ਲੁਧਿਆਣਾ, 23 ਅਗਸਤ (ਹਰਪਿੰਦਰ ਸਿੰਘ)- ਪੰਜਾਬ ਦੇ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਹਾਲ ਹੀ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੰਚ ਸਾਂਝਾ ਕਰ ਰਹੇ ਗੈਰ ਭਾਜਪਾਈ ਮੁੱਖ ਮੰਤਰੀਆਂ ਦੀ ਹੋਈ ਹੂਟਿੰਗ ਨੂੰ ਅਨੈਤਿਕ ਅਤੇ ਗੈਰ ਜਮਹੂਰੀ ਦੱਸਿਆ। ਉਨ੍ਹਾਂ ਨੇ ਸਮਰਥਕਾਂ ਨੂੰ ਅਪੀਲ ਕੀਤੀ ਹੈ ਕਿ ਜਨਤਕ ਸਮਾਗਮਾਂ ਦੌਰਾਨ ਮਰਿਆਦਾ ਨੂੰ ਬਰਕਰਾਰ ਰੱਖਿਆ ਜਾਵੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਇਕ ਸਮਾਗਮ ਦੌਰਾਨ ਹਰਿਆਣਾ ਦੇ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਵਲੋਂ ਮੰਚ ਸਾਂਝਾ ਕਰਨ ਦੌਰਾਨ ਮੁੱਖ ਮੰਤਰੀ ਦੀ ਹੋਈ ਹੂਟਿੰਗ ਦੀ ਘਟਨਾ ਦੇ ਸਬੰਧ ‘ਚ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਉਨ੍ਹਾਂ ਨੂੰ ਨਹੀਂ ਪਤਾ ਕਿ ਇਹ ਘਟਨਾਵਾਂ ਯੋਜਨਾਬੱਧ ਸਨ ਜਾਂ ਸੁਭਾਵਿਕ ਰੂਪ ‘ਚ ਵਾਪਰੀਆਂ ਹਨ। ਆਰ. ਐਸ. ਐਸ. ਦੇ ਪ੍ਰਮੁੱਖ
ਮੋਹਨ ਭਾਗਵਤ ਵਲੋਂ ਹਿੰਦੂਤਵ ‘ਤੇ ਦਿੱਤੇ ਜਾ ਰਹੇ ਬਿਆਨਾ ‘ਤੇ ਪੰਜਾਬ ਦੇ ਮੁੱਖ ਮੰਤਰੀ ਨੇ ਕਿਹਾ ਕਿ ਭਾਰਤ ਇਕ ਧਰਮ ਨਿਰਪੱਖ ਦੇਸ਼ ਹੈ, ਇੱਥੇ ਕਈ ਧਰਮਾਂ ਤੇ ਵੱਖ ਵੱਖ ਜਾਤਾਂ ਦੇ ਲੋਕ ਵੱਸਦੇ ਹਨ , ਇਸ ਲਈ ਸਾਰਿਆਂ ਧਰਮਾਂ ਦੀਆਂ ਭਾਵਨਾਵਾਂ ਦੀ ਇੱਜ਼ਤ ਕਰਨੀ ਚਾਹੀਦੀ ਹੈ ਅਤੇ ਵੱਖ ਵੱਖ ਧਰਮਾਂ ਤੇ ਮੱਤਾਂ ਦੀਆਂ ਭਾਵਨਾਵਾਂ ਨੂੰ ਭੜਕਾਉਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ।



