨਾਲ ਸੰਤ ਗੁਰਦਿਆਲ ਸਿੰਘ ਜੀ ਕੋਲ ਪਿੰਡ ਲਹਿਰੀ ਵਿਖੇ ਕੀਰਤਨ ਸਿੱਖਣ ਜਾਇਆ ਕਰਦੇ ਸਨ।

ਇਕ ਦਿਨ ਸੁੱਤੇ ਸੁਭਾ ਬਾਬਾ ਜੀ ਨੇ ਕਹਿ ਦਿੱਤਾ ਕਿ ਤੁਸੀਂ ਆਪਣੇ ਪਿੰਡ ਗੁਰਦੁਆਰਾ ਕਿਉਂ ਨਹੀਂ ਬਣਾਉਂਦੇ? ਬਾਬਾ ਜੀ ਨੇ ਕਿਹਾ ਕਿ ਸਾਡੇ ਪਿੰਡ ਵਿਚ ਇਸ ਕਾਰਜ ਲਈ ਕੋਈ ਆਗੂ ਬਣਨ ਨੂੰ ਤਿਆਰ ਨਹੀਂ ਹੈ। ਸੰਤ ਗੁਰਦਿਆਲ ਸਿੰਘ ਜੀ ਕਹਿਣ ਲੱਗੇ ਕਿ ਅਸੀਂ ਕੱਲ੍ਹ ਨੂੰ ਤੁਹਾਡੇ ਨਗਰ ਆਵਾਂਗੇ। ਇਹ ਗੱਲ ਸੰਨ 1945 ਦੀ ਹੈ। ਉਦੋਂ ਲਹਿਰੀ ਤੋਂ ਖੇਤਾਂ ਵਿਚ ਦੀ ਇਕ ਰਾਹ ਹੁੰਦਾ ਸੀ, ਜੋ ਕਿ ਅੱਜ ਵੀ ਹੈ। ਸੰਤਾਂ ਦਾ ਆਉਣਾ ਸੁਣ ਕੇ ਸ. ਕਰਤਾਰ ਸਿੰਘ ਚਹਿਲ (ਮੇਰੇ ਦਾਦਾ ਜੀ) ਆਪਣੇ ਖੇਤ ਕੋਲ ਬੱਠਲ ਵਿਚ ਅੱਗ ਪਾ ਕੇ ਦੁੱਧ ਦੀ ਕਾੜ੍ਹਣੀ ਰੱਖ ਕੇ ਸੰਤਾਂ ਦਾ ਰਾਹ ਮੱਲ ਉਠੇ। ਮਹਾਂਪੁਰਖ ਆਏ ਤਾਂ ਦਾਦਾ ਜੀ ਨੇ ਆਪਣੀ ਪਤਨੀ ਨਿਹਾਲ ਕੌਰ (ਮੇਰੇ ਦਾਦੀ ਜੀ) ਸਮੇਤ ਹੱਥ ਜੋੜ ਕੇ ਦੁੱਧ ਛਕਣ ਲਈ ਬੇਨਤੀ ਕੀਤੀ। ਦੁੱਧ ਛੱਕ ਕੇ ਬਾਬਾ ਜੀ ਨੇ ਸਿੱਖੀ ਸੇਵਕੀ ਨਿਭੇ ਅਤੇ ਪਰਿਵਾਰ ਬਾਦਸ਼ਾਹੀ ਸੁੱਖ ਭੋਗੇ ਦੀ ਅਸੀਸ ਦਿੰਦਿਆਂ ਅੱਗੇ ਨੂੰ ਚਾਲੇ ਪਾਏ। ਸੰਤਾਂ ਨੇ ਰਾਤ ਨੂੰ ਦੀਵਾਨ ਸਜਾਇਆ। ਗੁਰੂ ਘਰ ਬਣਾਉਣ ਲਈ ਪ੍ਰੇਰਨਾ ਦਿੱਤੀ। ਦਾਦਾ ਜੀ ਨੇ ਸਭ ਤੋਂ ਪਹਿਲਾਂ 31 ਰੂਪੈ ਦਿੱਤੇ, ਫਿਰ 15 ਰੂਪੇ ਧੰਨਾ ਸਿੰਘ ਅਤੇ 6 ਰੂਪੈ ਬੁੱਘੋ ਨਾਮੀ ਇਕ ਆਦਮੀ ਨੇ ਦਿੱਤੇ। ਸੰਤ ਗੁਰਦਿਆਲ ਸਿੰਘ ਜੀ ਨੇ ਇਹ 51 ਰੁਪੈ ਯੋਗ ਜਾਣ ਕੇ ਬਾਬਾ ਚੇਤ ਸਿੰਘ ਦੀ ਝੋਲੀ ਵਿਚ ਪਾ ਦਿੱਤੇ ਅਤੇ ਕਾਰ ਸੇਵਾ ਦੂਸਰੇ ਦਿਨ ਸ਼ੁਰੂ ਹੋ ਗਈ। ਸੰਤ ਗੁਰਦਿਆਲ ਸਿੰਘ ਜੀ ਨੇ ਪਹਿਲੀ ਇੱਟ ਰੱਖੀ ਤਾਂ ਮਿਸਤਰੀ ਨਾਹਰ ਸਿੰਘ ਨੇ ਮਹਾਂਪੁਰਖ ਦੀ ਇੱਟ ਚੁੱਕ ਕੇ ਆਪਣੇ ਵਾਲੇ ਪਾਸੇ ਦੁਬਾਰਾ ਰੱਖ ਦਿੱਤੀ ਤਾਂ ਬਾਬਾ ਜੀ ਕਹਿਣ ਲੱਗੇ ਕਿ ਸਮਾਂ ਪਾ ਕੇ ਦੁਬਾਰਾ ਦੱਖਣ ਵਾਲੇ ਪਾਸੇ ਦਰਬਾਰ ਸਾਹਿਬ ਬਣੇਗਾ, ਕੋਈ ਭਾਗਾਂ ਵਾਲਾ ਸੇਵਾ ਕਰੇਗਾ ਅਤੇ ਕਰਵਾਏਗਾ। ਪਿੰਡ ਦੀ ਇਕ ਔਰਤ ਦਾਨ ਕੌਰ ਨਵਾਂ ਬਿਸਤਰਾ ਲੈ ਕੇ ਆਈ ਤਾਂ ਬਾਬਾ ਚੇਤ ਸਿੰਘ ਜੀ ਕਹਿਣ ਲੱਗੇ, ‘ਲਿਆ ਮਾਤਾ।’ ਤਾਂ ਅੱਗੋਂ ਉਹ ਬੋਲੀ ਕਿ ਮੈਂ ਤੇਰੀ ਭਰਜਾਈ ਹਾਂ, ਮਾਤਾ ਨਹੀਂ, ਤਾਂ ਬਾਬਾ ਚੇਤ ਸਿੰਘ ਕਹਿਣ ਲੱਗੇ ਕਿ ਅੱਜ ਤੋਂ ਪਿੰਡ ਦੀ ਹਰ ਔਰਤ ਮੇਰੀ ਮਾਂ ਹੈ। ਥਾਂ ਪੱਧਰਾ ਕੀਤਾ ਜਾਣ ਲੱਗਾ। ਕੱਚੀਆਂ ਕੋਠੜੀਆਂ ਲਈ ਪਾਲੀ ਦੀਆਂ ਇੱਟਾਂ ਥੱਪੀਆਂ ਜਾਣ ਲੱਗੀਆਂ।
ਇਥੇ ਹੀ ਆਵੇ ਦੀਆਂ ਇੱਟਾਂ ਪੱਕਣ ਲੱਗੀਆਂ। ਦਾਦਾ ਜੀ ਉਚੀ ਥਾਂ ਖੜ੍ਹੇ ਹੋ ਕੇ ਰੱਖੇ ਗਏ ਨਗਾਰੇ ’ਤੇ ਚੋਟ ਮਾਰ ਕੇ ਸੇਵਾਦਾਰਾਂ ਨੂੰ ਉਤਸ਼ਾਹਿਤ ਕਰਦੇ। ਮਾਇਆ ਨਾ ਆਉਣ ਕਰਕੇ ਬਾਬਾ ਚੇਤ ਸਿੰਘ ਜੀ (ਜਿਨ੍ਹਾਂ ਨੇ ਸ਼ਾਦੀ ਨਹੀਂ ਕਰਵਾਈ ਸੀ ਨੇ ਆਪਣੇ ਰਹਿਣ ਲਈ ਬਣਾਇਆ ਘਰ ਵੇਚ ਕੇ ਸੇਵਾ ਜਾਰੀ ਰੱਖੀ ਅਤੇ ਆਪ ਛੱਪਰੀ ਪਾ ਕੇ ਬੈਠ ਗਏ, ਉਹ ਪੈਸਾ ਵੀ ਖਰਚ ਹੋ ਗਿਆ। ਬਾਬਾ ਜੀ ਦੇ ਸ਼ਰੀਕੇ ਵਿਚੋਂ ਹੀ ਇਕ ਨੇ ਕਹਿ ਦਿੱਤਾ ਕਿ ਜੇ ਸਰਦੂਲੇ ਦਾ ਪੁੱਤ ਹੈਂ ਤਾਂ ਛੱਤ ਪਾ ਕੇ ਹਟੀਂ। ਬਾਬਾ ਚੇਤ ਸਿੰਘ ਨੇ ਆਪਣੇ ਭਰਾ ਖੇਤਾ ਸਿੰਘ ਨਾਲ ਸਲਾਹ ਕਰਕੇ ਪਿੰਡ ਕੋਰੜਾ ਵਿਖੇ ਆਪਣੀ ਜੱਦੀ ਜ਼ਮੀਨ ਜਾ ਵੇਚੀ ਅਤੇ ਕਾਫੀ ਮਾਇਆ ਖਰਚ ਕੇ ਦਰਬਾਰ ਸਾਹਿਬ ਅਤੇ ਵਰਾਂਡੇ ਮੁਕੰਮਲ ਕਰ ਦਿੱਤੇ, ਜੋ ਪੈਸਾ ਬਚਿਆ, ਉਸ ਨਾਲ ਦੋਵੇਂ ਭਰਾਵਾਂ ਨੇ 12 ਕਿਲੇ ਜ਼ਮੀਨ ਪਿੰਡ ਵਿਚ ਹੀ ਇਕ ਸੇਠ ਪਾਸੋਂ ਖਰੀਦ ਲਈ। ਜਲਦੀ ਹੀ ਸੰਤ ਚੇਤ ਸਿੰਘ ਦੀ ਸ਼ਖਸੀਅਤ ਤੋਂ ਰੂਹਾਨੀਅਤ ਝਲਕਣ ਲੱਗੀ, ਇਹ ਗੁਰੂ ਘਰ ਸੰਤਾਂ ਮਹਾਂਪੁਰਖਾਂ ਦਾ ਕੇਂਦਰ ਬਣ ਗਿਆ। ਵਿਦਿਅਕ ਪੱਖੋਂ ਇਹ ਇਲਾਕਾ ਕਾਫੀ ਪਛੜਿਆ ਹੋਇਆ ਸੀ। ਮੁੱਢਲੀ ਸਿੱਖਿਆ ਵੀ ਗੁਰੂ ਘਰ ਦੇ ਵਿਹੜੇ ਵਿਚ ਹੀ ਦਿੱਤੀ ਜਾਂਦੀ ਸੀ, ਜਿਸਦੀ ਨਿਗਰਾਨੀ ਬਾਬਾ ਚੇਤ ਸਿੰਘ ਜੀ ਖੁਦ ਕਰਦੇ ਸਨ।
ਸੰਨ 1947 ਦੀ ਦੁਖਦਾਈ ਵੰਡ ਸਮੇਂ ਇਕ 17 ਕੁ ਸਾਲ ਦਾ ਗਰੀਬ ਅਤੇ ਅਨਾਥ ਬੱਚਾ ਸੰਤ ਅਜੀਤ ਸਿੰਘ ਜੀ ਰਾਏਪੁਰ ਵਾਲੇ ਬਾਬਾ ਚੇਤ ਸਿੰਘ ਜੀ ਪਾਸ ਛੱਡ ਗਏ, ਜਿਸਦੇ ਮਾਤਾ ਪਿਤਾ ਜਾਂ ਤਾਂ ਮਾਰੇ ਗਏ ਜਾਂ ਪਾਕਿਸਤਾਨ ਚਲੇ ਗਏ। ਬਾਬਾ ਜੀ ਨੇ ਉਸ ਬੱਚੇ ਨੂੰ ਗੋਦ ਲਿਆ ਅਤੇ ਨਾਮ ਭਗਤ ਸਿੰਘ ਰੱਖ ਦਿੱਤਾ। ਬਾਬਾ ਚੇਤ ਸਿੰਘ ਜੀ ਆਪਣੇ ਭਰਾ ਖੇਤਾ ਸਿੰਘ ਨੂੰ ਕਿਹਾ ਕਿ ਆਪਣਾ ਦੋਵਾਂ ਦਾ ਸੰਸਾਰ ਉਤੇ ਨਾਮ ਰਹਿ ਜਾਵੇਗਾ, ਤੂੰ ਆਪਣੇ ਹਿੱਸੇ ਦੀ ਜ਼ਮੀਨ ਗੁਰੂ ਘਰ ਦੇ ਨਾਮ ਲਗਵਾ ਦੇ ਅਤੇ ਮੈਂ ਆਪਣੀ ਜ਼ਮੀਨ ਭਗਤ ਦੇ ਨਾਮ ਲਵਾ ਦਿੰਦਾ ਹਾਂ। ਇਵੇਂ ਕੀਤਾ ਗਿਆ। ਸੰਨ 1968 ਵਿਚ ਬਾਬਾ ਖੇਤਾ ਸਿੰਘ ਜੀ ਚਲਾਣਾ ਕਰ ਗਏ। ਉਪਰੰਤ ਬਾਬ ਚੇਤ ਸਿੰਘ ਜੀ ਵੀ ਬਹੁਤ ਬਿਮਾਰ ਹੋ ਗਏ। ਆਪਣਾ ਅੰਤ ਨੇੜੇ ਜਾਣ ਕੇ ਪੋਹ ਸੁਦੀ ਸੱਤਵੀਂ ਦਾ ਸਮਾਗਮ ਸਮੇਂ ਤੋਂ ਪਹਿਲਾਂ ਮਨਾਇਆ ਅਤੇ ਆਉਣ ਵਾਲੇ ਸਮੇਂ ਨੂੰ ਭਾਂਪਦਿਆਂ ਜਿੱਥੇ ਨਗਰ ਨਿਵਾਸੀਆਂ ਨੂੰ ਭਗਤ ਜੀ ਦੇ ਸਿਰ ’ਤੇ ਹੱਥ ਰੱਖ ਲਈ ਅੰਤਿਮ ਬੇਨਤੀ ਕੀਤੀ, ਉਥੇ ਨਾਲ ਹੀ ਭਗਤ ਜੀ ਨੂੰ ਹਦਾਇਤ ਕੀਤੀ ਕਿ ਤੇਰੇ ਗੁਜ਼ਾਰੇ ਜੋਗੀ ਜ਼ਮੀਨ ਅਸੀਂ ਤੈਨੂੰ ਦੇ ਚੱਲੇ ਹਾਂ। ਜਦ ਤੱਕ ਲੋਕ ਖੁਸ਼ ਰਹਿਣ.. ਤਦ ਤੱਕ ਹੀ ਸੇਵਾ ਕਰਨੀ ਹੈ। ਇਉਂ ਮਹੀਨਾ ਦਸੰਬਰ ਸੰਨ 1969 ਵਿਚ ਅੰਮ੍ਰਿਤ ਵੇਲੇ 22 ਮੱਘਰ ਵਾਲੇ ਦਿਨ ਬਾਬਾ ਚੇਤ ਸਿੰਘ ਜੀ ਗੁਰੂ ਚਰਨਾਂ ਵਿਚ ਲੀਨ ਹੋ ਗਏ। ਬਾਬਾ ਭਗਤ ਸਿੰਘ ਜੀ ਨੇ ਸੰਨ 1970 ਵਿਚ ਭਾਈ ਬਲਵੀਰ ਸਿੰਘ ਨੂੰ ਗੋਦ ਲਿਆ। ਸੰਨ 1996 ਤੱਕ ਆਪ ਜੀ ਨੇ ਬੇਅੰਤ ਸੇਵਾ ਕੀਤੀ। ਪਾਰਕੋਸਿਨ ਦੀ ਭਿਆਨਕ ਬਿਮਾਰੀ ਕਾਰਨ 49 ਸਾਲ ਦੀ ਬੇਦਾਗ ਸੇਵਾ ਕਰਕੇ ਬਾਬਾ ਭਗਤ ਸਿੰਘ ਨੇ ਸੰਗਤਾਂ ਤੋਂ ਖਿਮਾ ਮੰਗ ਲਈ ਅਤੇ ਆਪਣੇ ਗੋਦ ਲਏ ਸਪੁੱਤਰ ਕੋਲ ਰਹਿ ਕੇ ਸੁਆਸ ਸੁਆਸ ਸਿਮਰਨ ਕਰਦਿਆਂ 22 ਫਰਵਰੀ 2010 ਨੂੰ ਅੱਸੀ ਸਾਲ ਦੀ ਉਮਰ ਭੋਗ ਕੇ ਗੁਰੂ ਚਰਨਾਂ ਵਿਚ ਜਾ ਬਿਰਾਜੇ।
ਪਿੰਡ ਦੀ ਮੌਜੂਦਾ ਜਨ ਸੰਖਿਆ ਅਨੁਸਾਰ ਇਸ ਸਮੇਂ ਦੀ ਲੋੜ ਵੀ ਸੀ ਅਤੇ ਸੰਤ ਗੁਰਦਿਆਲ ਸਿੰਘ ਜੀ ਦੇ ਕਹੇ ਸ਼ਬਦ ਵੀ ਜਿਵੇਂ ਪੂਰੇ ਹੋਣੇ ਸਨ। ਚੇਤੇ ਰਹੇ ਕਿ ਮੈਨੂੰ ਵੀ ਸੰਤ ਬਾਬਾ ਚੇਤ ਸਿੰਘ ਜੀ ਨੇ ਆਪਣੇ ਹੱਥੀਂ ਧਰਤੀ ’ਤੇ ‘ੳ’ ਅੱਖਰ ਲਿਖਵਾ ਕੇ ਮੁਢਲੀ ਵਿਦਿਆ ਦੀ ਸ਼ੁਰੂਆਤ ਕਰਵਾਈ ਸੀ। ਮਹਾਂਪੁਰਖਾਂ ਦੀ ਅਸ਼ੀਰਵਾਦ ਅਤੇ ਸੰਤਾਂ ਦੇ ਸਹਿਯੋਗ ਨਾਲ ਗੁਰੂ ਘਰ ਦੀ ਮਹਾਨ ਸੇਵਾ ਸਾਡੇ ਚਹਿਲ ਪਰਿਵਾਰ ਦੇ ਹਿੱਸੇ ਆਈ। ਪੰਜ ਅੰਮ੍ਰਿਤਧਾਰੀ ਸਿੰਘਾਂ ਦੇ ਅਰਦਾਸ ਉਪਰੰਤ ਦਰਬਾਰ ਸਾਹਿਬ ਦੀ ਨੀਂਹ ਰੱਖੀ। ਜਿਸ ਵਿਚ ਚਹਿਲ ਪਰਿਵਾਰ ਦੇ ਛੋਟੇੱ ਤੋਂ ਵੱੜੇ ਤੱਕ ਪਰਿਵਾਰਕ ਮੈਂਬਰ ਹਾਜ਼ਰ ਹੋਏ ਅਤੇ ਸਮੁੱਚੇ ਪਰਿਵਾਰ ਵੱਲੋਂ ਨੀਂਹ ਵਿਚ ਸੁਨਹਿਰੀ ਸਿੱਕੇ ਰੱਖ ਕੇ ਸੰਤ ਸ੍ਰੀ ਬਸੰਤ ਗਿਰ ਜੀ ਨਮੋਲ ਵਾਲਿਆਂ ਵੱਲੋਂ ਭੇਜੀਆਂ ਪੰਜ ਇੱਟਾਂ ਰੱਖਣ ਉਪਰੰਤ ਜੈਕਾਰਿਆਂ ਦੀ ਗੁੂੰਜ ਨਾਲ ਇਹ ਮਹਾਨ ਕਰਾਜ ਆਰੰਭ ਦਿੱਤਾ। ਗੁਰੂ ਸਾਹਿਬਾਨ ਵੱਲੋਂ ਦਿੱਤੇ ਸਾਂਝੀ ਵਾਲਤਾ ਦੇ ਉਪਦੇਸ਼ ਨੂੰ ਮੁਖ ਰੱਖ ਕੇ ਪਿੰਡ ਵਿਚ ਰਹਿਣ ਵਾਲੇ ਸਮੂਹ ਧਰਮਾਂ ਅਤੇ ਜਾਤਾਂ ਦੇ ਲੋਕਾਂ ਤੋਂ ਵੀ ਇਕ ਇਕ ਇੱਟ ਰਖਵਾਈ ਗਈ। ਸ. ਬਲਵੰਤ ਸਿੰਘ ਚਾਹਲ, ਡਾ. ਸੇਵਾ ਸਿੰਘ ਅਤੇ ਭਾਈ ਬਲਵੀਰ ਸਿੰਘ ’ਤੇ ਅਧਾਰਿਤ ਤਿੰਨ ਮੈਂਬਰੀ ਕਮੇਟੀ ਬਣਾਈ ਗਈ, ਜਿਸ ਨੂੰ ਨੀਂਹ ਰੱਖਣ ਤੋਂ ਛੱਤ ਪੈਣ ਤੱਕ ਸੇਵਾ ਦਾ ਹੁਕਮ ਹੋਇਆ। ਜਿਨ੍ਹਾਂ ਨੇ ਛੱਤ ਪੈਣ ਉਪਰੰਤ ਅੱਗੇ ਸੇਵਾ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸੌਂਪ ਦਿੱਤੀ। ਸ. ਗੁਰਮੇਲ ਸਿੰਘ ਖੁਰਾਣਾ, ਜਸਪਾਲ ਸਿੰਘ, ਰਛਪਾਲ ਸਿੰਘ ਅਤੇ ਸਾਧੂ ਸਿੰਘ ਨੂੰ ਮਿਸਤਰੀ ਨਿਯੁਕਤ ਕੀਤੇ ਗਏ। ਸ੍ਰੀ ਗੁਰੂ ਗ੍ਰੰਥ ਸਾਹਿਬ ਨਵੇਂ ਦਰਬਾਰ ਸਾਹਿਬ ਵਿਚ ਬਿਰਾਜਮਾਨ ਹੋਏ। ਹੁਣ ਤੱਕ ਇਸ ਮਹਾਨ ਕਾਰਜ ’ਤੇ ਲੱਗਭਗ 1 ਕਰੋੜ ਰੂਪੇ ਖਰਚ ਆ ਚੁੱਕਾ ਹੈ, ਜਿਸ ਵਿਚ ਅੱਧ ਤੋਂ ਵੱਧ ਹਿੱਸਾ ਪਾ ਕੇ ਚਹਿਲ ਪਰਿਵਾਰ ਨੇ ਆਪਣੇ ਪੁਰਖਿਆਂ ਦੀ ਧਰਤੀ ਪ੍ਰਤੀ ਡੂੰਘੇ ਪਿਆਰ ਅਤੇ ਸਤਿਕਾਰ ਦਾ ਇਜਹਾਰ ਕੀਤਾ ਹੈ। ਸੰਤ ਗੁਰਦਿਆਲ ਸਿੰਘ ਜੀ ਲਹਿਰੀ ਵਲੋਂ ਦਾਦਾ ਜੀ ਕਰਤਾਰ ਸਿੰਘ ਚਹਿਲ ਨੂੰ ਉਨ੍ਹਾਂ ਦੀ ਸੇਵਾ ਤੋਂ ਖੁਸ਼ ਹੋ ਕੇ ਕਹੇ ਇਨ੍ਹਾਂ ਸ਼ਬਦਾਂ ਕਿ ਸਿੱਖੀ ਸੇਵਕ ਕੀ ਨਿਭੇ ਅਤੇ ਪਰਿਵਾਰ ਬਾਦਸ਼ਾਹੀ ਸੁੱਖ ਭੋਗੇ ਨਾਲ ਆਪਣੇ ਸ਼ਬਦਾਂ ਨੂੰ ਇਥੇ ਹੀ ਬਿਸ਼ਰਾਮ ਦਿੰਦਾ ਹਾਂ। ਇਹ ਸੰਖੇਪ ਜਿਹੀ ਪੰਛੀ ਝਾਤ ਸੀ.. ਚਹਿਲਾਂ ਬਾਰੇ ਤੇ ਸਾਡੇ ਪਿੰਡ ਦੇ ਗੁਰੂ ਘਰ ਬਾਰੇ।

WRITTEN BY