Skip to content
Independent perspectives. Global stories.
BREAKING

ਗਲਤਫਹਿਮੀ

Share this story

ਡਾ. ਨਰਿੰਦਰ ਸਿੰਘ ਹਰੀਕਾ ਸੰਪਰਕ : 98760-34567, 98155-90400
ਮੈਡੀਕਲ ਮਾਹਿਰ, ਲੇਖਕ, ਗੁਣੀ ਇਨਸਾਨ ਅਤੇ ਵਿਦਿਆ ਦਾਨੀ
ਪਿੰਡ ਨੰਗਲ ਕਲਾਂ (ਮਾਨਸਾ)

image ਖਾਖੀ ਪਾਪਲੀਨ ਦੇ ਚਾਦਰੇ, ਕਲੀਆਂ ਵਾਲੇ ਕੁੜਤੇ, ਖੱਬੇ ਕੰਨ ਉਤੋਂਦੀ ਲੰਮਾ ਲੜ ਛੱਡ ਕੇ ਬੰਨ੍ਹੀ ਚਿੱਟੀ ਪੱਗ ਅਤੇ ਲਾਲ ਸੂਹੀਆਂ ਅੱਖਾਂ ਵਾਲੇ ਸਰਦਾਰ ਦੇ ਬਾਡੀਗਾਰਡ ਘੀਲੇ ਬਦਮਾਸ਼ ਨੇ ਡਰਾਈਵਰ ਨੂੰ ਆਖ ਕੇ ਫੋਰਡ ਟਰੈਕਟਰ ਨੌਹਰੇ ’ਚੋਂ ਕਢਵਾਅ, ਨੌਹਰੇ ਦੇ ਬੂਹੇ ਮੂਹਰਲੀ ਬੀਹੀ ਵਿਚ ਖੜਵਾਇਆ। ਆਪ ਹੱਥ ਵਿਚਲਾ ਤਿੱਖੀ ਧਾਰ ਵਾਲਾ ਗੰਡਾਲਾ ਫੜੀ ਸਰਦਾਰ ਕੋਲ ਹਵੇਲੀ ਵਿਚ ਗਿਆ। ਹਵੇਲੀ ਦੇ ਬੂਹੇ ਮੂਹਰੇ ਖੜਦਾ ਬੋਲਿਆ,
‘ਚਲੋ ਸਰਦਾਰ ਜੀ ! ਡਰਾਈਵਰ ਟਰੈਕਟਰ ਬੀਹੀ ’ਚ ਲਈ ਖੜੈ।’
‘ਓਏ ਚਲਦੇ ਆਂ! ਘੀਲਿਆ!! ਸ਼ਹਿਰੋਂ ਲਿਆਉਣ ਆਲੇ ਸਮਾਨ-ਸੱਪੇ ਦੀ ਪਰਚੀ ਬਣਾ ਲੀਏ.. ਉਂ ਮੂੰਹ ਜ਼ਬਾਨੀ ਕੰਜਰ ਦਾ ਯਾਦ ਨੀ ਰਹਿੰਦਾ। ਕੁਛ ਨਾ ਕੁਛ ਭੁੱਲ ਆਈਦਾ।’
‘‘ਚਲੋ.. ਠੀਕ ਐ.. ਤੁਸੀਂ ਪਰਚੀ ਬਣਾ ਕੇ ਆਜੋ… ਮੈਂ ਡਰਾਈਵਰ ਕੋਲੇ ਚਲਦਾਂ… ਤੁਸੀਂ ਠੰਡੇ ਮਤੇ ਨਾਲ ਆਜੋ।’
‘ਚੱਲ ..’ ਸਰਦਾਰ ਨੇ ਕਿਹਾ। ਘੀਲਾ ਵਾਪਿਸ ਚਲਾ ਗਿਆ। ਸਰਦਾਰ ਨੇ ਪਰਚੀ ਬਣਾਉਣ ਲਈ ਕਾਗਜ਼ ਲੈਣ ਖਾਤਰ ਆਪਣੀ ਲੜਕੀ ਪ੍ਰੀਤੀ ਦੀ ਬੀ.ਏ. ਫਾਈਨਲ ਦੇ ਨੋਟਿਸਾਂ ਵਾਲੀ ਨੋਟ ਬੁੱਕ ਚੁਕੀ। ਉਸ ਨੇ ਕਾਗਜ਼ ਲੈਣ ਲਈ ਹਾਲੇ ਨੋਟ ਬੁੱਕ ਫਰੋਲਣੀ ਸ਼ੁਰੂ ਹੀ ਕੀਤੀ ਸੀ ਕਿ ਇੰਨੇ ਨੂੰ ਨੋਟ ਬੁੱਕ ਵਿਚੋਂ ਤਿੰਨ ਤੈਹਾਂ ਮਾਰਿਆ ਕਾਗਜ਼ ਨਿਕਲ ਕੇ ਹੇਠ ਡਿੱਗਿਆ। ਡਿੱਗੇ ਤੈਹਾਂ ਮਾਰੇ ਕਾਗਜ਼ ਦੇ ਬਾਹਰਲੇ ਪਾਸੇ ਲਿਖੇ ਸ਼ਬਦ ਸਰਦਾਰ ਦੀ ਨਜ਼ਰ ਪਏ। ਸ਼ਬਦ ਸਨ,
