ਲਾਡੀ ਸੁਖਜਿੰਦਰ ਕੌਰ ਭੁੱਲਰ ਸੰਪਰਕ : 97811-91910
ਯਾਦਾਂ ਦੀ ਲੋਅ
ਗੀਤਕਾਰ : ਇਕਬਾਲ ਘਾਰੂ
ਪ੍ਰਕਾਸ਼ਕ : ਸ਼ਿੰਗਾਰਾ ਸਿੰਘ ਸ਼ਾਂਤ, ਨਵੀਨ ਪ੍ਰਕਾਸ਼ਨ
ਮੁੱਲ : 80, ਸਫੇ : 64
ਗੀਤਕਾਰ ਇਕਬਾਲ ਘਾਰੂ ਜੀ ਦੀਆਂ ਚੌਦਾਂ ਪੁਸਤਕਾਂ ਛੱਪ ਚੁੱਕੀਆਂ ਹਨ। ਇਹ ਪੰਦਰਵੀਂ ਪੁਸਤਕ ਯਾਦਾਂ ਦੀ ਲੋਅ ਗੀਤ ਸੰਗ੍ਰਹਿ ਹੈ। ਇਸ ਹੱਥਲੀ ਪੁਸਤਕ ਦਾ ਮੁਖ ਬੰਧ ਪ੍ਰਿ. ਨਵਰਾਹੀ ਘੁਗਿਆਣਵੀ ਜੀ ਹੁਣਾਂ ਨੇ ਲਿਖਿਆ ਹੈ। ਯਾਦਾਂ ਦੀ ਲੋਅ ਪੁਸਤਕ ਦੇ ਸਾਰੇ ਗੀਤ ਲੈਅ-ਬੋਧ ਹਨ ਅਤੇ ਸੁਰਤਾਲ ਦੀ ਕਸਵੱਟੀ ਉਪਰ ਪੂਰਾ ਉਤਰਦੇ ਹਨ। ਇਸ ਕਿਤਾਬ ਵਿਚ ਦਰਦ, ਫਿਰਾਕ, ਗਮ,ਪੀੜਾ, ਹਿਜ਼ਰ, ਵਸਲ, ਜੁਦਾਈ, ਤੜਪ, ਗਿਲੇ ਸ਼ਿਕਵੇ, ਦੁਆ, ਬੰਦਗੀ, ਬਿਰਹਾ ਆਦਿ ਸ਼ਾਮਲ ਹਨ। ਇਸ ਪੁਸਤਕ ਵਿਚਲੇ ਸਾਰੇ ਗੀਤ ਲੱਚਰਤਾ ਦੀ ਚੱਲ ਰਹੀ ਹਨੇਰੀ ਤੋਂ ਬਚੇ ਹੋਏ ਹਨ ਅਤੇ ਸਾਫ ਸੁਥਰੀ ਸ਼ਬਦਾਵਲੀ ਹੈ।
ਇਸ ਪੁਸਤਕ ਵਿਚ ਕੁਲ 40 ਗੀਤ ਹਨ ਅਤੇ ਕੁਝ ਗੀਤਾਂ ਦੀ ਝਲਕ ਦਾ ਅਨੰਦ ਮਾਣੋ
ਰੰਗਦੇ ਦੁੱਪਟੇ ਮੇਰਾ ਲਾਲ ਵੇ ! ਲਲਾਰੀਆਂ,
ਰੰਗਦੇ ਦੁੱਪਟਾ ਮੇਰਾ ਲਾਲ
ਪਾਉਣੀ ਜਾ ਕੇ ਗਿੱਧੇ ’ਚ ਧਮਾਲ ਵੇ! ਲਲਾਰੀਆਂ,
ਰੰਗਦੇ ਦੁੱਪਟਾ ਮੇਰਾ ਲਾਲ!
ਇਸ ਗੀਤ ਵਿਚ ਮੁਟਿਆਰ ਆਪਣਾ ਦੁੁੱਪਟਾ ਲਾਲ ਰੰਗ ਵਿਚ ਰੰਗਣ ਲਈ ਲਲਾਰੀ ਨੂੰ ਕਹਿੰਦੀ ਹੈ ਤੇ ਨਾਲੇ ਲਲਾਰੀ ਨੂੰ ਦੱਸਦੀ ਹੈ ਕਿ ਮੈਂ ਗਿੱਧੇ ਵਿਚ ਧਮਾਲ ਪਾਉਣੀ ਹੈ ਮੇਰੀਆਂ ਸਹੇਲੀਆਂ ਨੇ ਕਈ ਰੰਗਾਂ ਦੇ ਦੁਪਟੇ ਲੈ ਕੇ ਨੱਚਣਾ ਏ।
ਸੱਝਣਾ ਵੇ !ਜਾਵੀਂ ਨਾ ਤੂੰ ਸਾਰਾ ਦਿਲ ਤੋੜ ਕੇ।
ਗਮਾਂ ਦਿਆਂ ਸਮੁੰਦਰਾਂ ਵਿਚ ਜਾਵੀਂ ਨਾ ਤੂੰ ਰੋੜ ਕੇ
ਸੱਜਣਾਂ ਵੇ! ਜਾਵੀਂ ਨਾ ਤੂੰ..
ਪਿਆਰ-ਮੁਹਬਤ, ਜੁਦਾਈ ’ਤੇ ਭਾਵੇਂ ਅਨੇਕਾਂ ਗੀਤ ਲਿਖੇ ਜਾਂਦੇ ਹਨ। ਪਰ ਇਕਬਾਲਜੀ ਦੇ ਇਸ ਗੀਤ ਵਿਚ ਕਮਾਲ ਦੇ ਸ਼ਬਦ ਹਨ। ਇਸ ਗੀਤ ਵਿਚ ਮਾਹੀ ਦੇ ਦਿਲ ਤੋੜ ਕੇ, ਨਾ ਜਾਣ ਦਾ ਵਾਸਤਾ ਪਾਇਆ ਗਿਆ ਹੈ।
ਪ੍ਰੀਤਾਂ ਦਾ ਵਣਜਾਰਾ ਆਇਆ, ਪ੍ਰੀਤਾਂ ਦਾ ਵਣਜਾਰਾ ਨੀ।
‘ਪ੍ਰੀਤਾਂ ਦਾ ਵਣਜਾਰਾ’ ਗੀਤ ਵਿਚ ਬਹੁਤ ਹੀ ਖੂਬਸੂਰਤ ਸ਼ਬਦਾਂ ਦਾ ਇਸਤੇਮਾਲ ਕੀਤਾ ਗਿਆ ਹੈ। ਅੱਜਕੱਲ੍ਹ ਗੀਤਕਾਰ ਆਪਣੇ ਗੀਤਾਂ ਵਿਚ ਇਸ ਤਰ੍ਹਾਂ ਦੇ ਸ਼ਬਦਾਂ ਦਾ ਪ੍ਰਯੋਗ ਕਰਨਾ ਭੁੱਲ ਗਏ ਹਨ।
ਮਾਏ! ਨੀ ਮਾਏ! ਮੈਨੂੰ ਇਹੋ ਜੇਹੇ ਘਰ ਤੋਰੀਂ,
ਜਿੱਥੇ ਮੇਰੀ ਕਦਰ ਪਵੇ।
ਦੰਮਾਂ ਦਿਆਂ ਲੋਭੀਆਂ ਦੇ ਵੱਲ ਨਾ ਤੂੰ ਪਾਈ ਮੈਨੂੰ,
ਜਿਥੇ ਦਮ ਘੁੱਟਦਾ ਰਵੇ।
ਮਾਏ! ਨੀ ਮਾਏ…
ਇਸ ਪੁਸਤਕ ਅੰਦਰਲੇ ਸਾਰੇ ਗੀਤ ਇਕ ਤੋ ਵੱਧ ਇਕ ਵਧੀਆ ਲਿਖੇ ਹਨ ਪਰ ਮੇਰਾ ਮਨਪਸੰਦ ਗੀਤ ਮਾਏ ਨੀ ਮਾਏ ਹੈ। ਇਸ ਗੀਤ ਵਿਚ ਧੀ ਆਪਣੀ ਮਾਂ ਨੂੰ ਕਹਿੰਦੀ ਹੈ ਕਿ ਮਾਂ ਮੈਨੂੰ ਉਸ ਘਰ ਵਿਚ ਵਿਆਹੀ ਜਿਥੇ ਵਧੀਆ ਸੋਚ, ਪਿਆਰ ਅਤੇ ਇਨਸਾਨ ਵਸਦੇ ਹੋਣ ਅਤੇ ਨਾਲੇ ਉਹ ਆਪਣੇ ਅੰਦਰਲਾ ਡਰ ਮਾਂ ਨੂੰ ਦੱਸਦੀ ਹੈ ਕਿ ਮਾਂ ਤੂੰ ਬਿਨ ਜਾਣੇ ਹੀ ਕਿਤੇ ਮੈਨੂੰ ਦਾਜ ਦੇ ਲਾਲਚੀਆਂ ਦੇ ਵਸ ਨਾ ਪਾ ਦੇਈ, ਜੋ ਮੈਨੂੰ ਦਿਨ ਰਾਤ ਤੰਗ ਕਰਨ ਭਾਵ ਮਾਰਨ ਕੁੱਟਣ ਤੇ ਆਖਿਰ ਮੈਨੂੰ ਦਾਜ ਦੀ ਬਲੀ ਚੜਾ ਦੇਣ।
ਇਕਬਾਲ ਘਾਰੂ ਬਹੁਪੱਖੀ ਕਮਲਕਾਰ ਹੈ। ਉਨ੍ਹਾਂ ਨੇ ਅਨੇਕਾਂ ਗਜ਼ਲਾਂ, ਨਜ਼ਮਾਂ, ਕਵਿਤਾਵਾਂ, ਨਾਟਕ, ਇਕਾਂਗੀ, ਗੀਤ ਆਦਿ ਲਿਖਣ ਵਿਚ ਵੀ ਆਪਣਾ ਹੱਥ ਅਜ਼ਮਾਇਆ ਹੈ। ਯਾਦਾਂ ਦੀ ਲੋਅ ਵਿਚਲੇ ਸਾਰੇ ਗੀਤ ਦਿਲ ਦੀ ਗਹਿਰਾਈ ਵਿਚ ਉਤਰਦੇ ਹਨ। ਉਨ੍ਹਾਂ ਨੇ ਗੀਤਾਂ ਵਿਚ ਸੱਭਿਆਚਾਰ ਦੇ ਪੁਰਾਣੇ ਸ਼ਬਦਾਂ ਦੀ ਵਰਤੋਂ ਕੀਤੀ ਗਈ ਹੈ। ਗੀਤਕਾਰ ਦੇ ਮੁਤਾਬਿਕ ਇਸ ਪੁਸਤਕ ਵਿਚਲੇ ਗੀਤ ਬਿਰਹਾ ਦੀ ਅੱਗ ਦਾ ਸੇਕ ਦਿੰਦੇ ਹਨ ਜੋ ਕਦੇ ਉਨ੍ਹਾਂ ਨੇ ਆਪਣੇ ਜਿਸਮ ’ਤੇ ਹੰਢਾਇਆ ਹੈ।
ਸਾਰੇ ਗੀਤ ਸਰਲ ਭਾਸ਼ਾ ਵਿਚ ਲਿਖੇ ਗਏ ਹਨ । ਇਹ ਪੁਸਤਕ ਪੜ੍ਹਣਯੋਗ ਹੈ। ਯਾਦਾਂ ਦੀ ਲੋਅ ਪੁਸਤਕ ਦਾ ਸਾਹਿਤ ਦੇ ਖੇਤਰ ਵਿਚ ਸੁਆਗਤ ਹੈ। ਵਾਹਿਗੁਰੂ ਜੀ ਦੀ ਮਹਿਰ ਇਕਬਾਲ ਘਾਰੂ ਜੀ ਹੁਣਾਂ ’ਤੇ ਸਦਾ ਬਣੀ ਰਹੇੱਤੇ ਉਹ ਇਸੇ ਤਰ੍ਹਾਂ ਹੀ ਸਾਹਿਤ ਦੀ ਸੇਵਾ ਕਰਦੇ ਰਹਿਣ, ਉਨ੍ਹਾਂ ਨੂੰ ਅਤੇ ਉਨ੍ਹਾਂ ਦੀ ਕਲਮ ਨੂੰ ਸਲਾਮ।