‘ਸਿਰਫ ਪਿਆਰੀ ਪ੍ਰਤੀ ਲਈ।’
ਇਹ ਸ਼ਬਦ ਪੜ੍ਹਦਿਆਂ ਹੀ ਸਰਦਾਰ ਦੇ ਕਰੜ-ਬਰੜੀ ਦਾੜੀ-ਮੁੱਛਾਂ ਵਾਲੇ ਚਾਪੜ ਵਰਗੇ ਮੂੰਹ ਉਤੇ ਗੁਸੈਲਾ ਤਣਾਅ ਉਭਰਿਆ। ਉਹ ਕਾਹਲੀ ਕਾਹਲੀ ਤੈਹਾਂ ਖੋਲ ਕੇ ਕਾਗਜ਼ ਪੜ੍ਹਨ ਲੱਗਿਆ। ਕਾਗਜ਼ ’ਤੇ ਲਿਖਿਆ ਹੋਇਆ ਸੀ,
‘ਪਿਆਰੀ ਪ੍ਰੀਤੀ ! ਮੈਨੂੰ ਤਾਂ ਤੂੰ ਕਿਸੇ ਸਮੇਂ ਵੀ ਨਹੀਂ ਭੁੱਲਦੀ। ਤੇਰੀ ਪਿਆਰੀ ਪਿਆਰੀ ਸੂਰਤ ਮੇਰੇ ਮੂਹਰੇ ਰਹਿੰਦੀ ਹੈ। ਏਸੇ ਕਰਕੇ ਤਾਂ ਮੈਂ ਆਪਣੀ ਕਲਾਸ ਵਾਲੇ ਗੁੰਡੇ ਭਿੰਦਰੇ ਨੂੰ ਕੁੱਟਿਆ ਸੀ ਕਿਉਂਕਿ ਉਹ ਤੈਨੂੰ ਛੇੜਦਾ ਰਹਿੰਦਾ ਸੀ। ਕੋਈ ਤੈ ਛੇੜਦਾ ਹੋਵੇ.. ਤੇ ਮੈਂ ਬਰਦਾਸ਼ਤ ਕਰ ਲੈਂਦਾ? ਇਹ ਕਿਵੇਂ ਹੋ ਸਕਦਾ ਸੀ? ਪਰ ਤੂੰ ਮੈਨੂੰ ਵੀਰੇ ਵੀਰੇ ਕਰਦੀ ਰਹਿੰਨੀ ਐਂ! ਮੈਂ ਤੇਰਾ ਵੀਰਾ ਨਹੀਂ.. ਤੇਰੇ ਦਿਲ ਦਾ ਜਾਨੀ ਬਣਨਾ ਚਾਹੀਦਾ ਹਾਂ। ਤੇਰੇ ਦਿਲਾਂ ਦਾ ਜਾਨੀ।
ਕੁਲਦੀਪ ਤੇਰੇ ਪਿੰਡ ਵਾਲਾ ਤੇਰਾ ਕਲਾਸ ਫੈਲੋ।

ਸਰਕਾਰ ਹੱਥ ਵਿਚਲਾ ਕਾਗਜ਼ ਜਿਉਂ ਜਿਉਂ ਪੜ੍ਹੀ ਜਾ ਰਿਹਾ ਸੀ ਉਵੇਂ ਉਵੇਂ ਉਸ ਦੀਆਂ ਵੱਡੀਆਂ ਵੱਡੀਆਂ ਅੱਕਾਂ ਲਾਲ ਸੂਹੀਆਂ ਹੁੰਦੀਆਂ ਜਾ ਰਹੀਆਂ ਸਨ। ਗੁਸੈਲੇ ਤਣਾਅ ਵਾਲਾ ਚਿਹਰਾ ਅੱਗ ਦੇ ਬਬੂਲੇ ਵਿਚ ਬਦਲ ਚੁੱਕਿਆ ਸੀ। ਉਸ  ਨੂੰ ਇਉਂ ਲੱਗਣ ਲੱਗ ਪਿਆ ਸੀ ਜਿਵੇਂ ਉਸ ਦੇ ਪਿੰਡ ਦੇ ਨੰਗ ਜੱਟ ਦੇ ਮੁੰਡੇ ਕੁਲਦੀਪ ਨੇ ਉਸ ਦੇ ਸਿਰ ’ਤੇ ਬੰਨ੍ਹੀ ਚਿੱਟੀ ਪੱਗ ਨੂੰ ਹੱਥ ਪਾ ਲਿਾ ਹੋਵੇ। ਗੁੱਸੇ ਨਾਲ ਭਰੇ ਪੀਤੇ ਅਤੇ ਦੰਦ ਕਿਰਚਦੇ ਸਰਦਾਰ ਨੇ ਹਾਲੇ ਸਾਹਮਣੇ ਕੰਧ ਵਿਚਲੀ ਕਿੱਲੀ ਨਾਲ ਟੰਗੀ ਬਾਰਾਂ ਬੋਰ ਦੀ ਬੰਦੂਕ ਚੁੱਕੀ ਹੀ ਸੀ ਕਿ ਇੰੇਨੇ ਨੂੰ ਸਰਦਾਰ ਨੂੰ ਉਡੀਕਦਾ ਉਡੀਕਦਾ ਘੀਲਾ ਫੇਰ ਆਇਆ।
‘ਸਰਦਾਰ ਜੀ! ਬਾਹਲਾ ਟੈਮ ਹੀ ਲਾਤਾ ਤੁਸੀਂ? ’’
‘ਓਏ ਘੀਲਿਆ! ਹੁਣ ਆਪਾਂ ਸ਼ਹਿਰ ਨਹੀਂ ਜਾਣਾ.. ਨੰਗ ਜੱਟ ਦੇ ਮੁੰਡੇ ਕੀਪੇ ਦਾ ਸਿਰ ਧੜ ਨਾਲੋਂ ਅੱਡ ਕਰਨੈਂ।’
‘ਹੈਂ ਸਰਦਾਰ ਜੀ!’ ਸਰਦਾਰ ਦੇ ਬਦਲੇ ਤੌਰ ਤਰੀਕੇ ਵੱਲ ਤੱਕਦੇ ਅਤੇ ਉਸ ਦੀ ਗੱਲ ਸੁਣਦੇ ਹੱਕੇ ਬੱਕੇ ਹੋਏ ਘੀਲੇ ਨੇ ਹੈਰਾਨੀ ਭਰੇ ਅੰਦਾਜ਼ ਵਿਚ ਪੁੱਛਿਆ,‘ਆਖਰ ਗੱਲ ਕੀ ਹੋਗੀ ਸਰਦਾਰਾ?’
‘ਜਾਤ ਦੀ ਕੋਹੜ ਕਿਰਲੀ ਤੇ ਸਤੀਰਾਂ ਨੂੰ ਜੱਫੀਆਂ?’’
‘ਤੁਸੀਂ ਗੱਲ ਤਾਂ ਦੱਸੋ, ਐਹੋ ਜਿਹਾ ਕੀ ਹੋ ਗਿਆ? ’’
‘‘ਗੱਲ ਫੇਰ ਦੱਸੂੰ… ਪਹਿਲਾਂ ਗੰਡੇ ਅਤੇ ਝੰਡੇ ਹੋਰਾਂ ਵਾਲਿਆਂ ਨੂੰ ਬੁਲਾ… ਅੱਜੇ ਅੱਜ ਕੀਪੇ ਕੁੱਤੇ ਦਾ ਸਿਰ ਧੜ ਨਾਲੋਂ ਅੱਡ ਕਰਨੈਂ..’’ ਸਰਦਾਰ ਦੇ ਗੁਸੈਲੇ ਅਤੇ ਹਿੰਢੀ ਸੁਭਾਅ ਤੋਂ ਵਾਕਿਫ ਘੀਲੇ ਨੇ ਸਰਦਾਰ ਨੂੰ ਕੋਈ ਹੋਰ ਸਵਾਲ ਕਰਨਾ ਠੀਕ ਨਾ ਸਮਝਿਆ। ਉਹ ਹੱਥਲਾ ਗੰਡਾਸਾ ਮੋਢੇ ਰੱਖ ਤੁਰਦਾ, ਡਰਾਈਵਰ ਨੂੰ ਟਰੈਕਟਰ ਮੋੜ ਕੇ ਨੌਹਰੇ ਵਿਚ ਖੜਾ ਕਰਨ ਨੂੰ ਆਖ ਕੇ ਵੈਲੀ ਗੰਡੇ ਝੰਡੇ ਹੋਰਾਂ ਨੂੰ ਬੁਲਾ ਕੇ ਲਿਆਉਣ ਲਈ ਤੁਰਿਆ। ਉਹ ਉਹਨਾਂ ਨੂੰ ਵੀਹ ਪੱਚੀ ਮਿੰਟਾਂ ਵਿਚ ਹੀ ਬੁਲਾ ਲਿਆਇਆ। ਸਰਦਾਰ ਨੇ ਉਨ੍ਹਾਂ ਤਿੰਨਾਂ ਨੂੰ ਪਹਿਲਾਂ ਅੰਗਰੇਜ਼ੀ ਸ਼ਰਾਬ ਦੇ ਦੋ ਦੋ ਪੱਗ ਲਵਾਏ। ਫੇਰ ਆਪਣੀ ਲੜਕੀ ਪ੍ਰੀਤੀ ਦੀ ਬੀ.ਏ. ਫਾਈਨਲ ਵਾਲੀ ਨੋਟ ਬੁੱਕ ਵਿਚੋਂ ਨਿਕਲੇ ਕਾਗਜ਼ ਉਤਲੀ ਗੱਲ ਦੱਸੀ। ਗੱਲ ਸੁਣਦਿਆਂ ਹੀ ਘੀਲੇ, ਗੰਡੇ ਅਤੇ ਝੰਡੇ ਹੋਰਾਂ ਦੇ ਮਨਾਂ ਅੰਦਰਲੀ, ਸਰਦਾਰ ਪ੍ਰਤੀ ਵਫਾਦਾਰੀ ਭੜਕੀ। ਉਨ੍ਹਾਂ ਨੂੰ ਇਉਂ ਲੱਗਣ ਲੱਗਿਆਂ ਜਿਵੇਂ ਕੁਲਦੀਪ ਨੇ ਸਰਦਾਰ ਦੀ ਪੱਗ ਨੂੰ ਹੱਥ ਨਾ ਪਾਇਆ ਹੋਵੇ ਸਗੋਂ ਉਨ੍ਹਾਂ ਦੇ ਵੈਲਪਣੇ ਨੂੰ ਵੰਗਿਆ ਹੋਵੇ।
ਉਹ ਚਾਰੇ ਸ਼ਰਾਬ ਦੇ ਪੈਗ ਪੀਣ ਦੇ ਨਾਲ ਨਾਲ, ਕਾਲਜੋਂ ਸਾਈਕਲ ’ਤੇ ਆਉਂਦੇ ਕੁਲਦੀਪ ਨੂੰ ਰਸਤੇ ਵਿਚ ਹੀ ਮਾਰਨ ਦੀ ਵਿਉਂਤ ਬਣਾਉਂਦੇ ਰਹੇ। ਅੱਧੇ ਪੌਣੇ ਘੰਟੇ ਵਿਚ ਬਣਾਈ ਵਿਉਂਤ ਮੁਤਾਬਿਕ, ਸਰਦਾਰ ਖੁਦ ਆਪ ਤਾਂ ਘਰ ਹੀ ਰਿਹਾ। ਘੀਲਾ ਆਪਣਾ ਤਿੱਖੀ ਧਾਰ ਵਾਲਾ ਗੰਡਾਸਾ ਚੁੱਕ, ਗੰਡਾ ਕਿਰਪਾਨ ਹੱਥ ਲੈ ਅਤੇ ਝੰਡਾ ਗੰਦਾਲਾ ਹੱਥ ਫੜ ਸ਼ਹਿਰ ਨੂੰ ਜਾਂਦੇ ਰਾਹ ਟਰੈਕਟਰ ਕਈ ਵਾਰ ਕਈਆਂ ਦੇ ਵਿਚ ਵਜਣੋ ਮਸ੍ਯਾਂ ਹੀ ਬਚਾਇਆ। ਕੁੱਤੀ ਦੇ ਕਤੂਰਿਆਂ ਨੂੰ ਟਰੈਕਟਰ ਦੇ ਟਾਇਰਾਂ ਹੇਠ ਲਤੜਨ ਬਾਅਦ ਉਹ ਹਾਲੇ ਪਿੰਡੋਂ ਥੋੜੀ ਦੂਰ ਹੀ ਬਾਹਰ ਗਏ ਸਨ ਕਿ ਇੰਨੇ ਨੂੰ ਉਨ੍ਹਾਂ ਨੂੰ ਇੱਕ ਬਾਈ ਤੇਈ ਸਾਲ ਦੀ ਉਮਰ, ਲੰਮੇ ਕੱਦ, ਗੋਰੇ ਰੰਗ ਅਤੇ ਬਿਸਕੁਟੀ ਰੰਗ ਦੇ ਕਮੀਜ਼ ਪਜ਼ਾਮੇ ਵਾਲਾ ਕੁਲਦੀਪ ਸਾਈਕਲ ਤੇ ਸਵਾਰ ਹੋਇਆ ਆਉਂਦਾ ਦਿੱਸਿਆ । ਉਹ ਜਦ ਦੋ ਕਰਮਾਂ ਦੀ ਵਿਥ ਤੇ ਹੀ ਰਹਿ ਗਿਆ ਤਾਂ ਘੀਲੇ ਨੇ ਟਰੈਕਟਰ ਭੀੜੇ ਰਾਹ ਦੇ ਵਿਚਕਾਰ ਰੋਕਿਆ। ਉਹ ਤਿੰਨੇ ਆਪੋ ਆਪਣੇ ਸੰਦ ਹੱਥ ਲੈ ਟਰੈਕਟਰ ਉਤੋਂ ਹੇਠਾਂ ਉਤਰੇ। ਉਹ ਵਲ ਭੈਭੀਤ ਹੋ ਕੇ ਤੱਕਦੇ ਕੁਲਦੀਪ ਨੇ ਕਿਹਾ,
‘‘ਚਾਚਾ ਘੀਲਾ ਸਿਆਂ! ਮੈਂ ਤਾਂ ਥੋਨੂੰ ਕੁਛ ਨਹੀਂ ਕਿਹਾ?’’
‘ਓਏ! ਕੁੱਤੇ ਦਿਆ ਪੁੱਤਾ! ਪਾ ਕੇ ਸਾਡੇ ਸਰਦਾਰ ਦੀ ਪੱਗ ਨੂੰ ਹੱਥ, ਹਾਲੇ ਕਹਿਨੈ ਕੁਛ ਨਹੀਂ ਕਿਹਾ।’’ ਘੀਲੇ ਨੇ ਬੋਲਣੋ ਹੱਟਣ ਦੇ ਨਾਲ ਹੀ ਹੱਥਲਾ ਗੰਡਾਸਾ ਕੁਲਦੀਪ ਦੇ ਸਿਰ ਵਲ ਵਰਾਇਆ। ਕੁਲਦੀਪ ਦੇ ਬਾਹ ਮੂਹਰੇ ਕਰਨ ਵਾਲਾ ਗੰਡਾਸਾ ਉਸ ਦੀ ਬਾਂਹ ਉਤੇ ਵੱਜਿਆ। ਸਾਇਕਲ ਡਿੱਗਿਆ। ਸਾਈਕਲ ਮੂਹਰਲੀ ਟੋਕਰੀ ਵਿਚਲੀਆਂ ਬੀ.ਏ. ਫਾਈਨਲ ਦੀਆਂ ਕਿਤਾਬਾਂ ਟੋਕਰੀ ਵਿਚੋਂ ਡਿੱਗਕੇ ਰਾਹ ਵਿਚ ਖਿੰਡੀਆਂ। ਜਸਵੰਤ ਕੰਵਲ ਦਾ ਨਾਵਲ ‘ਰਾਤ ਬਾਕੀ ਹੈ’ ਉਤੇ, ਕੁਲਦੀਪ ਦੀ ਬਾਂਹ ਵਿਚੋਂ ਡੁਲਣੇ ਸ਼ੁਰੂ ਹੋਏ ਲਹੂ ਦੇ ਛਿੱਟੇ ਪਏ। ਉਨ੍ਹਾਂ ਤਿੰਨਾਂ ਨੇ ਆਪੋ ਆਪਣੇ ਹੱਥਾਂ ਵਿਚਲੇ ਸੰਦਾਂ ਦੇ ਵਾਰ ਉਦੋਂ ਤੱਕ ਜਾਰੀ ਰੱਖੇ ਜਦੋਂ ਤੱਕ ਰਾਹਤ ’ਚ ਲਹੂ ਲੁਹਾਣ ਹੋ ਕੇ ਡਿੱਗੇ ਕੁਲਦੀਪ ਦਾ ਉਨ੍ਹਾਂ ਨੂੰ ਮਰ ਜਾਣ ਦਾ ਵਿਸ਼ਵਾਸ ਨਾ ਹੋਇਆ। ਸ਼ਹਿਰ ਵਲੋਂ ਆ ਰਹੀ ਕਾਲਜ ਦੀ ਵੈਨ ਨੂੰ ਆਉਂਦੇ ਦੇਖ ਉਹ ਰਾਹ ਵਿਚ ਲਹੂ ਨਾਲ ਲੱਖ ਪੱਥ ਹੋਏ ਪਏ ਕੁਲਦੀਪ ਨੂੰ ਇਕੱਲਾ ਛੱਡ ਅਤੇ ਟਰੈਕਟਰ ਪਿੱਛੇ ਮੋੜ ਪਿੰਡ ਵੱਲ ਨੂੰ ਹੋ ਤੁਰੇ। ਕਾਲਜ ਵੈਨ ਲਹੂ ਨਾਲ ਲੱਥ ਪੱਥ ਹੋਏ ਕੁਲਦੀਪ ਕੋਲ ਆ ਕੇ ਰੁਕੀ। ਵੈਨ ਦਾ ਡਰਾਈਵਰ ਵੈਨ ਵਿਚੋਂ ਉਤਰਿਆ। ਉਹ ਦੁਖ ਭਰੇ ਅੰਦਾਜ਼ ਵਿਚ ਬੋਲਿਆ।
‘ਭਾਈ ਬੀਬਾ! ਏਹ ਤਾਂ ਬੀ.ਏ. ਫਾਈਨਲ ਦਾ ਮੁੰਡਾ ਕੁਲਦੀਪ ਐ।’
‘ਕੁਲ ਦੀਪ ਵੀਰੈ..’ ਵੈਨ ਵਿਚਲੀਆਂ ਕੁੜੀਆਂ ਵਿਚਲੀ ਪ੍ਰੀਤੀ ਚੀਕੀ। ਉਹ ਆਪੇ ਤੋਂ ਬਾਹਰ ਹੋਈ ਵੈਨ ਵਿਚੋਂ ਹੇਠਾਂ ਉਤਰੀ। ਉਸ ਦੇ ਨਾਲ ਕਈ ਹੋਰ ਕੁੜੀਆਂ ਵੀ ਹੇਠਾਂ ਉਤਰੀਆਂ। ਕੁਲਦੀਪ ਨੂੰ ਲਹੂ ਲੁਹਾਣ ਹੋਇਆ ਪਿਆ ਤੱਕ ਪ੍ਰੀਤੀ ਦੀਆਂ ਸਾਊ ਅੱਖਾਂ ਵਿਚੋਂ ਅੱਥਰੂ ਆਪ ਮੁਹਾਰੇ ਵਹਿ ਤੁਰੇ। ਉਹ ਆਪਣੀ ਗੁਲਾਬੀ ਚੁੰਨੀ ਦੇ ਲੜ ਨਾਲ ਕੁਲਦੀਪ ਦੇ ਮੱਥੇ ਵਿਚ ਵਗ ਰਹੇ ਲਹੂ ਨੂੰ ਪੂੰਝਦੀ ਹੋਈ ਬੋਲੀ,
‘ਵੀਰੇ! ਕੁਲਦੀਪ ਤੇਰੇ ਨਾਲ ਏਹ ਕਿੰਨ੍ਹਾਂ ਪਾਪੀਆਂ ਨੇ ਕਰਤਾ?’
‘ਸਿਸਟਰ ਪਾਣੀ..’ ਅੱਧ ਬੇਹੋਸ਼ੀ ਦੀ ਹਾਲਤ ਵਿਚ ਪਏ ਕੁਲਦੀਪ ਨੇ ਕਿਹਾ। ਪ੍ਰੀਤੀ ਦੇ ਕਹਿਣ ’ਤੇ ਡਰਾਈਵਰ ਵੈਨ ਵਿਚੋਂ ਆਪਣੀ ਪਾਣੀ ਵਾਲੀ ਬੋਤਲ ਲੈਣ ਗਿਆ। ਪ੍ਰੀਤੀ ਨੇ ਆਪਣੀ ਚੁੰਨੀ ਉਸ ਦੇ ਫੱਟੜ ਮੱਥੇ ਉਤੇ ਪੱਟੀ ਦੀ ਥਾਂ ਬੰਨ੍ਹੀ। ਉਹ ਡਰਾਈਵਰ ਦੀਆਂ ਮਿੰਨਤਾਂ ਕਰਨ ਲੱਗੀ ਕਿ ਕੁਲਦੀਪ ਨੂੰ ਵੈਨ ਵਿਚ ਪਾ ਕੇ ਹਸਪਤਾਲ ਵਿਚ ਛੱਡ ਆਵੇ ਪਰ ਡਰਾਈਵਰ ਕਤਲ ਕੇਸ ਵਿਚ ਉਲਝਣ ਦੇ ਡਰੋਂ ਟਾਲ ਮਟੋਰ ਕਰਦਾ ਰਿਹਾ। ਮਗਰ ਪਈ ਪ੍ਰੀਤੀ ਦੇ ਕਹਿਣ ’ਤੇ ਆਖਰ ਉਸ ਨੂੰ ਕਲੱਬ ਵਾਲਿਆਂ ਦੀ ਐਂਬੂਲੈਂਸ ਮੰਗਵਾਉਣ ਲਈ ਫੋਨ ਕਰਨਾ ਪਿਆ। ਐਂਬੂਲੈਂਸ ਆਉਣ ਤੱਕ ਪ੍ਰੀਤੀ ਦੂਸਰੀਆਂ ਕੁੜੀਆਂ ਅਤੇ ਡਰਾਈਵਰ ਨੂੰ ਰੁਕਣ ਲਈ ਮਨਾਉਣ ਵਿਚ ਕਾਮਯਾਬ ਹੋਈ। ਐਂਬੂਲੈਂਸੋ ਆਉਣ ਦੇ ਨਾਲ ਹੀ ਉਨ੍ਹਾਂ ਸਾਰਿਆਂ ਨੂੰ ਪਿੰਡ ਵਲੋਂ ਆਉਂਦਾ ਟਰੈਕਟਰ ਦਿੱਸਿਆ। ਟਰੈਕਟਰ ਲਈ ਆਉਂਦੇ ਆਪਣੇ ਡੈਡੀ ਨੂੰ ਦੇਖ ਕੇ ਪ੍ਰੀਤੀ ਕੁਲਦੀਪ ਕੋਲੋਂ ਉਠ ਕੇ ਖੜ੍ਹੀ ਹੋਈ। ਸਰਦਾਰ ਟਰੈਕਟਰ ਖੜ੍ਹਾ ਕੇ ਟਰੈਕਟਰ ਤੋਂ ਹੇਠਾਂ ਉਤਰਦਾ ਗੱਜਿਆ,
‘ਕੁੜੀਓ! ਤੁਸੀਂ ਏਸ ਕੁੱਤੇ ਕੋਲ ਖੜੀਆਂ ਕੀ ਕਰਦੀਓਂ?’
‘ਡੈਡੀ! ਇਹ ਕੁੱਤਾ ਨਹੀਂ ਮੇਰਾ ਕੀਪਾ ਵੀਰ ਹੈ।’
‘ਵੀਰ! ਸਰਦਾਰ ਅਸਮਾਨੀ ਬਿਜਲੀ ਵਾਂਗ ਕੱੜਕਿਆ।’
‘ਹਾਂ ਡੈਡੀ! ਵੀਰ!’
‘ਆਹ! ਵੀਰ ਐ ਤੇਰਾ, ਏਹ ਭੈਣ…’ ਪਹਿਲੀ ਸੁਰ ਵਿਚ ਦੁਬਾਰਾ ਕੱੜਕੇ ਸਰਦਾਰ ਨੇ ਆਪਣੀ ਜੇਬ ਵਿਚੋਂ ਕੱਢਿਆ ਕਾਗਜ਼ ਪ੍ਰੀਤੀ ਦੇ ਪੈਰਾਂ ਵਿਚ ਵਗਾਹ ਕੇ ਸਿੱਟਿਆ। ਪ੍ਰੀਤੀ ਕਾਹਲੀ ਕਾਹਲੀ ਕਾਗਜ਼ ਉਤਲੇ ਅੱਖਰਾਂ ਉਤੇ ਨਜ਼ਰ ਘੁਮਾਉਣ ਲੱਗੀ। ਦੂਸਰੀਆਂ ਕੁੜੀਆਂ ਅਤੇ ਡਰਾਈਵਰ ਕਾਗਜ਼ ਪੜ੍ਹਦੀ ਪ੍ਰੀਤੀ ਵੱਲ ਹੈਰਾਨੀ ਨਾਲ ਤੱਕ ਰਹੇ ਸਨ। ਉਹ ਕਾਗਜ਼ ਪੜ੍ਹਨ ਬਾਅਦ ਪੂਰੇ ਵਿਸ਼ਵਾਸ ਭਰੇ ਅੰਦਾਜ਼ ਵਿਚ ਬੋਲਣ ਲੱਗੀ,
‘ਡੈਡੀ! ਏਹ ਕਰਤੂਤ ਕੁਲਦੀਪ ਵੀਰੇ ਦੀ ਕਿਸੇ ਵੀ ਸੂਰਤ ਵਿਚ ਨਹੀਂ ਹੋ ਸਕਦੀ। ਕੁੜੀਆਂ ਦੀ ਇੱਜਤ ਦੀ ਰਾਖੀ ਕਰਨ ਵਾਲਾ ਕੁਲਦੀਪ ਵੀਰਾ ਏਹੋ ਜਾ ਕੁਝ ਕਿਸੇ ਨੂੰ ਨਹੀਂ ਲਿਖ ਸਕਦਾ।’
‘ਅੰਕਲ ਜੀ! ਬਾਈ ਕੁਲਦੀਪ ਉਤੇ ਤਾਂ ਸਾਡੇ ਕਾਲਜ ਦੀਆਂ ਕੁੜੀਆਂ ਨੂੰ ਰੱਬ ਵਰਗਾ ਵਿਸ਼ਵਾਸ ਐ।’ ਇਕ ਕੁੜੀ ਹੋਰ ਬੋਲੀ। ਉਸ ਕੁੜੀ ਦੇ ਬੋਲਣ ਦੇ ਨਾਲ ਹੀ ਦੂਸਰੀਆਂ ਕੁੜੀਆਂ ਵੀ ਕੁਲਦੀਪ ਦੇ ਉਚੇ ਸੁੱਚੇ ਚਾਲ ਚਲ੍ਹਣ ਬਾਰੇ ਆਪੋ ਆਪਣੇ ਢੰਗ ਨਾਲ ਬੋਲਣ ਲੱਗੀਆਂ। ਸਰਦਾਰ ਨੇ ਢੈਲੇ ਹੁੰਦੇ ਨੇ ਪੁੱਛਿਆ,
‘ਫੇਰ ਇਹ ਕਰਤੂਤ ਹੋਰ ਕਿਸ ਦੀ ਹੋਈ?’
‘ਡੈਡੀ! ਏਹ ਕਰਤੂਤ ਭਿੰਦਰ ਦੀ ਹੋ ਸਕਦੀ ਐ। ਉਹ ਸਾਡੀ ਕਲਾਸ ਦਾ ਸਟੂਡੈਂਟ ਹੈ। ਉਸ ਨੇ ਦੋ ਤਿੰਨ ਵਾਰੀ ਮੈਨੂੰ ਡਿਸਟਰਬ ਕਰਨ ਦੀ ਕੋਸ਼ਿਸ਼ ਵੀ ਕੀਤੀ ਸੀ। ਫੇਰ ਕੁਲਦੀਪ ਵੀਰੇ ਹੋਰਨਾਂ ਨੇ ਉਸ ਨੂੰ ਕੁਟਿਆ ਵੀ ਸੀ। ਲਿਖਾਈ ਵੀ ਉਸੇ ਕਮੀਨੇ ਦੀ ਲੱਗਦੀਐ।’’ ਪ੍ਰੀਤੀ ਦੀ ਇਹ ਗੱਲ ਸਰਦਾਰ ਦੀ ਅਕਲ ਦੇ ਖਾਨੇ ਵਿਚ ਪਈ। ਜਦ ਦੂਸਰੀਆਂ ਕੁੜੀਆਂ ਪ੍ਰੀਤੀ ਦੀ ਗੱਲ ਦੇ ਹੱਕ ਵਿਚ ਬੋਲਣ ਲੱਗੀਆਂ ਤਾਂ ਸਰਦਾਰ ਮਨ ਹੀ ਮਨ ਕੁਲਦੀਪ ੁਤੇ ਕਰਵਾਏ ਹਮਲੇ ਬਾਰੇ ਪਛਤਾਉਣ ਲੱਗਿਆ। ਸਰਦਾਰ ਨੇ ਪਾਣੀ ਪਾਣੀ ਕਰਦੇ ਕੁਲਦੀਪ ਨੂੰ ਪਾਣੀ ਪਿਆਇਆ। ਕੁਲਦੀਪ ਨੇ ਨੀਮੋ ਬੇਹੋਸ਼ੀ ਦੀ ਹਾਲਤ ਵਿਚ ਕਿਹਾ, ‘ਅੰਕਲ… ਅੰਕਲ…’ ਉਸ ਤੋਂ ਗੱਲ ਪੂਰੀ ਨਾ ਹੋਈ। ਉਹ ਪੂਰਾ ਬੇਹੋਸ਼ ਹੋ ਗਿਆ ਸੀ। ਸਰਦਾਰ ਆਪਣੇ ਆਪ ਬੋਲਣ ਲੱਗਿਆ ਸੀ, ‘ਗਲਤ ਫਹਿਮੀ ਵਿਚ ਕਪਲਾਂ ਗਾਂ ਹੀ ਵੱਢੀ ਗਈ..’ ਇੰਨੇਨੂੰ ਐਂਬੂਲੈਂਸ ਆਈ। ਪ੍ਰੀਤੀ, ਸਰਦਾਰ, ਡਰਾਈਵਰ ਤੇ ਇਕ ਦੋ ਹੋਰ ਕੁੜੀਆਂ ਨੇ ਕੁਲਦੀਪ ਨੂੰ ਐਂਬੂਲੈਂਸ ਵਿਚ ਪਾਉਣ ਵਿਚ ਕਲੱਬ ਵਾਲੇ ਮੁੰਡਿਆਂ ਦੀ ਮੱਦਦ ਕੀਤੀ। ਸਰਦਾਰ ਪ੍ਰੀਤੀ ਨੂੰ ਘਰ ਪਹੁੰਚਾਉਣ ਲਈ ਕਿਸੇ ਟਰੈਕਟਰ ਲੈ ਕੇ ਜਾਣ ਦਾ ਸੁਨੇਹਾ ਦੇ ਕੇ ਆਪ ਕੁਲਦੀਪ ਕੋਲ ਐਂਬੂਲੈਂਸ ਵਿਚ ਬੈਠਾ। ਐਂਬੂਲੈਂਸ ਸ਼ਹਿਰ ਵੱਲ ਪੂਰੀ ਰਫਤਾਰ ਨਾਲ ਦੌੜੀ। ਪ੍ਰੀਤੀ ਅਤੇ ਕਈ ਕੁੜੀਆਂ ਹੋਰ ਕੁਝ ਪਲ ਐਂਬੂਲੈਂਸ ਵੱਲੋਂ ਉਡਾਈ ਧੂੜ ਵੱਲ ਤੱਕਦੀਆਂ ਰਹੀਆਂ। ਫੇਰ ਉਹ ਕੁਲਦਪ ਦੀਆਂ ਖਿੰਡੀਆਂ ਕਿਤਾਬਾਂ ਇਕੱਠੀਆਂ ਕਰਨ ਲੱਗੀਆਂ।

WRITTEN BY